Tuesday, 27 October 2015

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਵਿਧਾਨ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਦੂਜੀ ਕਾਨਫ਼ਰੰਸ ਮੌਕੇ 18-19-20 ਸਤੰਬਰ 2008 ਨੂੰ ਜੰਡਿਆਲਾ ਮੰਜਕੀ ਵਿਖੇ ਪਾਸ ਕੀਤਾ ਗਿਆ ਵਿਧਾਨ 

1. ਨਾਂਅ : ਜਥੇਬੰਦੀ ਦਾ ਨਾਂਅ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (Shaheed Bhagat Singh Youth Federation) ਹੋਵੇਗਾ।
(ਇਸ ਦਸਤਾਵੇਜ਼ ਵਿਚ ਅੱਗੇ ਜਿਥੇ ਵੀ ਸ਼ਬਦ 'ਸਭਾ' ਲਿਖਿਆ ਗਿਆ ਹੈ ਉਸ ਦਾ ਭਾਵ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਮਝਿਆ ਜਾਵੇ।)
2. ਝੰਡਾ : ਜਥੇਬੰਦੀ ਦੇ ਝੰਡੇ ਦੀ ਲੰਬਾਈ ਅਤੇ ਚੌੜਾਈ ਵਿਚ ਅਨੁਪਾਤ 3 : 2 ਦਾ ਹੋਵੇਗਾ। ਝੰਡਾ ਸਫੈਦ ਰੰਗ ਦਾ ਹੋਵੇਗਾ, ਜਿਸਦੇ ਵਿਚਕਾਰ ਸ਼ਹੀਦ ਭਗਤ ਸਿੰਘ ਦੀઠ ਫੋਟੋ ਹੋਵੇਗੀ ਅਤੇ ਉੱਪਰ ਖੱਬੇ ਪਾਸੇ 5 ਕੋਨਾ ਲਾਲ ਤਾਰਾ ਹੋਵੇਗਾ। ਇਸ ਨੂੰ ਸਭਾ ਦੇ ਸਮਾਗਮਾਂ ਦੌਰਾਨ ਲਹਿਰਾਇਆ ਜਾਵੇਗਾ।
3. ਜਥੇਬੰਦੀ ਦੇ ਉਦੇਸ਼ :
(i) ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਅਤੇ ਉਸਦੇ ਅਕੀਦਿਆਂ ਵਾਲਾ ਸਮਾਜਵਾਦੀ ਭਾਰਤ ਸਿਰਜਣ ਲਈ ਸੰਘਰਸ਼ਸ਼ੀਲ ਲੋਕਾਂ ਨਾਲ ਇਕਜੁੱਟਤਾ ਬਨਾਉਣੀ ਤੇ ਉਹਨਾਂ ਵਾਸਤੇ ਵੱਧ ਤੋਂ ਵੱਧ ਸਹਿਯੋਗ ਜੁਟਾਉਣਾ।
(ii) ਸਮੁੱਚੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਉਹਨਾਂ ਦੇ ਸਰਵਪੱਖੀ ਸ਼ਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਰਾਹੀਂ ਸਮਾਜ ਦੇ ਜ਼ੁੱਮੇਵਾਰ ਤੇ ਅਨੁਸ਼ਾਸਨਬੱਧ ਸ਼ਹਿਰੀਆਂ ਵਜੋਂ ਵਿਕਸਤ ਕਰਨ ਲਈ ਸੰਗਠਿਤ ਤੇ ਯੋਜਨਾਬੱਧ ਉਪਰਾਲੇ ਕਰਨੇ।
(iii) ਨੌਜਵਾਨਾਂ ਨੂੰ ਦਰਪੇਸ਼ ਵਿਆਪਕ ਸਮਾਜਕ-ਆਰਥਕ ਸਮੱਸਿਆਵਾਂ ਜਿਵੇਂ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਕਮੀ, ਬੇਕਾਰੀ ਅਤੇ ਭਰਿਸ਼ਟਾਚਾਰ ਆਦਿ ਵਿਰੁੱਧ ਪਹਿਲ ਕਦਮੀ ਕਰਕੇ ਜਨਤਕ ਸੰਘਰਸ਼ ਲਾਮਬੰਦ ਕਰਨੇ।
(iv) ਨੌਜਵਾਨਾਂ ਨੂੰ ਪਿਛਾਖੜੀ, ਅੰਧਵਿਸ਼ਾਵਾਸੀ ਤੇ ਹਨੇਰ ਵਿਰਤੀਵਾਦੀ ਵਿਚਾਰਧਾਰਾ ਤੋਂ ਮੁਕਤ ਕਰਾਉਣ ਅਤੇ ਉਹਨਾਂ ਅੰਦਰ ਤਰਕਸ਼ੀਲਤਾ 'ਤੇ ਆਧਾਰਤ ਅਗਾਂਹਵਧੂ ਵਿਗਿਆਨਕ ਦਰਿਸ਼ਟੀਕੋਨ ਪੈਦਾ ਕਰਨ ਅਤੇ ਮਜ਼ਬੂਤ ਕਰਨ ਲਈ ਉਪਰਾਲੇ ਕਰਨਾ।
(v) ਨੌਜਵਾਨਾਂ ਨੂੰ ਸਾਮਰਾਜਵਾਦੀ ਧੌਂਸ ਤੇ ਚੌਧਰਵਾਦ ਅਤੇ ਪੂੰਜੀਵਾਦੀ ਤੇ ਜਗੀਰੂ ਲੁੱਟ-ਚੋਂਘ ਵਿਰੁੱਧ ਜਾਗਰੂਕ ਕਰਨਾ ਅਤੇ ਇਹਨਾਂ ਵਿਰੁੱਧ ਜਮਹੂਰੀ ਸ਼ਕਤੀਆਂ ਵਲੋਂ ਚਲਾਏ ਜਾ ਰਹੇ ਸੰਘਰਸ਼ਾਂ ਵਿਚ ਹਿੱਸੇਦਾਰ ਬਨਾਉਣਾ।
(vi) ਨੌਜਵਾਨਾਂ ਨੂੰ ਪਿਛਾਖੜੀ ਫਿਰਕਾਪ੍ਰਸਤ, ਰੂੜ੍ਹੀਵਾਦੀ, ਅੰਧ-ਰਾਸ਼ਟਰਵਾਦੀ ਤੇ ਵੰਡਵਾਦੀ ਲਹਿਰਾਂ ਵਿਰੁੱਧ ਸੁਚੇਤ ਕਰਨਾ ਅਤੇ ਇਹਨਾਂ ਵਿਰੁੱਧ ਵਿਚਾਰਧਾਰਕ ਸੰਘਰਸ਼ਾਂ ਦੇ ਮੈਦਾਨ ਵਿਚ ਉਤਾਰਨਾ।
(vii) ਇਕ ਵਿਗਿਆਨਕ ਤੇ ਲੋਕਰਾਜੀ ਵਿਦਿਅਕ ਢਾਂਚੇ ਦੀ ਸਥਾਪਤੀ ਵਾਸਤੇ ਸੰਘਰਸ਼ ਕਰਨਾ ਤਾਂ ਜੋ ਮਿਆਰੀ ਤੇ ਉੱਚੀ ਪੱਧਰ ਤੱਕ ਦੀ ਵਿਦਿਆ ਸਾਰੇ ਨੌਜਵਾਨ ਲੜਕੇ/ਲੜਕੀਆਂ ਦੀ ਪਹੁੰਚ ਵਿਚ ਰਹੇ।
(viii) ਨਿਘਾਰਗਰਸਤ ਪੂੰਜੀਵਾਦ ਵਲੋਂ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ ਦੇ ਵੰਡਣ ਦੇ ਰੂਪ ਵਿਚ ਕੀਤੇ ਗਏ ਖਤਰਨਾਕ ਹਮਲੇ ਤੋਂ ਨੌਜਵਾਨਾਂ ਨੂੰ ਜਾਗਰੂਕ ਕਰਨਾ, ਇਸ ਹਮਲੇ ਨੂੰ ਚੇਤੰਨ ਤੌਰ 'ਤੇ ਰੋਕਣ ਲਈ ਸੰਗਠਿਤ ਯਤਨ ਕਰਕੇ ਅਤੇ ਖੇਡ ਮੇਲਿਆਂ, ਸਭਿਆਚਾਰਕ ਮੇਲਿਆਂ, ਲਾਇਬਰੇਰੀਆਂ ਆਦਿ ਰਾਹੀਂ ਨੌਜਵਾਨ ਲੜਕੇ/ਲੜਕੀਆਂ ਨੂੰ ਸ਼ਰੀਰਕ ਸਡੌਲਤਾ ਤੇ ਬੌਧਿਕ ਰਚਨਾਤਮਿਕਤਾ ਵਿਕਸਤ ਕਰਨ ਲਈ ਉਤਸ਼ਾਹਤ ਕਰਨਾ।
(ix) ਦੁਰਘਟਨਾਵਾਂ ਤੇ ਕੁਦਰਤੀ ਕਰੋਪੀਆਂ ਸਮੇਂ ਪੀੜਤ ਲੋਕਾਂ ਦੀ ਸਹਾਇਤਾ ਤੇ ਸਾਂਭ ਸੰਭਾਲ ਲਈ ਠੋਸ ਪਹਿਲਕਦਮੀਆਂ ਜਥੇਬੰਦ ਕਰਨਾ।
(x) ਪਿਛਾਖੜੀ ਰਸਮ-ਰਿਵਾਜਾਂ, ਛੂਆਛੂਤ, ਦਹੇਜ਼ ਪ੍ਰਥਾ, ਅੰਤਰ-ਜਾਤੀ ਵਿਆਹਾਂ ਪ੍ਰਤੀ ਤਰਿਸਕਾਰਪੂਰਨ ਭਾਵਨਾ, ਵਹਿਮਪ੍ਰਸਤੀ ਅਤੇ ਭਰੂਣ ਹੱਤਿਆ ਵਰਗੇ ਕੁਕਰਮਾਂ ਵਿਰੁੱਧ ਜਾਗਰਿਤੀ ਲਹਿਰਾਂ ਜਥੇਬੰਦ ਕਰਨਾ ਅਤੇ ਸੰਘਰਸ਼ ਕਰਨਾ।
(xi) ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਚਿੰਬੜੇ ਹੋਏ ਜਾਤ-ਪਾਤ ਦੇ ਕੋਹੜ, ਜਿਹੜਾ ਕਿ ਮਨੁੱਖਾਂ ਵਿਚਕਾਰ ਅਨੇਕਾਂ ਤਰ੍ਹਾਂ ਦੀਆਂ ਅਣਮਨੁੱਖੀ ਵੰਡੀਆਂ ਤੇ ਵਿਤਕਰਿਆਂ ਨੂੰ ਜਨਮ ਦਿੰਦਾ ਹੈ ਅਤੇ ਜਿਹੜਾ ਕਿਰਤੀ ਲੋਕਾਂ ਦੀ ਸਮਾਜਕ ਇਕਜੁਟਤਾ ਵਿਚ ਬੁਰੀ ਤਰ੍ਹਾਂ ਰੁਕਾਵਟ ਬਣਿਆ ਹੋਇਆ ਹੈ, ਵਿਰੁੱਧ ਸ਼ਕਤੀਸ਼ਾਲੀ ਤੇ ਬੱਝਵੇਂ ਸੰਘਰਸ਼ ਲਾਮਬੰਦ ਕਰਨਾ। ਔਰਤਾਂ ਤੇ ਲੜਕੀਆਂ ਉੱਪਰ ਵੱਧ ਰਹੇ ਜਿਣਸੀ ਹਮਲਿਆਂ ਤੇ ਸਮਾਜਕ ਜਬਰ ਵਿਰੁੱਧ ਚੇਤਨ ਰੂਪ ਵਿਚ ਸੰਘਰਸ਼ ਕਰਨਾ।
(xii) ਸਾਮਰਾਜਵਾਦੀ ਆਚਾਰ-ਵਿਵਹਾਰ ਦੇ ਅਸਰ ਹੇਠ ਦਿਨੋਂ ਦਿਨ ਵੱਧ ਰਹੇ ਲਚਰ-ਸਭਿਆਚਾਰ, ਨੰਗੇਜ਼ਵਾਦ, ਗੁੰਡਾਗਰਦੀ ਤੇ ਮਾਰਧਾੜ ਦੇ ਪ੍ਰਸਾਰ-ਪ੍ਰਚਾਰ ਵਿਰੁੱਧ ਸੰਘਰਸ਼ ਕਰਨਾ ਅਤੇ ਇਸ ਦੇ ਟਾਕਰੇ ਲਈ ਨਰੋਆ, ਲੋਕ ਜਮਹੂਰੀ ਤੇ ਸਿਹਤਮੰਦ ਸਭਿਆਚਾਰ ਉਭਾਰਨ ਤੇ ਸਥਾਪਤ ਕਰਨ ਲਈ ਯੋਜਨਾਬੱਧ ਉਪਰਾਲੇ ਕਰਨੇ।
(xiii) ਪ੍ਰਸ਼ਾਸਨਿਕ ਤੇ ਪੁਲਸੀ ਜਬਰ ਵਿਰੁੱਧ ਅਤੇ ਰਿਸ਼ਵਤਖੋਰੀ ਅਦਿ ਵਿਰੁੱਧ ਸੰਘਰਸ਼ ਕਰਨੇ ਅਤੇ ਜਮਹੂਰੀ ਲਹਿਰ ਨਾਲ ਮਿਲਕੇ ਸਾਂਝੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨਾ।
(xiv) ਹੋਰ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਨਾਲ ਭਰਾਤਰੀ ਸਹਿਯੋਗ ਵਿਕਸਤ ਕਰਨਾ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਨਿਰੰਤਰ ਵੱਧ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਨਾਲ ਮਿਲਕੇ ਸਾਂਝੇ ਸੰਘਰਸ਼ ਲਾਮਬੰਦ ਕਰਨੇ।
(xv) ਦੇਸ਼ ਅੰਦਰ ਵੱਧ ਰਹੇ ਏਕਾਅਧਿਕਾਰਵਾਦ ਤੇ ਫਿਰਕਾਪ੍ਰਸਤੀ ਵਿਰੁੱਧ, ਜਮਹੂਰੀ ਸੰਸਥਾਵਾਂ ਨਾਲ ਲਗਾਤਾਰ ਵੱਧ ਰਹੇ ਖਿਲਵਾੜ ਵਿਰੁੱਧ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਸੰਘਰਸ਼ ਕਰਨਾ।
(xvi) ਜਥੇਬੰਦੀ ਦੇ ਉਦੇਸ਼ਾਂ ਤੇ ਫੈਸਲਿਆਂ ਦੇ ਪ੍ਰਚਾਰ-ਪ੍ਰਸਾਰ ਲਈ ਕਿਤਾਬਚੇ ਛਾਪਣਾ ਅਤੇ ਵਰਕਸ਼ਾਪਾਂ, ਸੈਮੀਨਾਰਾਂ ਤੇ ਗੋਸ਼ਟੀਆਂ ਆਦਿ ਦਾ ਆਯੋਜਨ ਕਰਨਾ।
4. ਮੈਂਬਰਸ਼ਿਪ : 14 ਤੋਂ 40 ਸਾਲ ਦੇ ਵਿਚਕਾਰ ਦੀ ਉਮਰ ਦਾ ਕੋਈ ਵੀ ਨੌਜਵਾਨ (ਲੜਕਾ ਜਾਂ ਲੜਕੀ) ਬਿਨਾਂ ਕਿਸੇ ਧਰਮ, ਜਾਤ ਜਾਂ ਨਸਲ ਦੇ ਵਿਤਕਰੇ ਦੇ, ਜੇਕਰ ਸਭਾ ਦੇ ਐਲਾਨਨਾਮੇਂ ਅਤੇ ਸੰਵਿਧਾਨ ਨੂੰ ਪ੍ਰਵਾਨ ਕਰਦਾ ਹੈ ਅਤੇ ਨਿਯਮਤ ਰੂਪ ਵਿਚ ਇਸਦੀ ਸਾਲਾਨਾ ਮੈਂਬਰਸ਼ਿਪ ਫੀਸ ਦਿੰਦਾ ਹੈ ਤਾਂ ਉਹ ਸਭਾ ਦਾ ਮੈਂਬਰ ਬਣ ਸਕਦਾ ਹੈ।
(i) ਸਲਾਨਾ ਮੈਂਬਰਸ਼ਿਪ ਫੀਸ 5 ਰੁਪਏ ਹੋਵੇਗੀ। ਇਸ ਵਿਚੋਂ ਇੱਕ ਰੁਪਇਆ ਤਹਿਸੀਲ ਕਮੇਟੀ ਅਤੇ ਇੱਕ ਰੁਪਇਆ ਜਿਲ੍ਹਾ ਕਮੇਟੀ ਆਪਣੇ ਪਾਸ ਰੱਖੇਗੀ ਅਤੇ ਬਾਕੀ ਫੀਸ ਉਪਰਲੀ ਕਮੇਟੀ ਪਾਸ ਜਮ੍ਹਾਂ ਹੋਵੇਗੀ।
(ii) ਮੈਂਬਰਸ਼ਿਪ ਕੈਲੰਡਰ ਸਾਲ ਅਨੁਸਾਰ ਹੋਵੇਗੀ।
(iii) ਸਭਾ ਦੇ ਹਰ ਮੈਂਬਰ ਨੂੰ ਕਿਸੇ ਵੀ ਹੋਰ ਅਜੇਹੀ ਜਥੇਬੰਦੀ ਜਾਂ ਮੰਚ ਦਾ ਮੈਂਬਰ ਬਨਣ ਦੀ ਖੁੱਲ ਹੋਵੇਗੀ, ਜਿਸਦੇ ਉਦੇਸ਼ ਆਮ ਜਮਹੂਰੀ ਲਹਿਰ ਅਤੇ ਸਭਾ ਤੇ ਉਦੇਸ਼ਾਂ ਅਤੇ ਫੈਸਲਿਆਂ ਨਾਲ ਟਕਰਾਉਂਦੇ ਨਾ ਹੋਣ। ਸਭਾ ਦੀ ਉਪਰਲੀ ਕਮੇਟੀ ਕਿਸੇ ਅਜਿਹੀ ਸੰਸਥਾਂ ਜਾਂ ਮੰਚ ਨੂੰ ਇਲਹਾਕਬੱਧ ਵੀ ਕਰ ਸਕਦੀ ਹੈ, ਜਿਸ ਦੇ ਉਦੇਸ਼ ਸਭਾ ਨਾਲ ਟਕਰਾਉਂਦੇ ਨਾ ਹੋਣ ਅਤੇ ਉਪਰਲੀ ਕਮੇਟੀ ਇਸ ਨੂੰ ਹਟਾ ਵੀ ਸਕਦੀ ਹੈ।
5. ਮੈਂਬਰਾਂ ਦੇ ਅਧਿਕਾਰ
(i) ਹਰ ਇਕ ਮੈਂਬਰ ਨੂੰ ਬਿਨ੍ਹਾਂ ਕਿਸੇ ਦਬਾਅ ਜਾਂ ਸ਼ਰਤ ਦੇ, ਜਥੇਬੰਦਕ ਚੋਣਾਂ ਵਿਚ ਨੁਮਾਇੰਦੇ ਚੁਣਨ ਜਾਂ ਆਮ ਚੁਣੇ ਜਾਣ ਦਾ ਅਧਿਕਾਰ ਹੋਵੇਗਾ।
(ii) ਹਰ ਇਕ ਮੈਂਬਰ ਨੂੰ ਆਪਣੇ ਅਹੁਦੇ ਜਾਂ ਜਥੇਬੰਦੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਅਧਿਕਾਰ ਹੋਵੇਗਾ।
(iii) ਹਰ ਇਕ ਮੈਂਬਰ ਨੂੰ ਸਬੰਧਤ ਇਕਾਈ ਦੀ ਲੀਡਰਸ਼ਿਪ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇਗਾ। ਉਸਨੂੰ ਉਪਰਲੀਆਂ ਕਮੇਟੀਆਂ ਦੇ ਮਾਧਿਅਮ ਰਾਹੀਂ ਜਾਂ ਸਿੱਧੇ ਹੀ ਉਪਰਲੀ ਲੀਡਰਸ਼ਿਪ ਤੱਕ ਆਪਣੀ ਗੱਲ ਪਹੁੰਚਾਉਣ ਦਾ, ਆਪਣੇ ਸੁਝਾਅ ਦੇਣ ਜਾਂ ਮੱਤਭੇਦ ਰੱਖਣ ਦਾ ਅਧਿਕਾਰ ਹੋਵੇਗਾ।
6. ਮੈਂਬਰਾਂ ਦੇ ਫਰਜ਼ ਤੇ ਜਿੰਮੇਵਾਰੀਆਂ
(i) ਜਥੇਬੰਦੀ ਦੇ ਐਲਾਨਨਾਮੇ ਅਨੁਸਾਰ, ਜਥੇਬੰਦੀ ਦੇ ਉਦੇਸ਼ਾਂ ਅਤੇ ਟੀਚਿਆਂ ਦੀ ਪੂਰਤੀ ਲਈ ਕੰਮ ਕਰਨਾ, ਇਹਨਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨਾ, ਇਸਦੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਣਾ ਅਤੇ ਇਸਦੇ ਪ੍ਰੋਗਰਾਮਾਂ ਅਤੇ ਸੰਘਰਸ਼ਾਂ ਵਿਚ ਹਿੱਸਾ ਲੈਣਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(ii) ਕੇਂਦਰੀ ਸੰਮੇਲਨ ਜਾਂ ਉਸ ਤੋਂ ਹੇਠਲੇ ਪੱਧਰ ਦੇ ਸੰਮੇਲਨ ਅਤੇ ਉਪਰਲੇ ਦਰਜ਼ੇ ਦੀਆਂ ਕਮੇਟੀਆਂ ਦੇ ਫੈਸਲਿਆਂ ਨੂੰ ਲਾਗੂ ਕਰਨਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(iii) ਸੰਬੰਧਤ ਇਕਾਈ ਜਾਂ ਕਮੇਟੀ ਦੇ ਬਹੁਮਤ ਦੁਆਰਾ ਪਾਸ ਕੀਤੇ ਫੈਸਲੇ ਨੂੰ ਲਾਗੂ ਕਰਨਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(iv) ਹਰ ਇਕ ਮੈਂਬਰ ਦਾ ਇਹ ਫਰਜ਼ ਹੋਵੇਗਾ ਕਿ ਉਹ ਜਥੇਬੰਦੀਆਂ ਦੀਆਂ ਪ੍ਰਕਾਸ਼ਨਾਵਾਂ ਨੂੰ ਪੜ੍ਹੇ ਅਤੇ ਉਹਨਾਂ ਨੂੰ ਵੰਡੇ, ਪ੍ਰਚਾਰੇ ਅਤੇ ਹਰਮਨ ਪਿਆਰਾ ਬਣਾਵੇ।
(v) ਹਰ ਇਕ ਮੈਂਬਰ ਦਾ ਇਹ ਫਰਜ਼ ਹੋਵੇਗਾ ਕਿ ਉਹ ਇਕ ਸੱਚੇ ਸਦਾਚਾਰੀ ਦੀ ਤਰ੍ਹਾਂ ਸਾਦਾ, ਸਖਤ ਮਿਹਨਤੀ, ਅਨੁਸ਼ਾਸ਼ਤ ਅਤੇ ਉੱਚ ਨੈਤਿਕ ਆਦਰਸ਼ਾਂ ਵਾਲਾ ਜੀਵਨ ਬਿਤਾਏ, ਜਨਤਾ ਦੀ ਸੇਵਾ ਕਰੇ ਅਤੇ ਅਜਿਹਾ ਕੋਈ ਕੰਮ ਨਾ ਕਰੇ ਜੋ ਜਥੇਬੰਦੀ ਦੇ ਹਿੱਤਾਂ ਅਤੇ ਅਸੂਲਾਂ ਦੇ ਉਲਟ ਹੋਵੇ।
7. ਜਥੇਬੰਦਕ ਢਾਂਚਾ :
(i) ਕੇਂਦਰੀ ਸੰਮੇਲਨ
(ii) ਕੇਂਦਰੀ ਕਾਰਜ ਕਾਰਨੀ ਕਮੇਟੀ
(iii) ਕੇਂਦਰੀ ਸਕੱਤਰੇਤ
(iv) ਨਿਸ਼ਚਤ ਏਰੀਏ ਦੇ ਆਧਾਰ 'ਤੇ ਜਥੇਬੰਦ ਕੀਤੀਆਂ ਇਕਾਈਆਂ ਅਤੇ ਉਹਨਾਂ ਦੀਆਂ ਕਮੇਟੀਆਂ
(v) ਮੁੱਢਲੀ ਇਕਾਈ
8. ਜਥੇਬੰਦਕ ਨਿਯਮ : ਸਭਾ ਜਮਹੂਰੀ ਕਾਰਜ ਪ੍ਰਣਾਲੀ ਦੇ ਸਥਾਪਤ ਨਿਯਮ ਅਨੁਸਾਰ ਕੰਮ ਕਰੇਗੀ। ਇਸ ਨਿਯਮ ਅਨੁਸਾਰ
(i) ਹਰ ਪੱਧਰ ਦੀ ਕਮੇਟੀ ਬਾਕਾਇਦਾ ਚੁਣੀ ਹੋਈ ਹੋਵੇਗੀ।
(ii) ਹਰ ਪੱਧਰ 'ਤੇ ਘੱਟ ਗਿਣਤੀ, ਬਹੁਗਿਣਤੀ ਦੇ ਫੈਸਲਿਆਂ ਦੀ ਪਾਬੰਦ ਹੋਵੇਗੀ।
(iii) ਹਰ ਕਮੇਟੀ ਮੀਟਿੰਗ ਲਈ ਕੋਰਮ ਕੁੱਲ ਅਧਿਕਾਰਤ ਮੈਂਬਰਾਂ ਦੀ ਗਿਣਤੀ ਦਾ ਘੱਟੋ ਘੱਟ ਚਾਲੀ ਫੀਸਦੀ ਹੋਵੇਗਾ।
(iv) ਹਰ ਹੇਠਲੀ ਕਮੇਟੀ ਉਪਰਲੀ ਕਮੇਟੀ ਦੇ ਫੈਸਲਿਆਂ ਦੀ ਪਾਬੰਦ ਰਹੇਗੀ ਅਤੇ ਉਸਦੇ ਫੈਸਲਿਆਂ ਨੂੰ ਲਾਗੂ ਕਰੇਗੀ।
(v) ਸਮੁੱਚੀ ਜਥੇਬੰਦੀ ਕੇਂਦਰੀ ਕਾਰਜਕਾਰਨੀ ਕਮੇਟੀ/ਕੇਂਦਰੀ ਕਾਨਫਰੰਸ ਦੇ ਫੈਸਲਿਆਂ ਦੀ ਪਾਬੰਦ ਹੋਣੇਗੀ।
(vi) ਕੇਂਦਰੀ ਕਾਨਫਰੰਸ ਸਭਾ ਦਾ ਸਰਵ ਉੱਚ ਅਦਾਰਾ ਹੋਵੇਗਾ।
9. ਜਥੇਬੰਦਕ ਬਣਤਰ ਤੇ ਕਾਰਜਪ੍ਰਣਾਲੀ :
1. ਮੁਢਲੀ ਇਕਾਈ : ਘੱਟ ਤੋਂ ਘੱਟ 25 ਮੈਂਬਰਾਂ ਦੇ ਆਧਾਰ 'ਤੇ ਹਰ ਪਿੰਡ/ਮੁਹੱਲੇ/ਵਾਰਡ ਵਿਚ ਸਭਾ ਦੀ ਮੁੱਢਲੀ ਇਕਾਈ ਗਠਿਤ ਕੀਤੀ ਜਾਵੇਗੀ। ਮੁੱਢਲੀ ਇਕਾਈ ਆਪਣੇ ਮੈਂਬਰਾਂ ਵਿਚੋਂ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਸਮੇਤ ਹੋਰ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦੀ ਚੋਣ ਕਰੇਗੀ।
2. ਏਰੀਆ ਕਮੇਟੀ : ਕਿਸੇ ਵੀ ਏਰੀਏ ਅੰਦਰ ਘੱਟ ਤੋਂ ਘੱਟ 5 ਮੁੱਢਲੀਆਂ ਇਕਾਈਆਂ ਗਠਿਤ ਹੋ ਜਾਣ 'ਤੇ ਏਰੀਆ ਕਮੇਟੀ ਦਾ ਗਠਨ ਕੀਤਾ ਜਾਵੇਗਾ। ਏਰੀਆ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਏਰੀਆ ਕਮੇਟੀ ਦੇ ਅਜਲਾਸ 'ਚ ਕੀਤੀ ਜਾਵੇਗੀ।
3. ਤਹਿਸੀਲ ਕਮੇਟੀ : ਕਿਸੇ ਵੀ ਤਹਿਸੀਲ ਅੰਦਰ ਘੱਟ ਤੋਂ ਘੱਟ 2 ਏਰੀਆઠ ਕਮੇਟੀਆਂ ਅਤੇ 20 ਮੁੱਢਲੀਆਂ ਇਕਾਈਆਂ ਗਠਿਤ ਹੋ ਜਾਣ 'ਤੇ ਤਹਿਸੀਲ ਕਮੇਟੀ ਦਾ ਗਠਨ ਕੀਤਾ ਜਾਵੇਗਾ। ਤਹਿਸੀਲ ਕਮੇਟੀ ਦੀ ਚੋਣ ਤਹਿਸੀਲ ਅਜਲਾਸ ਵਿਚ ਕੀਤੀ ਜਾਵੇਗੀ। ਤਹਿਸੀਲ ਅਜਲਾਸ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ ਅਤੇ ਖਜਾਨਚੀ ਸਮੇਤ ਅਹੁਦੇਦਾਰਾਂ ਦੀ ਚੋਣ ਕਰੇਗੀ। ਤਹਿਸੀਲ ਕਮੇਟੀ ਅਤੇ ਇਸ ਤੋਂ ਹੇਠਲੀਆਂ ਕਮੇਟੀਆਂ ਦੀ ਚੋਣ ਹਰ ਸਾਲ ਹੋਵੇਗੀ।
4. ਜ਼ਿਲ੍ਹਾ ਕਮੇਟੀ : ਕਿਸੇ ਵੀ ਜ਼ਿਲ੍ਹੇ ਅੰਦਰ ਘੱਟੋ ਘੱਟ ਅੱਧੀਆਂ ਤਹਿਸੀਲ ਕਮੇਟੀਆਂ ਬਣ ਜਾਣ 'ਤੇ ਜ਼ਿਲ੍ਹਾ ਕਮੇਟੀ ਦਾ ਗਠਨ ਹੋ ਸਕੇਗਾ। ਜਿਲ੍ਹਾ ਕਮੇਟੀ ਦੀ ਚੋਣ ਲਈ ਤਹਿਸੀਲ ਅਜਲਾਸਾਂ 'ਚ ਡੈਲੀਗੇਟ ਚੁਣੇ ਜਾਣਗੇ, ਜਿਹੜੇ ਮੈਂਬਰਸ਼ਿੱਪ ਦੇ ਨਿਸ਼ਚਤ ਅਨੁਪਾਤ ਵਿਚ ਹੋਣਗੇ। ਜ਼ਿਲ੍ਹਾ ਅਜਲਾਸ 'ਚ ਪ੍ਰਧਾਨ, ਦੋ ਮੀਤ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ, ਖਜਾਨਚੀ ਅਤੇ ਪ੍ਰੈਸ ਸਕੱਤਰ ਦੇ ਰੂਪ 'ਚ ਅਹੁਦੇਦਾਰਾਂ ਸਮੇਤ ਕਮੇਟੀ ਦੀ ਚੋਣ ਕੀਤੀ ਜਾਵੇਗੀ। ਹਰ ਤਹਿਸੀਲ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਵੀ ਜਿਲ੍ਹਾ ਕਮੇਟੀ ਦੇ ਐਕਸ ਔਫੀਸ਼ੋ ਮੈਂਬਰ ਹੋਣਗੇ। ਜਿਲ੍ਹਾ ਕਮੇਟੀ ਦੀ ਚੋਣ ਹਰ ਦੋ ਵਰ੍ਹਿਆਂ ਬਾਅਦ ਹੋਵੇਗੀ।
5. ਸੂਬਾਈ ਅਜਲਾਸ : ਕਿਸੇ ਵੀ ਰਾਜ ਅੰਦਰ ਜਿਲ੍ਹਾ ਕਮੇਟੀਆਂ ਦਾ ਕੰਮ ਸੁਚਾਰੂ ਰੂਪ ਅਤੇ ਤਾਲਮੇਲ 'ਚ ਚਲਾਉਣ ਲਈ ਰਾਜ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਦੀ ਚੋਣ ਜਿਲ੍ਹਾ ਅਧਾਰਿਤ, ਮੈਂਬਰਸ਼ਿੱਪ ਦੇ ਅਨੁਪਾਤ 'ਚ ਡੈਲੀਗੇਟਾਂ ਰਾਹੀ ਕੀਤੀ ਜਾਵੇਗੀ। ਸੂਬਾਈ ਡੈਲੀਗੇਟ ਅਜਲਾਸ ਨੂੰ ਨਵੀਂ ਸੂਬਾ ਕਮੇਟੀ ਚੁਣਨ ਦਾ ਅਧਿਕਾਰ ਹੋਵੇਗਾ।ઠઠઠ
6. ਕੇਂਦਰੀ ਸੰਮੇਲਨ :
(i) ਕੇਂਦਰੀ ਸੰਮੇਲਨ ਆਮ ਤੌਰ 'ਤੇ ਹਰ ਤਿੰਨ ਸਾਲ ਬਾਅਦ ਹੋਵੇਗਾ। ਇਹ ਸੰਮੇਲਨ ਕੇਂਦਰੀ ਕਾਰਜਕਾਰਨੀ ਕਮੇਟੀ ਅਤੇ ਕੇਂਦਰੀ ਅਹੁਦੇਦਾਰਾਂ ਦੀ ਚੋਣ ਕਰੇਗਾ। ਕਿਸੇ ਵਿਸ਼ੇਸ਼ ਕਾਰਜ ਲਈ ਕੇਂਦਰੀ ਕਾਰਜਕਾਰਨੀ ਕਮੇਟੀ ਵਿਸ਼ੇਸ਼ ਸੰਮੇਲਨ ਬੁਲਾਉਣ ਲਈ ਵੀ ਅਧਿਕਾਰਤ ਹੋਵੇਗੀ।
(ii) ਕੇਂਦਰੀ ਸੰਮੇਲਨ ਦੇ ਸਮੇਂ, ਸਥਾਨ ਅਤੇ ਕਾਰਜ ਸੂਚੀ ਬਾਰੇ ਫੈਸਲਾ ਕੇਂਦਰੀ ਕਾਰਜਕਾਰੀ ਕਮੇਟੀ ਕਰੇਗੀ। ਕੇਂਦਰੀ ਸੰਮੇਲਨ ਸਬੰਧੀ ਨੋਟਿਸ ਤਿੰਨ ਮਹੀਨੇ ਪਹਿਲਾਂ ਜਾਰੀ ਕੀਤਾ ਜਾਵੇਗਾ।
(iii) ਕੇਂਦਰੀ ਸੰਮੇਲਨ ਲਈ ਡੈਲੀਗੇਟਾਂ ਦੀ ਚੋਣ ਸਬੰਧੀ ਸੇਧਾਂ ਕੇਂਦਰੀ ਕਾਰਜਕਾਰਨੀ ਕਮੇਟੀ ਤੈਅ ਕਰੇਗੀ।
(iv) ਕਾਰਜਕਾਰਨੀ ਕਮੇਟੀ ਦੇ ਸਾਰੇ ਮੈਂਬਰ ਐਕਸ ਔਫੀਸ਼ੋ ਡੈਲੀਗੇਟ ਹੋਣਗੇ।
(v) ਕੇਂਦਰੀ ਸੰਮੇਲਨ ਆਮ ਤੌਰ 'ਤੇ ਤਿੰਨ ਦਿਨਾਂ ਦਾ ਹੋਵੇਗਾ। ਇਹ ਪਿਛਲੇ ਸਮੇਂ ਤੋਂ ਲੈ ਕੇ ਸੰਮੇਲਨ ਤੱਕ ਦੇ ਸਾਰੇ ਕੰਮਾਂ ਦੀ ਸਮੀਖਿਆ ਕਰੇਗਾ, ਭਵਿੱਖ ਦੇ ਲਈ ਨੀਤੀਆਂ ਤੇ ਪ੍ਰੋਗਰਾਮ ਤੈਅ ਕਰੇਗਾ, ਵਿੱਤੀ ਰਿਪੋਰਟ ਪ੍ਰਵਾਨ ਕਰੇਗਾ, ਕਾਰਜਕਾਰਨੀ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਕਰੇਗਾ ਅਤੇ ਲੋੜ ਅਨੁਸਾਰ ਸੰਵਿਧਾਨ ਵਿਚ ਸੋਧ ਕਰੇਗਾ।
7. ਕੇਂਦਰੀ ਕਾਰਜ ਕਾਰਨੀ ਕਮੇਟੀ :
(i) ਕੇਂਦਰੀ ਕਾਨਫਰੰਸ ਇਕ 11 ਅਹੁਦੇਦਾਰਾਂ-ਪ੍ਰਧਾਨ, ਚਾਰ ਮੀਤ ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ, ਸਹਾਇਕ ਸਕੱਤਰ, ਪ੍ਰੈਸ ਸਕੱਤਰ, ਜਥੇਬੰਦਕ ਸਕੱਤਰ, ਕੈਸ਼ੀਅਰ, ਸਕੱਤਰਰੇਤ ਮੈਂਬਰਾਂ ਸਮੇਤ ਇੱਕ ਸਕੱਤਰੇਤ ਅਤੇ ਹੋਰ ਕਮੇਟੀ ਮੈਂਬਰਾਂ ਸਮੇਤ ਕੇਂਦਰੀ ਕਾਰਜਕਾਰਨੀ ਕਮੇਟੀ ਚੁਣੀ ਜਾਵੇਗੀ, ਜਿਹੜੀ ਦੋ ਕੇਂਦਰੀ ਸੰਮੇਲਨਾਂ ਦੌਰਾਨ ਜਥੇਬੰਦੀ ਦੀ ਸਰਵਉੱਚ ਨੀਤੀ ਨਿਰਧਾਰਤ ਕਮੇਟੀ ਹੋਵੇਗੀ। ਕਮੇਟੀ ਦੀ ਚੋਣ ਅਤੇ ਕਮੇਟੀ ਮੈਂਬਰਾਂ ਦੀ ਗਿਣਤੀ ਕਾਨਫਰੰਸ ਵਲੋਂ ਨਿਸ਼ਚਤ ਕੀਤੀ ਜਾਵੇਗੀ। ਕਮੇਟੀ ਆਪਣੇ ਵਿਚੋਂ ਅਹੁਦੇਦਾਰ ਚੁਣੇਗੀ। ਪੁਰਾਣੀ ਕਮੇਟੀ, ਨਵੀਂ ਕਮੇਟੀ ਦੀ ਤਜ਼ਵੀਜ਼ ਕਾਨਫਰੰਸ ਅੱਗੇ ਪੇਸ਼ ਕਰੇਗੀ। ਜਿਸ ਨੂੰ ਪਾਸ ਕਰਨ ਦਾ ਅਧਿਕਾਰ ਕਾਨਫਰੰਸ ਕੋਲ ਹੋਵੇਗਾ। ਪੁਰਾਣੀ ਕਮੇਟੀ ਦੀ ਸਹਿਮਤੀ ਨਾ ਹੋਣ 'ਤੇ ਕੇਂਦਰੀ ਕਮੇਟੀ ਦੀ ਚੋਣ ਡੈਲੀਗੇਟਾਂ ਵਲੋਂ ਗੁਪਤ ਵੋਟਾਂ ਰਾਹੀ ਕੀਤੀ ਜਾਵੇਗੀ। ਇਹ ਚੋਣ ਵਿਧੀ ਹੇਠਲੀਆਂ ਇਕਾਈਆਂ ਦੀ ਚੋਣ ਲਈ ਵੀ ਅਪਣਾਈ ਜਾਵੇਗੀ।
(ii) ਇਸ ਦੀ ਮੀਟਿੰਗ ਤਿੰਨ ਮਹੀਨਿਆਂ ਵਿਚ ਘੱਟੋ ਘੱਟ ਇਕ ਵਾਰ ਲਾਜ਼ਮੀ ਹੋਵੇਗੀ। ਕਮੇਟੀ ਦੇ ਘੱਟੋ ਘੱਟ 40% ਮੈਂਬਰਾਂ ਦੀ ਮੰਗ 'ਤੇ ਸਪੈਸ਼ਲ ਮੀਟਿੰਗ ਬੁਲਾਈ ਜਾ ਸਕਦੀ ਹੈ।
(iii) ਕਿਸੇ ਅਹੁਦੇਦਾਰ ਦੇ ਅਸਤੀਫਾ ਦੇ ਜਾਣ ਆਦਿ ਕਾਰਨ ਖਾਲੀ ਹੋਈ ਥਾਂ ਦੀ ਪੂਰਤੀ ਕੇਂਦਰੀ ਕਾਰਜਕਾਰਨੀ ਦੇ ਮੈਂਬਰਾਂ 'ਚੋਂ ਕੀਤੀ ਜਾਵੇਗੀ।
8. ਸਕੱਤਰੇਤ :
(i) ਕੇਂਦਰੀ ਅਹੁਦੇਦਾਰਾਂ ਤੇ ਆਧਰਤ ਸਭਾ ਦਾ ਕੇਂਦਰੀ ਸਕੱਤਰੇਤ ਹੋਵੇਗਾ, ਜਿਸਦੀ ਹਰ ਮਹੀਨੇ ਵਿਚ ਘੱਟੋ ਘੱਟ ਇਕ ਮੀਟਿੰਗ ਲਾਜ਼ਮੀ ਹੋਵੇਗੀ।
(ii) ਕੇਂਦਰੀ ਕਾਰਜਕਾਰੀ ਕਮੇਟੀ ਦੀਆਂ ਦੋ ਮੀਟਿੰਗਾਂ ਵਿਚਲੇ ਸਮੇਂ ਦੌਰਾਨ ਸਕੱਤਰੇਤ, ਸਭਾ ਦੀਆਂ ਸਰਗਰਮੀਆਂ ਸਬੰਧੀ ਅਤੇ ਫੌਰੀ ਜਥੇਬੰਦਕ ਮੁੱਦਿਆਂ 'ਤੇ ਸਾਰੇ ਫੈਸਲੇ ਕਰਨ ਲਈ ਅਧਿਕਾਰਤ ਹੋਵੇਗਾ। ਆਖਰੀ ਮਨਜ਼ੂਰੀ ਕੇਂਦਰੀ ਕਮੇਟੀ ਤੋਂ ਲੈਣੀ ਹੋਵੇਗੀ।
(iii) ਲੋੜ ਅਨੁਸਾਰ ਸਕੱਤਰੇਤ ਆਪਣੇ ਵਿਚੋਂ ਅਤੇ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿਚ ਸਬ ਕਮੇਟੀਆਂ ਦਾ ਗਠਨ ਕਰਨ ਲਈ ਵੀ ਅਧਿਕਾਰਤ ਹੋਵੇਗੀ।
10. ਅਹੁਦੇਦਾਰਾਂ ਦੇ ਫਰਜ਼ :
ਪ੍ਰਧਾਨ : ਹਰ ਪੱਧਰ 'ਤੇ ਚੁਣਿਆ ਗਿਆ ਪ੍ਰਧਾਨ ਸਬੰਧਤ ਕਮੇਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਅਤੇ ਮੀਟਿੰਗਾਂ ਦੀ ਕਾਰਵਾਈ ਚਲਾਉਣ ਦੀ ਜ਼ੁੱਮੇਵਾਰੀ ਨਿਭਾਏਗਾ। ਪ੍ਰਧਾਨ ਦੀ ਗੈਰ ਹਾਜ਼ਰੀ ਵਿਚ ਇਹ ਜ਼ੁੱਮੇਵਾਰੀ ਮੀਤ ਪ੍ਰਧਾਨ ਨਿਭਾਵੇਗਾ।
ਸਕੱਤਰ : ਸਕੱਤਰ ਸਬੰਧਤ ਕਮੇਟੀ ਦੀ ਕਾਰਵਾਈ ਲਿਖਣ ਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਜੁੱਮੇਵਾਰ ਹੋਵੇਗਾ। ਉਹ ਇਹ ਯਕੀਨੀ ਬਣਾਇਗਾ ਕਿ ਮੀਟਿੰਗ ਦੀ ਸੂਚਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਅਧਿਕਾਰਤ ਹਰ ਮੈਂਬਰ ਨੂੰ ਸਮੇਂ ਸਿਰ ਮਿਲੇ। ਉਹ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਕੇ ਹਰ ਮੀਟਿੰਗ ਲਈ ਕਾਰਜ ਸੂਚੀ ਤਿਆਰ ਕਰੇਗਾ ਅਤੇ ਹੋਏ ਕੰਮਾਂ ਦੀ ਰਿਪੋਰਟ ਪੇਸ਼ ਕਰੇਗਾ। ਉਹ ਮੀਟਿੰਗਾਂ ਦੀ ਕਾਰਵਾਈ/ਫੈਸਲੇ ਸਾਰੇ ਅਹੁਦੇਦਾਰਾਂ ਅਤੇ ਹੇਠਲੀਆਂ ਕਮੇਟੀਆਂ ਨੂੰ ਭੇਜੇਗਾ।
ਖਜਾਨਚੀ : ਸਬੰਧਤ ਕਮੇਟੀ ਦੇ ਫੰਡਾਂ ਦਾ ਹਿਸਾਬ ਕਿਤਾਬ ਰੱਖੇਗਾ। ਉਹਨਾਂ ਨੂੰ ਸਭਾ ਦੇ ਨਾਂਅ 'ਤੇ ਆਪਣੇ ਪ੍ਰਧਾਨ ਅਤੇ ਸਕੱਤਰ, ਤਿੰਨਾਂ ਦੇ, ਨਾਵਾਂ ਹੇਠ ਕਿਸੇ ਬੈਂਕ ਜਾਂ ਹੋਰ ਸੁਰੱਖਿਅਤ ਅਦਾਰੇ ਵਿਚ ਜਮਾਂ ਕਰਾਏਗਾ ਅਤੇ ਕਮੇਟੀ ਵੱਲੋਂ ਮੰਗਣ ਤੇ ਵਿੱਤੀ ਰਿਪੋਰਟ ਪੇਸ਼ ਕਰੇਗਾ।
ਪ੍ਰੈਸ ਸਕੱਤਰ : ਸਭਾ ਦੀ ਸੰਬੰਧਤ ਕਮੇਟੀ ਦੇ ਫੈਸਲਿਆਂ ਦਾ ਪ੍ਰੈਸ ਆਦਿ ਰਾਹੀਂ ਪ੍ਰਚਾਰ ਕਰਨ ਦੀ ਜ਼ੁੱਮੇਵਾਰੀ ਨਿਭਾਏਗਾ।
ਜਥੇਬੰਦਕ ਸਕੱਤਰ : ਸਭਾ ਦੀ ਜਥੇਬੰਦਕ ਉਸਾਰੀ ਲਈ ਯੋਜਨਾਬੰਦੀ ਕਰੇਗਾ ਅਤੇ ਹੋਏ ਜਥੇਬੰਦਕ ਵਿਕਾਸ ਬਾਰੇ ਰਿਪੋਰਟ ਪੇਸ਼ ਕਰੇਗਾ।
11. ਅਨੁਸ਼ਾਸਨੀ ਕਾਰਵਾਈ :
(i) ਸਭਾ ਦਾ ਕੋਈ ਮੈਂਬਰ ਜਾਂ ਇਕਾਈ ਜੇਕਰ ਜਥੇਬੰਦੀ ਦੇ ਉਦੇਸ਼ਾਂ ਤੇ ਫੈਸਲਿਆਂ ਦੇ ਉਲਟ ਕੰਮ ਕਰੇ ਜਾਂ ਆਪਣੇ ਆਚਰਨ ਰਾਹੀਂ ਜਥੇਬੰਦੀ ਦੀ ਸਾਖ ਨੂੰ ਹਾਨੀ ਪਹੁੰਚਾਏ ਤਾਂ ਜਥੇਬੰਦੀ ਨੂੰ ਉਸਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ। ਇਸ ਕਾਰਵਾਈ ਅਧੀਨ ਲਿਖਤੀ ਚਿਤਾਵਨੀ ਦੇਣ, ਮੁਅੱਤਲੀ ਜਾਂ ਸਭਾ 'ਚੋਂ ਬਰਖਾਸਤ ਕਰ ਦੇਣ ਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਕਿਸੇ ਇਕਾਈ ਵਲੋਂ ਅਜਿਹਾ ਕਰਨ ਦੀ ਸੂਰਤ ਵਿਚ ਉਸਨੂੰ ਭੰਗ ਵੀ ਕੀਤਾ ਜਾ ਸਕਦਾ ਹੈ।
(ii) ਜਿਸ ਇਕਾਈ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੋਵੇ, ਉਸਨੂੰ ਸਬੰਧਤ ਕਮੇਟੀ ਅਤੇ ਉਪਰਲੀ ਕਮੇਟੀ ਦੇ ਸਾਹਮਣੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਅਪੀਲ ਕਰਨ ਦਾ ਅਧਿਕਾਰ ਹੋਵੇਗਾ।
(iii) ਜਿਸ ਮੈਂਬਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੋਵੇ ਉਸਨੂੰ ਵੀ ਧੁਰ ਉੱਪਰ ਤੱਕ ਭਾਵ ਕੇਂਦਰੀ ਕਾਰਜਕਾਰੀ ਕਮੇਟੀ ਤੱਕ ਅਪੀਲ ਕਰਨ ਦਾ ਅਧਿਕਾਰ ਹੋਵੇਗਾ।
12. ਸੰਵਿਧਾਨਕ ਸੋਧ : ਅਜੇਹਾ ਅਧਿਕਾਰ ਕੇਵਲ ਕੇਂਦਰੀ ਕਾਨਫਰੰਸ ਕੋਲ ਹੀ ਹੋਵੇਗਾ। ਇਸ ਮੰਤਵ ਲਈ ਕੋਈ ਵੀ ਮੈਂਬਰ/ਮੁੱਢਲੀ ਇਕਾਈ ਜਾਂ ਹੇਠਲੀ ਕਮੇਟੀ ਸੰਮੇਲਨ ਤੋਂ ਘੱਟੋ ਘੱਟ ਦੋ ਮਹੀਨੇ ਪਹਿਲਾਂ ਲਿਖਤੀ ਪ੍ਰਸਤਾਵ ਭੇਜ ਸਕਦੀ ਹੈ।

No comments:

Post a Comment