Tuesday, 27 October 2015

ਜਾਗ ਜਵਾਨਾਂ ਜਾਗ - ਚੱਲ ਜਲ੍ਹਿਆਂ ਵਾਲੇ ਬਾਗ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹੀਦੀ ਦਿਵਸ ਨੂੰ ਸਮ੍ਰਪਿਤ ਸਮਾਗਮ 'ਚ 14 ਨਵੰਬਰ 2015 ਨੂੰ ਅੰਮ੍ਰਿਤਸਰ ਪੁੱਜਣ ਦਾ ਹੋਕਾ!


ਪਿਆਰੇ ਨੌਜਵਾਨੋ ਅਤੇ ਵਿਦਿਆਰਥੀਓ! 
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਗਰੇਜ਼ ਸਾਮਰਾਜ ਨੇ 16 ਨਵੰਬਰ 1915 ਨੂੰ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦਾ 100ਵਾਂ ਸ਼ਹੀਦੀ ਦਿਵਸ, ਸਾਮਰਾਜ ਦੇ ਖ਼ਿਲਾਫ ਸਾਰੇ ਸੰਸਾਰ ਅੰਦਰ ਮਨਾਇਆ ਜਾ ਰਿਹਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਮਹਾਨ ਹੀਰੋ ਸਨ, ਉਹ ਪੜ੍ਹਾਈ ਦੀ ਖਾਤਰ ਅਮਰੀਕਾ ਗਏ ਅਤੇ ਉਥੇ ਭਾਰਤੀਆਂ ਨਾਲ ਹੋ ਰਹੇ ਵਿਤਕਰੇ ਤੋਂ ਦੁਖੀ ਹੋ ਕੇ ਗਦਰ ਪਾਰਟੀ ਨਾਲ ਜੁੜ ਗਏ। ਉਨ੍ਹਾਂ ਗਦਰ ਅਖ਼ਬਾਰ ਕੱਢਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਾਪਸ ਭਾਰਤ ਆ ਗਏ, ਜਿਥੇ ਦੇਸ਼ ਦੀ ਆਜ਼ਦੀ ਦੇ ਅੰਦੋਲਨ 'ਚ ਉਨ੍ਹਾਂ ਆਪਣਾ ਯੋਗਦਾਨ ਪਾਇਆ। ਕਰਤਾਰ ਸਿੰਘ ਸਰਾਭਾ ਨੇ ਸਭ ਤੋਂ ਛੋਟੀ ਉਮਰ 'ਚ ਫਾਂਸੀ ਦੇ ਰੱਸੇ ਨੂੰ ਚੁੰਮਿਆ। ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੇ ਉਸ ਵੇਲੇ ਦੇ ਨੌਜਵਾਨਾਂ ਨੂੰ ਹਲੂਣਾ ਦਿੱਤਾ। ਇਥੋਂ ਤੱਕ ਸ਼ਹੀਦ ਭਗਤ ਸਿੰਘ ਨੂੰ ਵੀ ਸਰਾਭਾ ਦੀ ਸ਼ਹੀਦੀ ਨੇ ਪ੍ਰਭਾਵਿਤ ਕੀਤਾ ਸੀ। ਸ਼ਹੀਦ ਭਗਤ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਸੀ ਗੁਰੂ ਤਸੱਵਰ ਕੀਤਾ ਸੀ। ਸ਼ਹੀਦ ਭਗਤ ਸਿੰਘ ਨੇ ਵੀ ਸਾਮਰਾਜ ਖ਼ਿਲਾਫ ਆਪਣੀ ਜੰਗ ਨੂੰ ਜਾਰੀ ਰੱਖਿਆ। ਇਨਕਾਲਬ ਜਿੰਦਾਬਾਦ - ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਹੀਦੀ ਜਾਮ ਪੀਤਾ। ਦੇਸ਼ ਦੀ ਆਜ਼ਾਦੀ ਲਈ ਚਲੇ ਘੋਲ 'ਚ ਗ਼ਦਰ ਪਾਰਟੀ, ਬਬਰ ਅਕਾਲੀਆਂ, ਕੂਕਾ ਲਹਿਰ ਸਮੇਤ ਹੋਰਨਾ ਲਹਿਰਾਂ ਨੇ ਆਪਣਾ ਯੋਗਦਾਨ ਪਾਇਆ, ਜਿਸ 'ਚ ਗ਼ਦਰ ਪਾਰਟੀ ਦਾ ਰੋਲ਼ ਸੁਨਿਹਰੀ ਅੱਖਰਾਂ 'ਚ ਲਿਖਿਆ ਹੋਇਆ ਹੈ। ਗ਼ਦਰ ਪਾਰਟੀ ਦੀ ਇਹ ਵਿਸ਼ੇਸ਼ਤਾ ਵੀ ਸੀ ਕਿ ਇਸ 'ਚ ਹਰ ਧਰਮ, ਰੰਗ ਰੂਪ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਤੋਂ ਸ਼ਾਮਲ ਕੀਤਾ ਗਿਆ ਸੀ।
ਇਥੇ ਇਹ ਵਰਨਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ 24 ਮਈ 2001 ਨੂੰ ਕੀਤਾ ਗਿਆ ਸੀ। ਆਪਣੀਆਂ ਮਹਾਨ ਰਵਾਇਤਾਂ ਨੂੰ ਅੱਗੇ ਤੋਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਕਰਤਾਰ ਸਿੰਘ ਦਾ ਸਰਾਭਾ ਦਾ ਸ਼ਤਾਬਦੀ ਸ਼ਹੀਦੀ ਵਰ੍ਹਾ ਵੱਖ-ਵੱਖ ਤਰ੍ਹਾਂ ਮਨਾਇਆ ਜਾ ਰਿਹਾ ਹੈ। ਸਭਾ ਵਲੋਂ ਸ਼ਹੀਦੀ ਸ਼ਤਾਬਦੀ ਵਰ੍ਹੇ ਦੀ ਆਰੰਭਤਾ ਪਿੰਡ ਸਰਾਭਾ ਤੋਂ ਕੀਤੀ ਸੀ ਅਤੇ ਹੁਣ ਉਨ੍ਹਾਂ ਦੀ ਸ਼ਹੀਦੀ ਨੂੰ ਸਮ੍ਰਪਿਤ ਅੰਮ੍ਰਿਤਸਰ 'ਚ ਜਲ੍ਹਿਆਂ ਵਾਲੇ ਬਾਗ 'ਚ 14 ਨਵੰਬਰ 2015 ਨੂੰ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਲ੍ਹਿਆਂ ਵਾਲੇ ਬਾਗ਼ ਦੀ ਮਹਾਨ ਧਰਤੀ 'ਤੇ ਅੰਗਰੇਜ਼ ਸਾਮਰਾਜ ਨੇ 13 ਅਪ੍ਰੈਲ 1919 ਨੂੰ ਗੋਲੀਆਂ ਚਲਾ ਕੇ ਸੈਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਮਹਾਨ ਸ਼ਹੀਦਾਂ ਤੋਂ ਸੇਧ ਲੈਂਦਿਆ ਸਾਮਰਾਜ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ ਹੋਇਆ ਹੈ। ਇਸ ਨੇ ਨਾਲ ਹੀ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੀ ਸੰਘਰਸ਼ ਆਰੰਭਿਆ ਹੋਇਆ ਹੈ। ਸਭਾ ਵਲੋਂ 'ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ-ਸਭ ਦਾ ਹੋਵੇ ਇਹ ਅਧਿਕਾਰ' ਤਹਿਤ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲਾਮਬੰਦ ਕਰਨਾ ਆਰੰਭ ਕੀਤਾ ਹੋਇਆ ਹੈ। 'ਵਿਦਿਆ ਦਿਓ, ਰੁਜ਼ਗਾਰ ਦਿਓ ਸਭ ਨੂੰ ਇਹ ਅਧਿਕਾਰ ਦਿਓ!' ਤਹਿਤ ਵੀ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਗਈਆ। ਇਸ ਦੌਰਾਨ ਸਥਾਈ ਰੁਜ਼ਗਾਰ ਦੀ ਪ੍ਰਾਪਤੀ ਲਈ ਰੁਜ਼ਗਾਰ ਦਫ਼ਤਰਾਂ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਕੰਨਾਂ ਤੱਕ ਵੀ ਅਵਾਜ਼ ਪੁੱਜਦੀ ਕੀਤੀ ਗਈ। ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਅਤੇ ਨਸ਼ਿਆਂ 'ਚ ਫਸ ਚੁੱਕੇ ਨੌਜਵਾਨਾਂ ਨੂੰ ਸੰਕਟ 'ਚੋਂ ਕੱਢਣ ਲਈ ਸਭਾ ਵਲੋਂ 'ਨਸ਼ਾ ਬੰਦ ਕਰੋ - ਵਿਦਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੋ' ਤਹਿਤ ਪਿਛਲੇ ਸਮੇਂ ਜਿਲ੍ਹਾ ਪੱਧਰ 'ਤੇ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਜਾ ਰਿਹਾ ਹੈ। ਹਾਕਮ ਧਿਰ ਵਲੋਂ ਜਲ੍ਹਿਆਂ ਵਾਲੇ ਬਾਗ ਨੂੰ ਸੁੰਦਰ ਬਣਾਉਣ ਦੇ ਨਾਂ ਹੇਠ ਚੱਲੀਆਂ ਕੋਝੀਆਂ ਚਾਲਾਂ ਨੂੰ ਵੀ ਸਭਾ ਵਲੋਂ ਦੂਜੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਆਰੰਭਿਆ ਗਿਆ ਅਤੇ ਜਿੱਤ ਪ੍ਰਾਪਤ ਕੀਤੀ ਗਈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਵਿਸਥਾਰ ਕਰਦਿਆ ਹਰਿਆਣਾ 'ਚ ਵੀ ਜਥੇਬੰਦਕ ਪੱਖ ਤੋਂ ਆਪਣੇ ਪੈਰ ਪਸਾਰਨੇ ਆਰੰਭ ਕੀਤਾ ਹੋਏ ਹਨ। ਵਿਦਿਆਰਥੀਆਂ ਦੀਆਂ ਜਥੇਬੰਦੀਆਂ ਪੰਜਾਬ ਸਟੂਡੈਂਟਸ ਫ਼ੈਡਰੇਸ਼ਨ (ਬਤ਩ਿ ਅਤੇ ਹਰਿਆਣਾ ਸਟੂਡੈਂਟਸ ਯੂਨੀਅਨ (ੀਤਚ) ਵਲੋਂ ਵੀ ਇਨ੍ਹਾਂ ਮੁਹਿੰਮਾਂ 'ਚ ਆਪਣਾ ਯੋਗਾਦਨ ਪਾਇਆ ਜਾ ਰਿਹਾ ਹੈ। ਇਹ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਜਿੱਥੇ ਪੋਸਟ ਮੈਟ੍ਰਿਕ ਸਕੀਮ ਵਰਗੇ ਮੁੱਦੇ 'ਤੇ ਲੜਾਈ ਲੜ ਰਹੀਆ ਹਨ ਉਥੇ ਮਹਿੰਗੀ ਵਿਦਿਆ, ਬੱਸ ਪਾਸਾਂ ਸਮੇਤ ਵਿਦਿਆਰਥੀਆਂ ਦੀਆਂ ਹੋਰਨਾ ਅਨੇਕਾਂ ਮੰਗਾਂ ਮਨਵਾਉਣ ਲਈ ਸੰਘਰਸ਼ਾਂ ਦਾ ਪਿੜ ਮੱਲਿਆ ਹੋਇਆ ਹੈ ਅਤੇ ਨਾਲ ਹੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹਰ ਸੰਘਰਸ਼ 'ਚ ਇੱਕ ਦੂਜੇ ਨੂੰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ।
ਦੇਸ਼ ਦੇ ਹਾਕਮ ਚਾਹੇ ਉਹ ਕਿਸੇ ਵੀ ਰੰਗ ਰੂਪ ਦੇ ਹੋਣ, ਵਲੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆ ਤਹਿਤ ਦੇਸ਼ ਨੂੰ ਗਹਿਣੇ ਰੱਖਿਆ ਜਾ ਰਿਹਾ ਹੈ। ਦੇਸ਼ ਦੀ ਕੀਮਤੀ ਸੰਪਤੀ ਜਲ, ਜੰਗਲ ਅਤੇ ਜ਼ਮੀਨ ਦੇਸ਼ ਦੇ ਹਾਕਮਾਂ ਵਲੋਂ ਵਿਦੇਸ਼ੀ ਕੰਪਨੀਆਂ ਨੂੰ ਕੌਂਡੀਆਂ ਦੇ ਭਾਅ ਦਿੱਤੀ ਜਾ ਰਹੀ ਹੈ। ਜਿਸ ਲਈ ਜ਼ੋਰਾਂ ਸ਼ੋਰਾਂ ਨਾਲ ਨਵੇਂ ਕਾਨੂੰਨ ਵੀ ਬਣਾਏ ਜਾ ਰਹੇ ਹਨ ਅਤੇ ਕੁੱਝ ਕਨੂੰਨਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੂੰ ਕਿਸੇ ਵੀ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਦੇਸ਼ ਦੇ ਹਾਕਮਾਂ ਨੇ ਸਾਮਰਾਜ ਨਾਲ ਭਿਆਲੀ ਪਾ ਕੇ ਇਥੋਂ ਦੀ ਵਿਦਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਦਾ ਬੇੜਾ ਗਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਹਲਾਤ 'ਚ ਦੇਸ਼ ਦੇ ਹਾਕਮਾਂ ਨੇ ਨੌਜਵਾਨਾਂ ਦੀ ਸੋਚ ਨੂੰ ਖੂੰਡਾਂ ਕਰਨ ਲਈ ਨੌਜਵਾਨਾਂ ਨੂੰ ਨਸ਼ਿਆਂ 'ਚ ਗਲਤਾਨ ਕਰਕੇ ਰੱਖ ਦਿੱਤਾ ਹੈ।
ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਮਹਾਨ ਦੇਸ਼ ਭਗਤਾਂ ਨੇ ਆਪਣਾ ਸਾਰਾ ਜੀਵਨ, ਸਾਮਰਾਜੀਆਂ ਨੂੰ ਬਾਹਰ ਕੱਢਣ 'ਤੇ ਲਗਾ ਦਿੱਤਾ ਅਤੇ ਮੌਜੂਦਾ ਹਾਕਮ ਸਾਮਰਾਜੀਆਂ ਨੂੰ ਇਥੇ ਸੱਦਣ ਲਈ ਪੂਰਾ ਜੋਰ ਲਗਾ ਰਹੇ ਹਨ। ਇਹ ਇੱਕ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ। ਇਹ ਫਿਕਰ ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਰਨਾ ਹੋਵੇਗਾ। ਜੇ ਅੱਜ ਫਿਕਰ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਨੂੰ ਇੱਕ ਹੋਰ ਆਜ਼ਾਦੀ ਦੀ ਲੜਾਈ ਲਈ ਕੁਰਬਾਨੀਆਂ ਕਰਨੀਆਂ ਪੈਣਗੀਆ।
ਨੌਜਵਾਨੋ ਅਤੇ ਵਿਦਿਆਰਥੀਓ, ਆਓ! ਆਪਾ ਇਕੱਠੇ ਹੋਈਏ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ 'ਤੇ ਪਹਿਰਾ ਦੇਣ ਦਾ ਦ੍ਰਿੜ ਇਰਾਦਾ ਬਣਾਈਏ!!
ਨੌਜਵਾਨੋ ਅਤੇ ਵਿਦਿਆਰਥੀਓ, ਆਪਾ ਹਾਕਮਾਂ ਦੇ ਵਿਛਾਏ ਜਾਲ 'ਚੋਂ ਬਾਹਰ ਨਿਕਲੀਏ ਅਤੇ ਆਪਣੀਆਂ ਹੱਕੀ ਮੰਗਾਂ ਲਈ ਲਾਮਬੰਦ ਹੋਈਏ।
ਆਓ, ਜਾਗ ਜਵਾਨਾਂ ਜਾਗ - ਚੱਲ ਜਲ੍ਹਿਆਂ ਵਾਲੇ ਬਾਗ਼
ਦਾ ਨਾਅਰਾ ਘਰ-ਘਰ ਪੁੱਜਦਾ ਕਰੀਏ।
14 ਨਵੰਬਰ ਨੂੰ ਅੰਮ੍ਰਿਤਸਰ ਦੀ ਇਤਿਹਾਸਕ ਧਰਤੀ 'ਤੇ ਪੁੱਜੀਏ ਅਤੇ ਸ਼ਹੀਦਾਂ ਨੂੰ ਯਾਦ ਕਰੀਏ!!!                 


ਫੌਰੀ ਮੁੱਦੇ
1. ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ 'ਚ ਸ਼ਾਮਲ ਕੀਤਾ ਜਾਵੇ।
2. ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਬਣਦੀ ਤਨਖਾਹ ਦਾ ਅੱਧ ਦਿੱਤਾ ਜਾਵੇ ਅਤੇ ਚੋਣ ਵਾਅਦੇ ਮੁਤਾਬਿਕ 1000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਤੁਰੰਤ ਦੇਣਾ ਚਾਲੂ ਕੀਤਾ ਜਾਵੇ।
 3. ਗਰੈਜੂਏਸ਼ਨ ਪੱਧਰ ਤੱਕ ਦੀ ਮੁਫ਼ਤ ਵਿਦਿਆ ਹਰੇਕ ਬੱਚੇ ਨੂੰ ਲਾਜ਼ਮੀ ਤੌਰ 'ਤੇ ਦਿੱਤੀ ਜਾਵੇ।
4. ਵਿਦਿਆ ਦਾ ਵਪਾਰੀਕਰਨ, ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਵਿਦਿਆਰਥੀਆਂ ਨਾਲ ਚੋਣਾਂ ਸਮੇਂ ਲੈਪਟਾਪ ਦੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ।
5. ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆ ਅਸਾਮੀਆਂ ਰੈਗੂਲਰ ਭਰੀਆ ਜਾਣ ਅਤੇ ਠੇਕੇਦਾਰੀ ਪ੍ਰਥਾ ਨੂੰ ਬੰਦ ਕੀਤਾ ਜਾਵੇ। ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਰੈਗਲਰ ਕੀਤਾ ਜਾਵੇ।
6. ਰੁਜ਼ਗਾਰ ਦੇ ਨਵੇਂ ਵਸੀਲੇ ਪੈਂਦਾ ਕੀਤੇ ਜਾਣ।
7. ਨਸ਼ਾ ਸਮਗਲਰ, ਪੁਲੀਸ ਅਤੇ ਸਿਆਸੀ ਗੱਠਜੋੜ ਨੂੰ ਨੱਥ ਪਾਈ ਜਾਵੇ।
8. ਨੌਜਵਾਨਾਂ ਦੇ ਸਰੀਰਕ ਵਿਕਾਸ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਅੰਦਰ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ।
9. ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਸੰਸਥਾਨਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
10. ਗੰਦੇ ਅਤੇ ਲੱਚਰ ਸਹਿਤ ਉਪਰ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ।
11. ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
12. ਬੱਸ ਪਾਸਾਂ ਦੀ ਸਹੂਲਤ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ 'ਚ ਸਖ਼ਤੀ ਨਾਲ ਲਾਗੂ ਕੀਤਾ ਜਾਵੇ। #

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਵਿਧਾਨ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਦੂਜੀ ਕਾਨਫ਼ਰੰਸ ਮੌਕੇ 18-19-20 ਸਤੰਬਰ 2008 ਨੂੰ ਜੰਡਿਆਲਾ ਮੰਜਕੀ ਵਿਖੇ ਪਾਸ ਕੀਤਾ ਗਿਆ ਵਿਧਾਨ 

1. ਨਾਂਅ : ਜਥੇਬੰਦੀ ਦਾ ਨਾਂਅ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (Shaheed Bhagat Singh Youth Federation) ਹੋਵੇਗਾ।
(ਇਸ ਦਸਤਾਵੇਜ਼ ਵਿਚ ਅੱਗੇ ਜਿਥੇ ਵੀ ਸ਼ਬਦ 'ਸਭਾ' ਲਿਖਿਆ ਗਿਆ ਹੈ ਉਸ ਦਾ ਭਾਵ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਮਝਿਆ ਜਾਵੇ।)
2. ਝੰਡਾ : ਜਥੇਬੰਦੀ ਦੇ ਝੰਡੇ ਦੀ ਲੰਬਾਈ ਅਤੇ ਚੌੜਾਈ ਵਿਚ ਅਨੁਪਾਤ 3 : 2 ਦਾ ਹੋਵੇਗਾ। ਝੰਡਾ ਸਫੈਦ ਰੰਗ ਦਾ ਹੋਵੇਗਾ, ਜਿਸਦੇ ਵਿਚਕਾਰ ਸ਼ਹੀਦ ਭਗਤ ਸਿੰਘ ਦੀઠ ਫੋਟੋ ਹੋਵੇਗੀ ਅਤੇ ਉੱਪਰ ਖੱਬੇ ਪਾਸੇ 5 ਕੋਨਾ ਲਾਲ ਤਾਰਾ ਹੋਵੇਗਾ। ਇਸ ਨੂੰ ਸਭਾ ਦੇ ਸਮਾਗਮਾਂ ਦੌਰਾਨ ਲਹਿਰਾਇਆ ਜਾਵੇਗਾ।
3. ਜਥੇਬੰਦੀ ਦੇ ਉਦੇਸ਼ :
(i) ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਅਤੇ ਉਸਦੇ ਅਕੀਦਿਆਂ ਵਾਲਾ ਸਮਾਜਵਾਦੀ ਭਾਰਤ ਸਿਰਜਣ ਲਈ ਸੰਘਰਸ਼ਸ਼ੀਲ ਲੋਕਾਂ ਨਾਲ ਇਕਜੁੱਟਤਾ ਬਨਾਉਣੀ ਤੇ ਉਹਨਾਂ ਵਾਸਤੇ ਵੱਧ ਤੋਂ ਵੱਧ ਸਹਿਯੋਗ ਜੁਟਾਉਣਾ।
(ii) ਸਮੁੱਚੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਉਹਨਾਂ ਦੇ ਸਰਵਪੱਖੀ ਸ਼ਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਰਾਹੀਂ ਸਮਾਜ ਦੇ ਜ਼ੁੱਮੇਵਾਰ ਤੇ ਅਨੁਸ਼ਾਸਨਬੱਧ ਸ਼ਹਿਰੀਆਂ ਵਜੋਂ ਵਿਕਸਤ ਕਰਨ ਲਈ ਸੰਗਠਿਤ ਤੇ ਯੋਜਨਾਬੱਧ ਉਪਰਾਲੇ ਕਰਨੇ।
(iii) ਨੌਜਵਾਨਾਂ ਨੂੰ ਦਰਪੇਸ਼ ਵਿਆਪਕ ਸਮਾਜਕ-ਆਰਥਕ ਸਮੱਸਿਆਵਾਂ ਜਿਵੇਂ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਕਮੀ, ਬੇਕਾਰੀ ਅਤੇ ਭਰਿਸ਼ਟਾਚਾਰ ਆਦਿ ਵਿਰੁੱਧ ਪਹਿਲ ਕਦਮੀ ਕਰਕੇ ਜਨਤਕ ਸੰਘਰਸ਼ ਲਾਮਬੰਦ ਕਰਨੇ।
(iv) ਨੌਜਵਾਨਾਂ ਨੂੰ ਪਿਛਾਖੜੀ, ਅੰਧਵਿਸ਼ਾਵਾਸੀ ਤੇ ਹਨੇਰ ਵਿਰਤੀਵਾਦੀ ਵਿਚਾਰਧਾਰਾ ਤੋਂ ਮੁਕਤ ਕਰਾਉਣ ਅਤੇ ਉਹਨਾਂ ਅੰਦਰ ਤਰਕਸ਼ੀਲਤਾ 'ਤੇ ਆਧਾਰਤ ਅਗਾਂਹਵਧੂ ਵਿਗਿਆਨਕ ਦਰਿਸ਼ਟੀਕੋਨ ਪੈਦਾ ਕਰਨ ਅਤੇ ਮਜ਼ਬੂਤ ਕਰਨ ਲਈ ਉਪਰਾਲੇ ਕਰਨਾ।
(v) ਨੌਜਵਾਨਾਂ ਨੂੰ ਸਾਮਰਾਜਵਾਦੀ ਧੌਂਸ ਤੇ ਚੌਧਰਵਾਦ ਅਤੇ ਪੂੰਜੀਵਾਦੀ ਤੇ ਜਗੀਰੂ ਲੁੱਟ-ਚੋਂਘ ਵਿਰੁੱਧ ਜਾਗਰੂਕ ਕਰਨਾ ਅਤੇ ਇਹਨਾਂ ਵਿਰੁੱਧ ਜਮਹੂਰੀ ਸ਼ਕਤੀਆਂ ਵਲੋਂ ਚਲਾਏ ਜਾ ਰਹੇ ਸੰਘਰਸ਼ਾਂ ਵਿਚ ਹਿੱਸੇਦਾਰ ਬਨਾਉਣਾ।
(vi) ਨੌਜਵਾਨਾਂ ਨੂੰ ਪਿਛਾਖੜੀ ਫਿਰਕਾਪ੍ਰਸਤ, ਰੂੜ੍ਹੀਵਾਦੀ, ਅੰਧ-ਰਾਸ਼ਟਰਵਾਦੀ ਤੇ ਵੰਡਵਾਦੀ ਲਹਿਰਾਂ ਵਿਰੁੱਧ ਸੁਚੇਤ ਕਰਨਾ ਅਤੇ ਇਹਨਾਂ ਵਿਰੁੱਧ ਵਿਚਾਰਧਾਰਕ ਸੰਘਰਸ਼ਾਂ ਦੇ ਮੈਦਾਨ ਵਿਚ ਉਤਾਰਨਾ।
(vii) ਇਕ ਵਿਗਿਆਨਕ ਤੇ ਲੋਕਰਾਜੀ ਵਿਦਿਅਕ ਢਾਂਚੇ ਦੀ ਸਥਾਪਤੀ ਵਾਸਤੇ ਸੰਘਰਸ਼ ਕਰਨਾ ਤਾਂ ਜੋ ਮਿਆਰੀ ਤੇ ਉੱਚੀ ਪੱਧਰ ਤੱਕ ਦੀ ਵਿਦਿਆ ਸਾਰੇ ਨੌਜਵਾਨ ਲੜਕੇ/ਲੜਕੀਆਂ ਦੀ ਪਹੁੰਚ ਵਿਚ ਰਹੇ।
(viii) ਨਿਘਾਰਗਰਸਤ ਪੂੰਜੀਵਾਦ ਵਲੋਂ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ ਦੇ ਵੰਡਣ ਦੇ ਰੂਪ ਵਿਚ ਕੀਤੇ ਗਏ ਖਤਰਨਾਕ ਹਮਲੇ ਤੋਂ ਨੌਜਵਾਨਾਂ ਨੂੰ ਜਾਗਰੂਕ ਕਰਨਾ, ਇਸ ਹਮਲੇ ਨੂੰ ਚੇਤੰਨ ਤੌਰ 'ਤੇ ਰੋਕਣ ਲਈ ਸੰਗਠਿਤ ਯਤਨ ਕਰਕੇ ਅਤੇ ਖੇਡ ਮੇਲਿਆਂ, ਸਭਿਆਚਾਰਕ ਮੇਲਿਆਂ, ਲਾਇਬਰੇਰੀਆਂ ਆਦਿ ਰਾਹੀਂ ਨੌਜਵਾਨ ਲੜਕੇ/ਲੜਕੀਆਂ ਨੂੰ ਸ਼ਰੀਰਕ ਸਡੌਲਤਾ ਤੇ ਬੌਧਿਕ ਰਚਨਾਤਮਿਕਤਾ ਵਿਕਸਤ ਕਰਨ ਲਈ ਉਤਸ਼ਾਹਤ ਕਰਨਾ।
(ix) ਦੁਰਘਟਨਾਵਾਂ ਤੇ ਕੁਦਰਤੀ ਕਰੋਪੀਆਂ ਸਮੇਂ ਪੀੜਤ ਲੋਕਾਂ ਦੀ ਸਹਾਇਤਾ ਤੇ ਸਾਂਭ ਸੰਭਾਲ ਲਈ ਠੋਸ ਪਹਿਲਕਦਮੀਆਂ ਜਥੇਬੰਦ ਕਰਨਾ।
(x) ਪਿਛਾਖੜੀ ਰਸਮ-ਰਿਵਾਜਾਂ, ਛੂਆਛੂਤ, ਦਹੇਜ਼ ਪ੍ਰਥਾ, ਅੰਤਰ-ਜਾਤੀ ਵਿਆਹਾਂ ਪ੍ਰਤੀ ਤਰਿਸਕਾਰਪੂਰਨ ਭਾਵਨਾ, ਵਹਿਮਪ੍ਰਸਤੀ ਅਤੇ ਭਰੂਣ ਹੱਤਿਆ ਵਰਗੇ ਕੁਕਰਮਾਂ ਵਿਰੁੱਧ ਜਾਗਰਿਤੀ ਲਹਿਰਾਂ ਜਥੇਬੰਦ ਕਰਨਾ ਅਤੇ ਸੰਘਰਸ਼ ਕਰਨਾ।
(xi) ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਚਿੰਬੜੇ ਹੋਏ ਜਾਤ-ਪਾਤ ਦੇ ਕੋਹੜ, ਜਿਹੜਾ ਕਿ ਮਨੁੱਖਾਂ ਵਿਚਕਾਰ ਅਨੇਕਾਂ ਤਰ੍ਹਾਂ ਦੀਆਂ ਅਣਮਨੁੱਖੀ ਵੰਡੀਆਂ ਤੇ ਵਿਤਕਰਿਆਂ ਨੂੰ ਜਨਮ ਦਿੰਦਾ ਹੈ ਅਤੇ ਜਿਹੜਾ ਕਿਰਤੀ ਲੋਕਾਂ ਦੀ ਸਮਾਜਕ ਇਕਜੁਟਤਾ ਵਿਚ ਬੁਰੀ ਤਰ੍ਹਾਂ ਰੁਕਾਵਟ ਬਣਿਆ ਹੋਇਆ ਹੈ, ਵਿਰੁੱਧ ਸ਼ਕਤੀਸ਼ਾਲੀ ਤੇ ਬੱਝਵੇਂ ਸੰਘਰਸ਼ ਲਾਮਬੰਦ ਕਰਨਾ। ਔਰਤਾਂ ਤੇ ਲੜਕੀਆਂ ਉੱਪਰ ਵੱਧ ਰਹੇ ਜਿਣਸੀ ਹਮਲਿਆਂ ਤੇ ਸਮਾਜਕ ਜਬਰ ਵਿਰੁੱਧ ਚੇਤਨ ਰੂਪ ਵਿਚ ਸੰਘਰਸ਼ ਕਰਨਾ।
(xii) ਸਾਮਰਾਜਵਾਦੀ ਆਚਾਰ-ਵਿਵਹਾਰ ਦੇ ਅਸਰ ਹੇਠ ਦਿਨੋਂ ਦਿਨ ਵੱਧ ਰਹੇ ਲਚਰ-ਸਭਿਆਚਾਰ, ਨੰਗੇਜ਼ਵਾਦ, ਗੁੰਡਾਗਰਦੀ ਤੇ ਮਾਰਧਾੜ ਦੇ ਪ੍ਰਸਾਰ-ਪ੍ਰਚਾਰ ਵਿਰੁੱਧ ਸੰਘਰਸ਼ ਕਰਨਾ ਅਤੇ ਇਸ ਦੇ ਟਾਕਰੇ ਲਈ ਨਰੋਆ, ਲੋਕ ਜਮਹੂਰੀ ਤੇ ਸਿਹਤਮੰਦ ਸਭਿਆਚਾਰ ਉਭਾਰਨ ਤੇ ਸਥਾਪਤ ਕਰਨ ਲਈ ਯੋਜਨਾਬੱਧ ਉਪਰਾਲੇ ਕਰਨੇ।
(xiii) ਪ੍ਰਸ਼ਾਸਨਿਕ ਤੇ ਪੁਲਸੀ ਜਬਰ ਵਿਰੁੱਧ ਅਤੇ ਰਿਸ਼ਵਤਖੋਰੀ ਅਦਿ ਵਿਰੁੱਧ ਸੰਘਰਸ਼ ਕਰਨੇ ਅਤੇ ਜਮਹੂਰੀ ਲਹਿਰ ਨਾਲ ਮਿਲਕੇ ਸਾਂਝੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨਾ।
(xiv) ਹੋਰ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਨਾਲ ਭਰਾਤਰੀ ਸਹਿਯੋਗ ਵਿਕਸਤ ਕਰਨਾ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਨਿਰੰਤਰ ਵੱਧ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਨਾਲ ਮਿਲਕੇ ਸਾਂਝੇ ਸੰਘਰਸ਼ ਲਾਮਬੰਦ ਕਰਨੇ।
(xv) ਦੇਸ਼ ਅੰਦਰ ਵੱਧ ਰਹੇ ਏਕਾਅਧਿਕਾਰਵਾਦ ਤੇ ਫਿਰਕਾਪ੍ਰਸਤੀ ਵਿਰੁੱਧ, ਜਮਹੂਰੀ ਸੰਸਥਾਵਾਂ ਨਾਲ ਲਗਾਤਾਰ ਵੱਧ ਰਹੇ ਖਿਲਵਾੜ ਵਿਰੁੱਧ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਸੰਘਰਸ਼ ਕਰਨਾ।
(xvi) ਜਥੇਬੰਦੀ ਦੇ ਉਦੇਸ਼ਾਂ ਤੇ ਫੈਸਲਿਆਂ ਦੇ ਪ੍ਰਚਾਰ-ਪ੍ਰਸਾਰ ਲਈ ਕਿਤਾਬਚੇ ਛਾਪਣਾ ਅਤੇ ਵਰਕਸ਼ਾਪਾਂ, ਸੈਮੀਨਾਰਾਂ ਤੇ ਗੋਸ਼ਟੀਆਂ ਆਦਿ ਦਾ ਆਯੋਜਨ ਕਰਨਾ।
4. ਮੈਂਬਰਸ਼ਿਪ : 14 ਤੋਂ 40 ਸਾਲ ਦੇ ਵਿਚਕਾਰ ਦੀ ਉਮਰ ਦਾ ਕੋਈ ਵੀ ਨੌਜਵਾਨ (ਲੜਕਾ ਜਾਂ ਲੜਕੀ) ਬਿਨਾਂ ਕਿਸੇ ਧਰਮ, ਜਾਤ ਜਾਂ ਨਸਲ ਦੇ ਵਿਤਕਰੇ ਦੇ, ਜੇਕਰ ਸਭਾ ਦੇ ਐਲਾਨਨਾਮੇਂ ਅਤੇ ਸੰਵਿਧਾਨ ਨੂੰ ਪ੍ਰਵਾਨ ਕਰਦਾ ਹੈ ਅਤੇ ਨਿਯਮਤ ਰੂਪ ਵਿਚ ਇਸਦੀ ਸਾਲਾਨਾ ਮੈਂਬਰਸ਼ਿਪ ਫੀਸ ਦਿੰਦਾ ਹੈ ਤਾਂ ਉਹ ਸਭਾ ਦਾ ਮੈਂਬਰ ਬਣ ਸਕਦਾ ਹੈ।
(i) ਸਲਾਨਾ ਮੈਂਬਰਸ਼ਿਪ ਫੀਸ 5 ਰੁਪਏ ਹੋਵੇਗੀ। ਇਸ ਵਿਚੋਂ ਇੱਕ ਰੁਪਇਆ ਤਹਿਸੀਲ ਕਮੇਟੀ ਅਤੇ ਇੱਕ ਰੁਪਇਆ ਜਿਲ੍ਹਾ ਕਮੇਟੀ ਆਪਣੇ ਪਾਸ ਰੱਖੇਗੀ ਅਤੇ ਬਾਕੀ ਫੀਸ ਉਪਰਲੀ ਕਮੇਟੀ ਪਾਸ ਜਮ੍ਹਾਂ ਹੋਵੇਗੀ।
(ii) ਮੈਂਬਰਸ਼ਿਪ ਕੈਲੰਡਰ ਸਾਲ ਅਨੁਸਾਰ ਹੋਵੇਗੀ।
(iii) ਸਭਾ ਦੇ ਹਰ ਮੈਂਬਰ ਨੂੰ ਕਿਸੇ ਵੀ ਹੋਰ ਅਜੇਹੀ ਜਥੇਬੰਦੀ ਜਾਂ ਮੰਚ ਦਾ ਮੈਂਬਰ ਬਨਣ ਦੀ ਖੁੱਲ ਹੋਵੇਗੀ, ਜਿਸਦੇ ਉਦੇਸ਼ ਆਮ ਜਮਹੂਰੀ ਲਹਿਰ ਅਤੇ ਸਭਾ ਤੇ ਉਦੇਸ਼ਾਂ ਅਤੇ ਫੈਸਲਿਆਂ ਨਾਲ ਟਕਰਾਉਂਦੇ ਨਾ ਹੋਣ। ਸਭਾ ਦੀ ਉਪਰਲੀ ਕਮੇਟੀ ਕਿਸੇ ਅਜਿਹੀ ਸੰਸਥਾਂ ਜਾਂ ਮੰਚ ਨੂੰ ਇਲਹਾਕਬੱਧ ਵੀ ਕਰ ਸਕਦੀ ਹੈ, ਜਿਸ ਦੇ ਉਦੇਸ਼ ਸਭਾ ਨਾਲ ਟਕਰਾਉਂਦੇ ਨਾ ਹੋਣ ਅਤੇ ਉਪਰਲੀ ਕਮੇਟੀ ਇਸ ਨੂੰ ਹਟਾ ਵੀ ਸਕਦੀ ਹੈ।
5. ਮੈਂਬਰਾਂ ਦੇ ਅਧਿਕਾਰ
(i) ਹਰ ਇਕ ਮੈਂਬਰ ਨੂੰ ਬਿਨ੍ਹਾਂ ਕਿਸੇ ਦਬਾਅ ਜਾਂ ਸ਼ਰਤ ਦੇ, ਜਥੇਬੰਦਕ ਚੋਣਾਂ ਵਿਚ ਨੁਮਾਇੰਦੇ ਚੁਣਨ ਜਾਂ ਆਮ ਚੁਣੇ ਜਾਣ ਦਾ ਅਧਿਕਾਰ ਹੋਵੇਗਾ।
(ii) ਹਰ ਇਕ ਮੈਂਬਰ ਨੂੰ ਆਪਣੇ ਅਹੁਦੇ ਜਾਂ ਜਥੇਬੰਦੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਅਧਿਕਾਰ ਹੋਵੇਗਾ।
(iii) ਹਰ ਇਕ ਮੈਂਬਰ ਨੂੰ ਸਬੰਧਤ ਇਕਾਈ ਦੀ ਲੀਡਰਸ਼ਿਪ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇਗਾ। ਉਸਨੂੰ ਉਪਰਲੀਆਂ ਕਮੇਟੀਆਂ ਦੇ ਮਾਧਿਅਮ ਰਾਹੀਂ ਜਾਂ ਸਿੱਧੇ ਹੀ ਉਪਰਲੀ ਲੀਡਰਸ਼ਿਪ ਤੱਕ ਆਪਣੀ ਗੱਲ ਪਹੁੰਚਾਉਣ ਦਾ, ਆਪਣੇ ਸੁਝਾਅ ਦੇਣ ਜਾਂ ਮੱਤਭੇਦ ਰੱਖਣ ਦਾ ਅਧਿਕਾਰ ਹੋਵੇਗਾ।
6. ਮੈਂਬਰਾਂ ਦੇ ਫਰਜ਼ ਤੇ ਜਿੰਮੇਵਾਰੀਆਂ
(i) ਜਥੇਬੰਦੀ ਦੇ ਐਲਾਨਨਾਮੇ ਅਨੁਸਾਰ, ਜਥੇਬੰਦੀ ਦੇ ਉਦੇਸ਼ਾਂ ਅਤੇ ਟੀਚਿਆਂ ਦੀ ਪੂਰਤੀ ਲਈ ਕੰਮ ਕਰਨਾ, ਇਹਨਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨਾ, ਇਸਦੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਣਾ ਅਤੇ ਇਸਦੇ ਪ੍ਰੋਗਰਾਮਾਂ ਅਤੇ ਸੰਘਰਸ਼ਾਂ ਵਿਚ ਹਿੱਸਾ ਲੈਣਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(ii) ਕੇਂਦਰੀ ਸੰਮੇਲਨ ਜਾਂ ਉਸ ਤੋਂ ਹੇਠਲੇ ਪੱਧਰ ਦੇ ਸੰਮੇਲਨ ਅਤੇ ਉਪਰਲੇ ਦਰਜ਼ੇ ਦੀਆਂ ਕਮੇਟੀਆਂ ਦੇ ਫੈਸਲਿਆਂ ਨੂੰ ਲਾਗੂ ਕਰਨਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(iii) ਸੰਬੰਧਤ ਇਕਾਈ ਜਾਂ ਕਮੇਟੀ ਦੇ ਬਹੁਮਤ ਦੁਆਰਾ ਪਾਸ ਕੀਤੇ ਫੈਸਲੇ ਨੂੰ ਲਾਗੂ ਕਰਨਾ ਹਰ ਇਕ ਮੈਂਬਰ ਦਾ ਫਰਜ਼ ਹੋਵੇਗਾ।
(iv) ਹਰ ਇਕ ਮੈਂਬਰ ਦਾ ਇਹ ਫਰਜ਼ ਹੋਵੇਗਾ ਕਿ ਉਹ ਜਥੇਬੰਦੀਆਂ ਦੀਆਂ ਪ੍ਰਕਾਸ਼ਨਾਵਾਂ ਨੂੰ ਪੜ੍ਹੇ ਅਤੇ ਉਹਨਾਂ ਨੂੰ ਵੰਡੇ, ਪ੍ਰਚਾਰੇ ਅਤੇ ਹਰਮਨ ਪਿਆਰਾ ਬਣਾਵੇ।
(v) ਹਰ ਇਕ ਮੈਂਬਰ ਦਾ ਇਹ ਫਰਜ਼ ਹੋਵੇਗਾ ਕਿ ਉਹ ਇਕ ਸੱਚੇ ਸਦਾਚਾਰੀ ਦੀ ਤਰ੍ਹਾਂ ਸਾਦਾ, ਸਖਤ ਮਿਹਨਤੀ, ਅਨੁਸ਼ਾਸ਼ਤ ਅਤੇ ਉੱਚ ਨੈਤਿਕ ਆਦਰਸ਼ਾਂ ਵਾਲਾ ਜੀਵਨ ਬਿਤਾਏ, ਜਨਤਾ ਦੀ ਸੇਵਾ ਕਰੇ ਅਤੇ ਅਜਿਹਾ ਕੋਈ ਕੰਮ ਨਾ ਕਰੇ ਜੋ ਜਥੇਬੰਦੀ ਦੇ ਹਿੱਤਾਂ ਅਤੇ ਅਸੂਲਾਂ ਦੇ ਉਲਟ ਹੋਵੇ।
7. ਜਥੇਬੰਦਕ ਢਾਂਚਾ :
(i) ਕੇਂਦਰੀ ਸੰਮੇਲਨ
(ii) ਕੇਂਦਰੀ ਕਾਰਜ ਕਾਰਨੀ ਕਮੇਟੀ
(iii) ਕੇਂਦਰੀ ਸਕੱਤਰੇਤ
(iv) ਨਿਸ਼ਚਤ ਏਰੀਏ ਦੇ ਆਧਾਰ 'ਤੇ ਜਥੇਬੰਦ ਕੀਤੀਆਂ ਇਕਾਈਆਂ ਅਤੇ ਉਹਨਾਂ ਦੀਆਂ ਕਮੇਟੀਆਂ
(v) ਮੁੱਢਲੀ ਇਕਾਈ
8. ਜਥੇਬੰਦਕ ਨਿਯਮ : ਸਭਾ ਜਮਹੂਰੀ ਕਾਰਜ ਪ੍ਰਣਾਲੀ ਦੇ ਸਥਾਪਤ ਨਿਯਮ ਅਨੁਸਾਰ ਕੰਮ ਕਰੇਗੀ। ਇਸ ਨਿਯਮ ਅਨੁਸਾਰ
(i) ਹਰ ਪੱਧਰ ਦੀ ਕਮੇਟੀ ਬਾਕਾਇਦਾ ਚੁਣੀ ਹੋਈ ਹੋਵੇਗੀ।
(ii) ਹਰ ਪੱਧਰ 'ਤੇ ਘੱਟ ਗਿਣਤੀ, ਬਹੁਗਿਣਤੀ ਦੇ ਫੈਸਲਿਆਂ ਦੀ ਪਾਬੰਦ ਹੋਵੇਗੀ।
(iii) ਹਰ ਕਮੇਟੀ ਮੀਟਿੰਗ ਲਈ ਕੋਰਮ ਕੁੱਲ ਅਧਿਕਾਰਤ ਮੈਂਬਰਾਂ ਦੀ ਗਿਣਤੀ ਦਾ ਘੱਟੋ ਘੱਟ ਚਾਲੀ ਫੀਸਦੀ ਹੋਵੇਗਾ।
(iv) ਹਰ ਹੇਠਲੀ ਕਮੇਟੀ ਉਪਰਲੀ ਕਮੇਟੀ ਦੇ ਫੈਸਲਿਆਂ ਦੀ ਪਾਬੰਦ ਰਹੇਗੀ ਅਤੇ ਉਸਦੇ ਫੈਸਲਿਆਂ ਨੂੰ ਲਾਗੂ ਕਰੇਗੀ।
(v) ਸਮੁੱਚੀ ਜਥੇਬੰਦੀ ਕੇਂਦਰੀ ਕਾਰਜਕਾਰਨੀ ਕਮੇਟੀ/ਕੇਂਦਰੀ ਕਾਨਫਰੰਸ ਦੇ ਫੈਸਲਿਆਂ ਦੀ ਪਾਬੰਦ ਹੋਣੇਗੀ।
(vi) ਕੇਂਦਰੀ ਕਾਨਫਰੰਸ ਸਭਾ ਦਾ ਸਰਵ ਉੱਚ ਅਦਾਰਾ ਹੋਵੇਗਾ।
9. ਜਥੇਬੰਦਕ ਬਣਤਰ ਤੇ ਕਾਰਜਪ੍ਰਣਾਲੀ :
1. ਮੁਢਲੀ ਇਕਾਈ : ਘੱਟ ਤੋਂ ਘੱਟ 25 ਮੈਂਬਰਾਂ ਦੇ ਆਧਾਰ 'ਤੇ ਹਰ ਪਿੰਡ/ਮੁਹੱਲੇ/ਵਾਰਡ ਵਿਚ ਸਭਾ ਦੀ ਮੁੱਢਲੀ ਇਕਾਈ ਗਠਿਤ ਕੀਤੀ ਜਾਵੇਗੀ। ਮੁੱਢਲੀ ਇਕਾਈ ਆਪਣੇ ਮੈਂਬਰਾਂ ਵਿਚੋਂ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਸਮੇਤ ਹੋਰ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦੀ ਚੋਣ ਕਰੇਗੀ।
2. ਏਰੀਆ ਕਮੇਟੀ : ਕਿਸੇ ਵੀ ਏਰੀਏ ਅੰਦਰ ਘੱਟ ਤੋਂ ਘੱਟ 5 ਮੁੱਢਲੀਆਂ ਇਕਾਈਆਂ ਗਠਿਤ ਹੋ ਜਾਣ 'ਤੇ ਏਰੀਆ ਕਮੇਟੀ ਦਾ ਗਠਨ ਕੀਤਾ ਜਾਵੇਗਾ। ਏਰੀਆ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਏਰੀਆ ਕਮੇਟੀ ਦੇ ਅਜਲਾਸ 'ਚ ਕੀਤੀ ਜਾਵੇਗੀ।
3. ਤਹਿਸੀਲ ਕਮੇਟੀ : ਕਿਸੇ ਵੀ ਤਹਿਸੀਲ ਅੰਦਰ ਘੱਟ ਤੋਂ ਘੱਟ 2 ਏਰੀਆઠ ਕਮੇਟੀਆਂ ਅਤੇ 20 ਮੁੱਢਲੀਆਂ ਇਕਾਈਆਂ ਗਠਿਤ ਹੋ ਜਾਣ 'ਤੇ ਤਹਿਸੀਲ ਕਮੇਟੀ ਦਾ ਗਠਨ ਕੀਤਾ ਜਾਵੇਗਾ। ਤਹਿਸੀਲ ਕਮੇਟੀ ਦੀ ਚੋਣ ਤਹਿਸੀਲ ਅਜਲਾਸ ਵਿਚ ਕੀਤੀ ਜਾਵੇਗੀ। ਤਹਿਸੀਲ ਅਜਲਾਸ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ ਅਤੇ ਖਜਾਨਚੀ ਸਮੇਤ ਅਹੁਦੇਦਾਰਾਂ ਦੀ ਚੋਣ ਕਰੇਗੀ। ਤਹਿਸੀਲ ਕਮੇਟੀ ਅਤੇ ਇਸ ਤੋਂ ਹੇਠਲੀਆਂ ਕਮੇਟੀਆਂ ਦੀ ਚੋਣ ਹਰ ਸਾਲ ਹੋਵੇਗੀ।
4. ਜ਼ਿਲ੍ਹਾ ਕਮੇਟੀ : ਕਿਸੇ ਵੀ ਜ਼ਿਲ੍ਹੇ ਅੰਦਰ ਘੱਟੋ ਘੱਟ ਅੱਧੀਆਂ ਤਹਿਸੀਲ ਕਮੇਟੀਆਂ ਬਣ ਜਾਣ 'ਤੇ ਜ਼ਿਲ੍ਹਾ ਕਮੇਟੀ ਦਾ ਗਠਨ ਹੋ ਸਕੇਗਾ। ਜਿਲ੍ਹਾ ਕਮੇਟੀ ਦੀ ਚੋਣ ਲਈ ਤਹਿਸੀਲ ਅਜਲਾਸਾਂ 'ਚ ਡੈਲੀਗੇਟ ਚੁਣੇ ਜਾਣਗੇ, ਜਿਹੜੇ ਮੈਂਬਰਸ਼ਿੱਪ ਦੇ ਨਿਸ਼ਚਤ ਅਨੁਪਾਤ ਵਿਚ ਹੋਣਗੇ। ਜ਼ਿਲ੍ਹਾ ਅਜਲਾਸ 'ਚ ਪ੍ਰਧਾਨ, ਦੋ ਮੀਤ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ, ਖਜਾਨਚੀ ਅਤੇ ਪ੍ਰੈਸ ਸਕੱਤਰ ਦੇ ਰੂਪ 'ਚ ਅਹੁਦੇਦਾਰਾਂ ਸਮੇਤ ਕਮੇਟੀ ਦੀ ਚੋਣ ਕੀਤੀ ਜਾਵੇਗੀ। ਹਰ ਤਹਿਸੀਲ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਵੀ ਜਿਲ੍ਹਾ ਕਮੇਟੀ ਦੇ ਐਕਸ ਔਫੀਸ਼ੋ ਮੈਂਬਰ ਹੋਣਗੇ। ਜਿਲ੍ਹਾ ਕਮੇਟੀ ਦੀ ਚੋਣ ਹਰ ਦੋ ਵਰ੍ਹਿਆਂ ਬਾਅਦ ਹੋਵੇਗੀ।
5. ਸੂਬਾਈ ਅਜਲਾਸ : ਕਿਸੇ ਵੀ ਰਾਜ ਅੰਦਰ ਜਿਲ੍ਹਾ ਕਮੇਟੀਆਂ ਦਾ ਕੰਮ ਸੁਚਾਰੂ ਰੂਪ ਅਤੇ ਤਾਲਮੇਲ 'ਚ ਚਲਾਉਣ ਲਈ ਰਾਜ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਦੀ ਚੋਣ ਜਿਲ੍ਹਾ ਅਧਾਰਿਤ, ਮੈਂਬਰਸ਼ਿੱਪ ਦੇ ਅਨੁਪਾਤ 'ਚ ਡੈਲੀਗੇਟਾਂ ਰਾਹੀ ਕੀਤੀ ਜਾਵੇਗੀ। ਸੂਬਾਈ ਡੈਲੀਗੇਟ ਅਜਲਾਸ ਨੂੰ ਨਵੀਂ ਸੂਬਾ ਕਮੇਟੀ ਚੁਣਨ ਦਾ ਅਧਿਕਾਰ ਹੋਵੇਗਾ।ઠઠઠ
6. ਕੇਂਦਰੀ ਸੰਮੇਲਨ :
(i) ਕੇਂਦਰੀ ਸੰਮੇਲਨ ਆਮ ਤੌਰ 'ਤੇ ਹਰ ਤਿੰਨ ਸਾਲ ਬਾਅਦ ਹੋਵੇਗਾ। ਇਹ ਸੰਮੇਲਨ ਕੇਂਦਰੀ ਕਾਰਜਕਾਰਨੀ ਕਮੇਟੀ ਅਤੇ ਕੇਂਦਰੀ ਅਹੁਦੇਦਾਰਾਂ ਦੀ ਚੋਣ ਕਰੇਗਾ। ਕਿਸੇ ਵਿਸ਼ੇਸ਼ ਕਾਰਜ ਲਈ ਕੇਂਦਰੀ ਕਾਰਜਕਾਰਨੀ ਕਮੇਟੀ ਵਿਸ਼ੇਸ਼ ਸੰਮੇਲਨ ਬੁਲਾਉਣ ਲਈ ਵੀ ਅਧਿਕਾਰਤ ਹੋਵੇਗੀ।
(ii) ਕੇਂਦਰੀ ਸੰਮੇਲਨ ਦੇ ਸਮੇਂ, ਸਥਾਨ ਅਤੇ ਕਾਰਜ ਸੂਚੀ ਬਾਰੇ ਫੈਸਲਾ ਕੇਂਦਰੀ ਕਾਰਜਕਾਰੀ ਕਮੇਟੀ ਕਰੇਗੀ। ਕੇਂਦਰੀ ਸੰਮੇਲਨ ਸਬੰਧੀ ਨੋਟਿਸ ਤਿੰਨ ਮਹੀਨੇ ਪਹਿਲਾਂ ਜਾਰੀ ਕੀਤਾ ਜਾਵੇਗਾ।
(iii) ਕੇਂਦਰੀ ਸੰਮੇਲਨ ਲਈ ਡੈਲੀਗੇਟਾਂ ਦੀ ਚੋਣ ਸਬੰਧੀ ਸੇਧਾਂ ਕੇਂਦਰੀ ਕਾਰਜਕਾਰਨੀ ਕਮੇਟੀ ਤੈਅ ਕਰੇਗੀ।
(iv) ਕਾਰਜਕਾਰਨੀ ਕਮੇਟੀ ਦੇ ਸਾਰੇ ਮੈਂਬਰ ਐਕਸ ਔਫੀਸ਼ੋ ਡੈਲੀਗੇਟ ਹੋਣਗੇ।
(v) ਕੇਂਦਰੀ ਸੰਮੇਲਨ ਆਮ ਤੌਰ 'ਤੇ ਤਿੰਨ ਦਿਨਾਂ ਦਾ ਹੋਵੇਗਾ। ਇਹ ਪਿਛਲੇ ਸਮੇਂ ਤੋਂ ਲੈ ਕੇ ਸੰਮੇਲਨ ਤੱਕ ਦੇ ਸਾਰੇ ਕੰਮਾਂ ਦੀ ਸਮੀਖਿਆ ਕਰੇਗਾ, ਭਵਿੱਖ ਦੇ ਲਈ ਨੀਤੀਆਂ ਤੇ ਪ੍ਰੋਗਰਾਮ ਤੈਅ ਕਰੇਗਾ, ਵਿੱਤੀ ਰਿਪੋਰਟ ਪ੍ਰਵਾਨ ਕਰੇਗਾ, ਕਾਰਜਕਾਰਨੀ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਕਰੇਗਾ ਅਤੇ ਲੋੜ ਅਨੁਸਾਰ ਸੰਵਿਧਾਨ ਵਿਚ ਸੋਧ ਕਰੇਗਾ।
7. ਕੇਂਦਰੀ ਕਾਰਜ ਕਾਰਨੀ ਕਮੇਟੀ :
(i) ਕੇਂਦਰੀ ਕਾਨਫਰੰਸ ਇਕ 11 ਅਹੁਦੇਦਾਰਾਂ-ਪ੍ਰਧਾਨ, ਚਾਰ ਮੀਤ ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ, ਸਹਾਇਕ ਸਕੱਤਰ, ਪ੍ਰੈਸ ਸਕੱਤਰ, ਜਥੇਬੰਦਕ ਸਕੱਤਰ, ਕੈਸ਼ੀਅਰ, ਸਕੱਤਰਰੇਤ ਮੈਂਬਰਾਂ ਸਮੇਤ ਇੱਕ ਸਕੱਤਰੇਤ ਅਤੇ ਹੋਰ ਕਮੇਟੀ ਮੈਂਬਰਾਂ ਸਮੇਤ ਕੇਂਦਰੀ ਕਾਰਜਕਾਰਨੀ ਕਮੇਟੀ ਚੁਣੀ ਜਾਵੇਗੀ, ਜਿਹੜੀ ਦੋ ਕੇਂਦਰੀ ਸੰਮੇਲਨਾਂ ਦੌਰਾਨ ਜਥੇਬੰਦੀ ਦੀ ਸਰਵਉੱਚ ਨੀਤੀ ਨਿਰਧਾਰਤ ਕਮੇਟੀ ਹੋਵੇਗੀ। ਕਮੇਟੀ ਦੀ ਚੋਣ ਅਤੇ ਕਮੇਟੀ ਮੈਂਬਰਾਂ ਦੀ ਗਿਣਤੀ ਕਾਨਫਰੰਸ ਵਲੋਂ ਨਿਸ਼ਚਤ ਕੀਤੀ ਜਾਵੇਗੀ। ਕਮੇਟੀ ਆਪਣੇ ਵਿਚੋਂ ਅਹੁਦੇਦਾਰ ਚੁਣੇਗੀ। ਪੁਰਾਣੀ ਕਮੇਟੀ, ਨਵੀਂ ਕਮੇਟੀ ਦੀ ਤਜ਼ਵੀਜ਼ ਕਾਨਫਰੰਸ ਅੱਗੇ ਪੇਸ਼ ਕਰੇਗੀ। ਜਿਸ ਨੂੰ ਪਾਸ ਕਰਨ ਦਾ ਅਧਿਕਾਰ ਕਾਨਫਰੰਸ ਕੋਲ ਹੋਵੇਗਾ। ਪੁਰਾਣੀ ਕਮੇਟੀ ਦੀ ਸਹਿਮਤੀ ਨਾ ਹੋਣ 'ਤੇ ਕੇਂਦਰੀ ਕਮੇਟੀ ਦੀ ਚੋਣ ਡੈਲੀਗੇਟਾਂ ਵਲੋਂ ਗੁਪਤ ਵੋਟਾਂ ਰਾਹੀ ਕੀਤੀ ਜਾਵੇਗੀ। ਇਹ ਚੋਣ ਵਿਧੀ ਹੇਠਲੀਆਂ ਇਕਾਈਆਂ ਦੀ ਚੋਣ ਲਈ ਵੀ ਅਪਣਾਈ ਜਾਵੇਗੀ।
(ii) ਇਸ ਦੀ ਮੀਟਿੰਗ ਤਿੰਨ ਮਹੀਨਿਆਂ ਵਿਚ ਘੱਟੋ ਘੱਟ ਇਕ ਵਾਰ ਲਾਜ਼ਮੀ ਹੋਵੇਗੀ। ਕਮੇਟੀ ਦੇ ਘੱਟੋ ਘੱਟ 40% ਮੈਂਬਰਾਂ ਦੀ ਮੰਗ 'ਤੇ ਸਪੈਸ਼ਲ ਮੀਟਿੰਗ ਬੁਲਾਈ ਜਾ ਸਕਦੀ ਹੈ।
(iii) ਕਿਸੇ ਅਹੁਦੇਦਾਰ ਦੇ ਅਸਤੀਫਾ ਦੇ ਜਾਣ ਆਦਿ ਕਾਰਨ ਖਾਲੀ ਹੋਈ ਥਾਂ ਦੀ ਪੂਰਤੀ ਕੇਂਦਰੀ ਕਾਰਜਕਾਰਨੀ ਦੇ ਮੈਂਬਰਾਂ 'ਚੋਂ ਕੀਤੀ ਜਾਵੇਗੀ।
8. ਸਕੱਤਰੇਤ :
(i) ਕੇਂਦਰੀ ਅਹੁਦੇਦਾਰਾਂ ਤੇ ਆਧਰਤ ਸਭਾ ਦਾ ਕੇਂਦਰੀ ਸਕੱਤਰੇਤ ਹੋਵੇਗਾ, ਜਿਸਦੀ ਹਰ ਮਹੀਨੇ ਵਿਚ ਘੱਟੋ ਘੱਟ ਇਕ ਮੀਟਿੰਗ ਲਾਜ਼ਮੀ ਹੋਵੇਗੀ।
(ii) ਕੇਂਦਰੀ ਕਾਰਜਕਾਰੀ ਕਮੇਟੀ ਦੀਆਂ ਦੋ ਮੀਟਿੰਗਾਂ ਵਿਚਲੇ ਸਮੇਂ ਦੌਰਾਨ ਸਕੱਤਰੇਤ, ਸਭਾ ਦੀਆਂ ਸਰਗਰਮੀਆਂ ਸਬੰਧੀ ਅਤੇ ਫੌਰੀ ਜਥੇਬੰਦਕ ਮੁੱਦਿਆਂ 'ਤੇ ਸਾਰੇ ਫੈਸਲੇ ਕਰਨ ਲਈ ਅਧਿਕਾਰਤ ਹੋਵੇਗਾ। ਆਖਰੀ ਮਨਜ਼ੂਰੀ ਕੇਂਦਰੀ ਕਮੇਟੀ ਤੋਂ ਲੈਣੀ ਹੋਵੇਗੀ।
(iii) ਲੋੜ ਅਨੁਸਾਰ ਸਕੱਤਰੇਤ ਆਪਣੇ ਵਿਚੋਂ ਅਤੇ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿਚ ਸਬ ਕਮੇਟੀਆਂ ਦਾ ਗਠਨ ਕਰਨ ਲਈ ਵੀ ਅਧਿਕਾਰਤ ਹੋਵੇਗੀ।
10. ਅਹੁਦੇਦਾਰਾਂ ਦੇ ਫਰਜ਼ :
ਪ੍ਰਧਾਨ : ਹਰ ਪੱਧਰ 'ਤੇ ਚੁਣਿਆ ਗਿਆ ਪ੍ਰਧਾਨ ਸਬੰਧਤ ਕਮੇਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਅਤੇ ਮੀਟਿੰਗਾਂ ਦੀ ਕਾਰਵਾਈ ਚਲਾਉਣ ਦੀ ਜ਼ੁੱਮੇਵਾਰੀ ਨਿਭਾਏਗਾ। ਪ੍ਰਧਾਨ ਦੀ ਗੈਰ ਹਾਜ਼ਰੀ ਵਿਚ ਇਹ ਜ਼ੁੱਮੇਵਾਰੀ ਮੀਤ ਪ੍ਰਧਾਨ ਨਿਭਾਵੇਗਾ।
ਸਕੱਤਰ : ਸਕੱਤਰ ਸਬੰਧਤ ਕਮੇਟੀ ਦੀ ਕਾਰਵਾਈ ਲਿਖਣ ਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਜੁੱਮੇਵਾਰ ਹੋਵੇਗਾ। ਉਹ ਇਹ ਯਕੀਨੀ ਬਣਾਇਗਾ ਕਿ ਮੀਟਿੰਗ ਦੀ ਸੂਚਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਅਧਿਕਾਰਤ ਹਰ ਮੈਂਬਰ ਨੂੰ ਸਮੇਂ ਸਿਰ ਮਿਲੇ। ਉਹ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਕੇ ਹਰ ਮੀਟਿੰਗ ਲਈ ਕਾਰਜ ਸੂਚੀ ਤਿਆਰ ਕਰੇਗਾ ਅਤੇ ਹੋਏ ਕੰਮਾਂ ਦੀ ਰਿਪੋਰਟ ਪੇਸ਼ ਕਰੇਗਾ। ਉਹ ਮੀਟਿੰਗਾਂ ਦੀ ਕਾਰਵਾਈ/ਫੈਸਲੇ ਸਾਰੇ ਅਹੁਦੇਦਾਰਾਂ ਅਤੇ ਹੇਠਲੀਆਂ ਕਮੇਟੀਆਂ ਨੂੰ ਭੇਜੇਗਾ।
ਖਜਾਨਚੀ : ਸਬੰਧਤ ਕਮੇਟੀ ਦੇ ਫੰਡਾਂ ਦਾ ਹਿਸਾਬ ਕਿਤਾਬ ਰੱਖੇਗਾ। ਉਹਨਾਂ ਨੂੰ ਸਭਾ ਦੇ ਨਾਂਅ 'ਤੇ ਆਪਣੇ ਪ੍ਰਧਾਨ ਅਤੇ ਸਕੱਤਰ, ਤਿੰਨਾਂ ਦੇ, ਨਾਵਾਂ ਹੇਠ ਕਿਸੇ ਬੈਂਕ ਜਾਂ ਹੋਰ ਸੁਰੱਖਿਅਤ ਅਦਾਰੇ ਵਿਚ ਜਮਾਂ ਕਰਾਏਗਾ ਅਤੇ ਕਮੇਟੀ ਵੱਲੋਂ ਮੰਗਣ ਤੇ ਵਿੱਤੀ ਰਿਪੋਰਟ ਪੇਸ਼ ਕਰੇਗਾ।
ਪ੍ਰੈਸ ਸਕੱਤਰ : ਸਭਾ ਦੀ ਸੰਬੰਧਤ ਕਮੇਟੀ ਦੇ ਫੈਸਲਿਆਂ ਦਾ ਪ੍ਰੈਸ ਆਦਿ ਰਾਹੀਂ ਪ੍ਰਚਾਰ ਕਰਨ ਦੀ ਜ਼ੁੱਮੇਵਾਰੀ ਨਿਭਾਏਗਾ।
ਜਥੇਬੰਦਕ ਸਕੱਤਰ : ਸਭਾ ਦੀ ਜਥੇਬੰਦਕ ਉਸਾਰੀ ਲਈ ਯੋਜਨਾਬੰਦੀ ਕਰੇਗਾ ਅਤੇ ਹੋਏ ਜਥੇਬੰਦਕ ਵਿਕਾਸ ਬਾਰੇ ਰਿਪੋਰਟ ਪੇਸ਼ ਕਰੇਗਾ।
11. ਅਨੁਸ਼ਾਸਨੀ ਕਾਰਵਾਈ :
(i) ਸਭਾ ਦਾ ਕੋਈ ਮੈਂਬਰ ਜਾਂ ਇਕਾਈ ਜੇਕਰ ਜਥੇਬੰਦੀ ਦੇ ਉਦੇਸ਼ਾਂ ਤੇ ਫੈਸਲਿਆਂ ਦੇ ਉਲਟ ਕੰਮ ਕਰੇ ਜਾਂ ਆਪਣੇ ਆਚਰਨ ਰਾਹੀਂ ਜਥੇਬੰਦੀ ਦੀ ਸਾਖ ਨੂੰ ਹਾਨੀ ਪਹੁੰਚਾਏ ਤਾਂ ਜਥੇਬੰਦੀ ਨੂੰ ਉਸਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ। ਇਸ ਕਾਰਵਾਈ ਅਧੀਨ ਲਿਖਤੀ ਚਿਤਾਵਨੀ ਦੇਣ, ਮੁਅੱਤਲੀ ਜਾਂ ਸਭਾ 'ਚੋਂ ਬਰਖਾਸਤ ਕਰ ਦੇਣ ਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਕਿਸੇ ਇਕਾਈ ਵਲੋਂ ਅਜਿਹਾ ਕਰਨ ਦੀ ਸੂਰਤ ਵਿਚ ਉਸਨੂੰ ਭੰਗ ਵੀ ਕੀਤਾ ਜਾ ਸਕਦਾ ਹੈ।
(ii) ਜਿਸ ਇਕਾਈ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੋਵੇ, ਉਸਨੂੰ ਸਬੰਧਤ ਕਮੇਟੀ ਅਤੇ ਉਪਰਲੀ ਕਮੇਟੀ ਦੇ ਸਾਹਮਣੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਅਪੀਲ ਕਰਨ ਦਾ ਅਧਿਕਾਰ ਹੋਵੇਗਾ।
(iii) ਜਿਸ ਮੈਂਬਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੋਵੇ ਉਸਨੂੰ ਵੀ ਧੁਰ ਉੱਪਰ ਤੱਕ ਭਾਵ ਕੇਂਦਰੀ ਕਾਰਜਕਾਰੀ ਕਮੇਟੀ ਤੱਕ ਅਪੀਲ ਕਰਨ ਦਾ ਅਧਿਕਾਰ ਹੋਵੇਗਾ।
12. ਸੰਵਿਧਾਨਕ ਸੋਧ : ਅਜੇਹਾ ਅਧਿਕਾਰ ਕੇਵਲ ਕੇਂਦਰੀ ਕਾਨਫਰੰਸ ਕੋਲ ਹੀ ਹੋਵੇਗਾ। ਇਸ ਮੰਤਵ ਲਈ ਕੋਈ ਵੀ ਮੈਂਬਰ/ਮੁੱਢਲੀ ਇਕਾਈ ਜਾਂ ਹੇਠਲੀ ਕਮੇਟੀ ਸੰਮੇਲਨ ਤੋਂ ਘੱਟੋ ਘੱਟ ਦੋ ਮਹੀਨੇ ਪਹਿਲਾਂ ਲਿਖਤੀ ਪ੍ਰਸਤਾਵ ਭੇਜ ਸਕਦੀ ਹੈ।

Sunday, 25 October 2015

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਐਲਾਨਨਾਮਾ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (शहीद भगत सिंह नौजवान सभा,
Shaheed Bhagat  Singh Youth Federation) ਦੀ ਦੂਜੀ ਕਾਨਫ਼ਰੰਸ ਮੌਕੇ 18-19-20 ਸਤੰਬਰ 2008 ਨੂੰ ਜੰਡਿਆਲਾ ਮੰਜਕੀ ਵਿਖੇ ਪਾਸ ਕੀਤਾ ਗਿਆ ਐਲਾਨਨਾਮਾ
Shaheed Bhagat Singh
1. ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਉਦੇਸ਼ ਸ਼ਹੀਦ-ਇ-ਆਜ਼ਮ ਤੇ ਉਸਦੇ ਯੁੱਧ ਸਾਥੀਆਂ ਦੇ ਇਨਕਲਾਬੀ ਸੁਪਨਿਆਂ ਨੂੰ ਸਾਕਾਰ ਕਰਨਾ ਅਤੇ ਇਕ ਗੌਰਵਸ਼ਾਲੀ, ਅਮੀਰ ਤੇ ਨਿਆਂਸੰਗਤ ਸਮਾਜਕ ਢਾਂਚੇ ਵਾਲੇ ਅਜਿਹੇ ਨਵੇਂ ਭਾਰਤ ਦਾ ਨਿਰਮਾਣ ਕਰਨ ਵਿਚ ਬਣਦਾ ਹਿੱਸਾ ਪਾਉਣਾ ਹੈ, ਜਿਹੜਾ ਹਰ ਤਰ੍ਹਾਂ ਦੀ ਰਾਜਸੀ ਗੁਲਾਮੀ, ਆਰਥਕ ਅਸਮਾਨਤਾਵਾਂ, ਜਾਤ-ਪਾਤ ਆਧਾਰਤ ਜਬਰ ਅਤੇ ਹੋਰ ਸਮਾਜਕ ਵਿਤਕਰਿਆਂ ਤੋਂ ਮੁਕਤ ਹੋਵੇ ਅਤੇ ਜਿੱਥੇ ਹਰ ਮਰਦ ਤੇ ਔਰਤ ਨੂੰ ਸਰੀਰਕ, ਬੌਧਿਕ ਤੇ ਆਤਮਿਕ ਵਿਕਾਸ ਲਈ, ਬਿਨਾਂ ਕਿਸੇ ਵਿਤਕਰੇ ਜਾਂ ਰੋਕ ਟੋਕ, ਦੇ ਬਰਾਬਰ ਮੌਕੇ ਉਪਲੱਬਧ ਹੋਣ। ਭਾਰਤ ਵਿਚ ਅਜੇਹੀ ਸਮਾਜਕ ਤਬਦੀਲੀ ਕਰਨਾ ਹੀ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਇਨਕਲਾਬੀ ਉਦੇਸ਼ ਸੀ।
2. ਇਹਨਾਂ ਨਿਸ਼ਾਨਿਆਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਵੱਲੋਂ ਗਠਿਤ ਕੀਤੀ ਗਈ ਨੌਜਵਾਨ ਭਾਰਤ ਸਭਾ ਦੀ 75ਵੀਂ ਵਰ੍ਹੇਗੰਢ, 'ਤੇ ਉਸੇ ਸ਼ਹਿਰ ਅੰਮ੍ਰਿਤਸਰ ਵਿਖੇ, ਗਠਿਤ ਕੀਤੀ ਗਈ ਇਸ ਜਥੇਬੰਦੀ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ' ਦਾ ਨਿਸ਼ਾਨਾ ਵੀ ਉਹਨਾਂ ਅਮਰ ਸ਼ਹੀਦਾਂ ਦੇ ਅਧੂਰੇ ਕਾਰਜਾਂ ਨੂੰ ਪੂਰਿਆਂ ਕਰਨਾ ਅਤੇ ਉਹਨਾਂ ਵੱਲੋਂ ਜਗਾਈ ਗਈ ਇਨਕਲਾਬੀ ਸਰਗਰਮੀਆਂ ਦੀ ਜੋਤ ਨੂੰ ਹੋਰ ਪ੍ਰਚੰਡ ਕਰਦੇ ਹੋਏ, ਸਾਮਰਾਜੀ ਸ਼ਕਤੀਆਂ ਸਮੇਤ ਹਰ ਤਰ੍ਹਾਂ ਦੇ ਜਾਬਰਾਂ ਨੂੰ ਵੰਗਾਰਦਿਆਂ ਹਰ ਰੰਗ ਦੇ ਪਿਛਾਖੜੀ ਤੇ ਫਿਰਕੂ ਗੰਦ ਨੂੰ ਦੇਸ਼ 'ਚੋਂ ਹੂੰਝ ਸੁੱਟਣਾ ਮਿਥਿਆ ਗਿਆ ਹੈ। ਇਹਨਾਂ ਮੰਤਵਾਂ ਦੀ ਪੂਰਤੀ ਲਈ ਇਹਨਾਂ ਅਮਰ ਸ਼ਹੀਦਾਂ ਵਲੋਂ ਦਰਸਾਏ ਗਏ ਆਪਾਵਾਰੂ ਤੇ ਵਿਗਿਆਨਕ ਰਾਹ ਉੱਪਰ ਮਿਲਕੇ ਚੱਲਣ ਲਈ ਇਹ ਜਥੇਬੰਦੀ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਭਾਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ, ਸੰਗਠਿਤ ਕਰਨ ਤੇ ਸੰਘਰਸ਼ ਕਰਨ ਦਾ ਐਲਾਨ ਕਰਦੀ ਹੈ।
3. ਸ਼ਹੀਦ-ਇ-ਆਜ਼ਮ ਭਗਤ ਸਿੰਘ ਇਕ ਮਹਾਨ ਪ੍ਰਤਿਭਾਸ਼ਾਲੀ ਸ਼ਖਸ਼ੀਅਤ ਦੇ ਮਾਲਕ ਸਨ। ਭਾਰਤ ਨੂੰ ਅੰਗਰੇਜ਼ਾਂ ਦੀ ਬਸਤੀਵਾਦੀ ਗੁਲਾਮੀ 'ਚੋਂ ਮੁਕਤ ਕਰਾਉਣ ਲਈ ਚੱਲੇ ਸੰਘਰਸ਼ ਵਿਚ ਉਸਨੇ ਬਹੁਤ ਹੀ ਨਿੱਗਰ ਤੇ ਅਨੂਠਾ ਯੋਗਦਾਨ ਪਾਇਆ ਅਤੇ ਆਪਣੇ 24 ਵਰ੍ਹਿਆਂ ਤੋਂ ਵੀ ਘੱਟ ਦੇ ਛੋਟੇ ਜਿਹੇ ਜੀਵਨ-ਕਾਲ ਵਿਚ ਹੀ ਇਸ ਸੰਘਰਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਦਿੱਤੀ। ਉਹ ਭਾਰਤ ਨੂੰ ਸਾਮਰਾਜੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਾਉਣ ਦੇ ਨਾਲ ਨਾਲ ਦੇਸ਼ ਦੇ ਕਰੋੜਾਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਨੂੰ ਪੂੰਜੀਪਤੀਆਂ ਤੇ ਰਜਵਾੜਿਆਂ ਦੀ ਵਿਆਪਕ ਲੁੱਟ-ਘਸੁੱਟ ਤੋਂ ਵੀ ਮੁਕਤ ਕਰਾਉਣਾ ਚਾਹੁੰਦੇ ਸਨ।
ਆਪਣੀ ਇਸ ਨਿਵੇਕਲੀ ਤੇ ਇਨਕਲਾਬੀ ਸਮਝਦਾਰੀ ਸਦਕਾ ਹੀ ਭਗਤ ਸਿੰਘ ਇਕ ਵਿਅਕਤੀ ਨਾ ਰਹਿਕੇ ਇਕ ਸਰਵਸੰਪੂਰਨ ਤੇ ਕਲਿਆਣਕਾਰੀ ਵਿਚਾਰਧਾਰਾ ਦਾ ਰੂਪ ਵਟਾ ਗਿਆ ਅਤੇ ਭਾਰਤੀ ਸਮਾਜ ਦੇ ਭਵਿੱਖ ਨਕਸ਼ੇ ਉੱਪਰ ਆਪਣੀ ਸਥਾਈ ਛਾਪ ਛੱਡ ਗਿਆ।
4. ਭਗਤ ਸਿੰਘ ਦਾ ਆਪਣਾ ਪ੍ਰੇਰਨਾ ਸਰੋਤ ਗਦਰੀ ਸੂਰਬੀਰ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ, ਜਿਹੜਾ ਕਿ 18 ਵਰ੍ਹਿਆਂ ਦੀ ਚੜ੍ਹਦੀ ਜਵਾਨੀ ਵਿਚ ਹੀ ਦੇਸ਼ ਦੀ ਆਜ਼ਾਦੀ ਲਈ ਜੂਝਦਾ ਹੋਇਆ ਫਾਂਸੀ ਚੜ੍ਹ ਗਿਆ ਸੀ। ਇਸ ਲਈ ਭਗਤ ਸਿੰਘ ਤੇ ਉਸਦੇ ਸਾਥੀ ਉਸੇ ਤਰ੍ਹਾਂ ਦੇ ਆਜ਼ਾਦ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਤਰ੍ਹਾਂ ਦਾ ਆਜ਼ਾਦ ਭਾਰਤ ਗ਼ਦਰੀ ਬਾਬਿਆਂ ਨੇ ਚਿਤਵਿਆ ਸੀ; ਅਜੇਹਾ ਭਾਰਤ ਜਿਹੜਾ ਕਿ ਸਾਮਰਾਜੀ ਗੁਲਾਮੀ ਅਤੇ ਬਦੇਸ਼ੀ ਲੁੱਟ-ਚੋਂਘ ਤੋਂ ਮੁਕਤ ਹੋਵੇ, ਜਿਸਦੇ ਵਡਮੁੱਲੇ ਕੁਦਰਤੀ ਖ਼ਜਾਨਿਆਂ ਦੀ ਵਰਤੋਂ ਸਮੁੱਚੇ ਦੇਸ਼ਵਾਸੀਆਂ ਨੂੰ ਖੁਸ਼ਹਾਲ ਤੇ ਸਾਧਨ ਸੰਪੰਨ ਬਨਾਉਣ ਲਈ ਕੀਤੀ ਜਾਵੇ ਨਾ ਕਿ ਦੇਸੀ ਤੇ ਬਦੇਸ਼ੀ ਧੰਨਕੁਬੇਰਾਂ ਦੀਆਂ ਮਿਲਖਾਂ ਤੇ ਮੁਨਾਫੇ ਵਧਾਉਣ ਲਈ। ਉਹ ਅਜੇਹਾ ਭਾਰਤ ਉਸਾਰਨਾ ਚਾਹੁੰਦੇ ਸਨ ਜਿਸ ਵਿਚ ਗਰੀਬੀ, ਥੁੜੋਂ ਤੇ ਜਾਤ-ਪਾਤ ਆਧਾਰਤ ਵਿਤਕਰਿਆਂ ਦੇ ਮਾਰੇ ਹੋਏ ਕਰੋੜਾਂ ਦੇਸ਼ਵਾਸੀਆਂ ਨੂੰ ਉਹਨਾਂ ਦੀਆਂ ਨਰਕੀ ਜੀਵਨ ਹਾਲਤਾਂ ਤੋਂ ਅਤੇ ਬੌਧਿਕ ਤੇ ਸਭਿਆਚਾਰਕ ਪਛੜੇਂਵੇਂ ਤੋਂ ਮੁਕੰਮਲ ਰੂਪ ਵਿਚ ਮੁਕਤੀ ਮਿਲ ਸਕੇ; ਜਿੱਥੇ ਸਾਰੇ ਦੇਸ਼ਵਾਸੀਆਂ ਨੂੰ ਆਪੋ ਆਪਣਾ ਗਿਆਨ, ਯੋਗਤਾ ਤੇ ਕਾਰਜ ਕੁਸ਼ਲਤਾ ਵਧਾਉਣ ਤੇ ਯੋਗਤਾ ਅਨੁਸਾਰ ਆਪਣੀਆਂ ਜੀਵਨ ਲੋੜਾਂ ਕਮਾਉਣ ਦੇ ਬਰਾਬਰ ਵਸੀਲੇ ਉਪਲੱਬਧ ਹੋਣ, ਜਿੱਥੇ ਹਰ ਇਕ ਨੂੰ ਗੁਜ਼ਾਰੇ ਯੋਗ ਰੁਜ਼ਗਾਰ ਦੀ ਗਰੰਟੀ ਹੋਵੇ ਅਤੇ ਜਿੱਥੇ ਹਰ ਤਰ੍ਹਾਂ ਦੇ ਭਰਿਸ਼ਟਾਚਾਰ ਤੋਂ ਮੁਕਤ ਮਾਨਵਵਾਦੀ ਕਦਰਾਂ-ਕੀਮਤਾਂ 'ਤੇ ਆਧਾਰਤ ਨਰੋਏ ਤੇ ਜਮਹੂਰੀ ਲੋਕ-ਪੱਖੀ ਸਭਿਆਚਾਰ ਦਾ ਬੋਲਬਾਲਾ ਹੋਵੇ।
5. ਐਪਰ ਇਹਨਾਂ ਅਣਗਿਣਤ ਦੇਸ਼ ਭਗਤਾਂ ਤੇ ਆਪਾਵਾਰੂ ਯੋਧਿਆਂ ਦੀਆਂ ਅਥਾਹ ਕੁਰਬਾਨੀਆਂ ਸਦਕਾ 1947 ਵਿਚ ਭਾਰਤ ਤੋਂ ਅੰਗਰੇਜ਼ਾਂ ਦਾ ਬੋਰੀਆਂ ਬਿਸਤਰਾ ਤਾਂ ਜ਼ਰੂਰ ਗੋਲ ਕਰ ਦਿੱਤਾ ਗਿਆ ਅਤੇ ਦੇਸ਼ ਨੂੰ ਰਾਜਨੀਤਕ ਪੱਖ ਤੋਂ ਆਜ਼ਾਦੀ ਵੀ ਜ਼ਰੂਰ ਮਿਲ ਗਈ, ਪ੍ਰੰਤੂ ਰਾਜਸੱਤਾ ਪੂੰਜੀਪਤੀਆਂ ਤੇ ਰਜਵਾੜਿਆਂ ਦੇ ਪ੍ਰਤੀਨਿੱਧਾਂ ਦੇ ਹੱਥਾਂ ਵਿਚ ਚਲੀ ਜਾਣ ਕਾਰਨ ਆਜ਼ਾਦ ਭਾਰਤ ਉਸ ਲੋਕ ਪੱਖੀ ਤੇ ਸਮਾਜਵਾਦੀ ਮਾਰਗ ਤੇ ਨਹੀਂ ਤੁਰ ਸਕਿਆ, ਜਿਸਦਾ ਨਿਸ਼ਾਨਾਂ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਿਰਜਿਆ ਸੀ। ਨਵੇਂ ਹਾਕਮਾਂ ਨੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੇ ਹਿੱਤਾਂ ਨੂੰ ਪਿੱਠ ਦੇ ਕੇ ਦੇਸ਼ ਅੰਦਰ ਪੂੰਜੀਵਾਦੀ ਲੀਹਾਂ 'ਤੇ ਵਿਕਾਸ ਕਰਨ ਦਾ ਦੀਵਾਲੀਆ ਰਾਹ ਅਪਣਾਕੇ, ਇਕ ਪਾਸੇ ਵੇਲਾ ਵਿਹਾਅ ਚੁੱਕੇ ਜਗੀਰੂ ਤੇ ਅਰਧ ਜਾਗੀਰੂ ਹਿੱਤਾਂ ਨੂੰ ਨਾਲ ਰਲਾ ਲਿਆ ਅਤੇ ਦੂਜੇ ਪਾਸੇ ਬਦੇਸ਼ੀ ਲੁਟੇਰਿਆਂ ਨਾਲ ਵੀ ਸਾਂਝਾਂ ਕਾਇਮ ਰੱਖੀਆਂ, ਜਿਹੜੀਆਂ ਕਿ ਅੱਗੋਂ ਨਿਰੰਤਰ ਵੱਧਦੀਆਂ ਹੀ ਗਈਆਂ ਹਨ ਅਤੇ ਅਜੋਕੇ ਸਾਮਰਾਜੀ ਸੰਸਾਰੀਕਰਨ ਦੇ ਦੌਰ ਵਿਚ ਪੁੱਜ ਕੇ ਹੋਰ ਵਧੇਰੇ ਪੀਡੀਆਂ ਤੇ ਲੋਕਾਂ ਲਈ ਗੱਲਘੋਟੂ ਹੋ ਗਈਆਂ ਹਨ।
6. ਇਹਨਾਂ ਭਾਰਤੀ ਹਾਕਮਾਂ ਨੇ ਦੇਸ਼ ਅੰਦਰ ਵੱਡੇ ਪੂੰਜੀਪਤੀ ਘਰਾਣਿਆਂ, ਵੱਡੇ ਵੱਡੇ ਭੂਮੀਪਤੀਆਂ, ਵੱਡੇ ਵਪਾਰੀਆਂ ਅਤੇ ਬੇਲਗਾਮ ਅਫਸਰਸ਼ਾਹੀ ਦੇ ਹਿੱਤਾਂ ਨੂੰ ਪੂਰਨ ਲਈ ਘੜੀਆਂ ਗਈਆਂ ਨੀਤੀਆਂ ਰਾਹੀਂ ਲੋਕਾਂ ਉੱਪਰ ਲਗਾਤਾਰ ਮੁਸੀਬਤਾਂ ਦੇ ਪਹਾੜ ਲੱਦੇ ਹਨ, ਵਾਰ ਵਾਰ ਟੈਕਸਾਂ ਦੇ ਭਾਰ ਚਾੜ੍ਹੇ ਹਨ, ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਰ ਵਾਰ ਭਾਰੀ ਵਾਧੇ ਕਰਕੇ ਕਿਰਤੀ ਲੋਕਾਂ ਦੀ ਕਮਾਈ ਨੂੰ ਘੱਟੇ-ਕੌਡੀਆਂ ਰੌਲਿਆ ਹੈ ਅਤੇ ਦੇਸ਼ ਅੰਦਰ ਗਰੀਬੀ ਤੇ ਅਮੀਰੀ ਵਿਚਲੇ ਪਾੜੇ ਨੂੰ ਭਿਆਨਕ ਹੱਦ ਤੱਕ ਵਧਾ ਦਿੱਤਾ ਹੈ। ਏਥੇ ਅਮੀਰ ਹੋਰ ਅਮੀਰ ਹੁੰਦਾ ਗਿਆ ਹੈ ਪ੍ਰੰਤੂ ਗਰੀਬ ਬੁਨਿਆਦੀ ਜੀਵਨ ਲੋੜਾਂ ਦੀ ਪੂਰਤੀ ਨਾਲ ਹੀ ਘੁਲਦਾ ਰਿਹਾ ਹੈ ਅਤੇ ਹਰ ਪੱਖੋਂ ਪੱਛੜੇਵੇਂ ਦਾ ਸ਼ਿਕਾਰ ਬਣਿਆ ਰਿਹਾ ਹੈ।
7. ਇਹਨਾਂ ਅਮੀਰ ਪੱਖੀ ਨੀਤੀਆਂ ਦਾ ਸਿੱਟਾ ਹੀ ਹੈ ਕਿ ਕੌਮਾਂਤਰੀ ਮਿਆਰਾਂ ਅਨੁਾਸਰ ਅੱਜ ਦੇਸ਼ ਦੀ ਵੱਸੋਂ ਦੀ ਵੱਡੀ ਬਹੁਗਿਣਤੀ ਗਰੀਬੀ ਰੇਖਾ ਤੋਂ ਵੀ ਥੱਲੇ ਚਲੀ ਗਈ ਹੈ ਅਤੇ ਉਸ ਦੀਆਂ ਜੀਵਨ ਹਾਲਤਾਂ ਏਨੀਆਂ ਮਾੜੀਆਂ ਹਨ ਕਿ ਵਿਕਸਤ ਦੇਸ਼ਾਂ ਵਿਚਲੇ ਪਾਲਤੂ ਜਾਨਵਰ ਵੀ ਉਹਨਾਂ ਨਾਲੋਂ ਚੰਗੇਰੀਆਂ ਅਵਸਥਾਵਾਂ ਵਿਚ ਰਹਿੰਦੇ ਹਨ। ਇਸ ਸਮੇਂ ਦੁਨੀਆਂ ਭਰ ਵਿਚ ਗਰੀਬ ਉਸ ਨੂੰ ਮੰਨਿਆ ਜਾਂਦਾ ਹੈ ਜਿਹੜਾ ਕਿ ਰੋਜ਼ਾਨਾ ਇਕ ਅਮਰੀਕੀ ਡਾਲਰ (ਲੱਗਭਗ 41 ਰੁਪਏ) ਆਮਦਨ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਜਦੋਂਕਿ ਭਾਰਤ ਅੰਦਰ, ਕੇਂਦਰੀ ਸਰਕਾਰ ਦੀ ਆਪਣੀ ਸਰਵੇ ਰਿਪੋਰਟ ਅਨੁਸਾਰ ਕੁੱਲ 107 ਕਰੋੜ ਦੀ ਵੱਸੋਂ 'ਚੋਂ 80 ਕਰੋੜ ਤੋਂ ਵੱਧ ਲੋਕੀਂ 20 ਰੁਪਏ (ਅੱਧੀ ਡਾਲਰ ਤੋਂ ਵੀ ਘੱਟ) ਤੇ ਗੁਜ਼ਾਰਾ ਕਰ ਰਹੇ ਹਨ। ਸ਼ਪੱਸ਼ਟ ਹੈ ਕਿ ਇਹ ਸਮੁੱਚੀ ਵੱਸੋਂ, ਕੌਮਾਂਤਰੀ ਮਿਆਰਾਂ ਅਨੁਸਾਰ, ਗਰੀਬੀ ਦੀ ਰੇਖਾ ਤੋਂ ਬਹੁਤ ਹੀ ਥੱਲੇ ਆਪਣੀ ਜੀਵਨ ਜੋਤ ਰੂਪੀ ਹੋਂਦ ਨੂੰ ਕੇਵਲ ਕਾਇਮ ਰੱਖ ਰਹੀ ਹੈ, ਜੀਅ ਬਿਲਕੁਲ ਨਹੀਂ ਰਹੀ। ਏਥੇ ਹੀ ਬਸ ਨਹੀਂ, ਦੇਸ਼ ਦੀ 40 ਕਰੋੜ ਵੱਸੋਂ ਤਾਂ ਰੋਜ਼ਾਨਾ 12 ਰੁਪਏ ਤੋਂ ਵੀ ਘੱਟ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ ਅਤੇ ਉਹ ਬੁਰੀ ਤਰ੍ਹਾਂ ਕੰਗਾਲ ਹੋ ਚੁੱਕੀ ਹੈ। ਆਦਿਵਾਸੀ ਇਲਾਕੇ, ਜਿੱਥੇ ਕਿ ਇਹ ਸਰਵੇ ਕਰਨ ਵਾਲੇ ਅਕਸਰ ਪੁੱਜਦੇ ਹੀ ਨਹੀਂ, ਅਤੀ ਗਰੀਬਾਂ ਦੀ ਇਸ ਗਿਣਤੀ ਵਿਚ ਹੋਰ ਚੋਖਾ ਵਾਧਾ ਕਰਦੇ ਹਨ। ਇਹ ਹੈ ਆਜ਼ਾਦ ਦੇਸ਼ 'ਚ ਖੁਸ਼ਹਾਲੀ ਆਉਣ ਦੀ ਥਾਂ ਵਿਆਪਕ ਰੂਪ ਵਿਚ ਪਸਰੀ ਮੰਦਹਾਲੀ ਦੀ ਇਕ ਡਰਾਉਣੀ ਤਸਵੀਰ, ਜਿਹੜੀ ਕਿ ਸ਼ਹਿਰਾਂ ਤੇ ਕਸਬਿਆਂ ਵਿਚ ਸਵੇਰੇ ਸਵੇਰੇ ਕੂੜਾ-ਕਚਰਾ ਫਿਰੋਲਦੇ ਬੱਚੇ-ਬੱਚੀਆਂ ਦੇ ਮਾਸੂਮ ਚਿਹਰਿਆਂ ਤੋਂ ਰੋਜ਼ਾਨਾ ਪੜ੍ਹੀ ਜਾ ਸਕਦੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਫੁੱਟਪਾਥਾਂ, ਝੁੱਗੀਆਂ-ਝੌਪੜੀਆਂ ਅਤੇ ਕੱਚੇ ਖੋਲਿਆਂ ਵਿਚ ਜੀਵਨ ਬਸਰ ਕਰਦੇ ਕਰੋੜਾਂ ਪਰਿਵਾਰਾਂ ਦੀਆਂ ਤਰਾਸਦਿਕ ਜੀਵਨ ਹਾਲਤ ਵੀ ਏਸੇ ਤਸਵੀਰ ਨੂੰ ਰੂਪਮਾਨ ਕਰਦੀਆਂ ਹਨ।
8. ਦੂਜੇ ਪਾਸੇ, ਇਹਨਾਂ ਸਰਮਾਏਦਾਰ-ਜਗੀਰਦਾਰ ਪੱਖੀ ਭਾਰਤੀ ਹਾਕਮਾਂ ਦੀਆਂ ਨੀਤੀਆਂ ਸਦਕਾ ਹੀ ਦੇਸ਼ ਅੰਦਰ ਵਿਆਪਕ ਖਪਤ-ਸਭਿਆਚਾਰ ਦਾ ਬੋਲਬਾਲਾ ਹੋ ਰਿਹਾ ਹੈ। ਦੇਸ਼ ਦੇ ਮੁੱਠੀ ਭਰ ਅਮੀਰ ਏਨੇ ਅਮੀਰ ਹੋ ਗਏ ਹਨ ਕਿ ਉਹ ਹੁਣ ਦੁਨੀਆਂ ਭਰ ਦੇ ਸਭ ਤੋਂ ਵੱਡੇ ਅਰਬਪਤੀਆਂ ਦੀਆਂ ਸੂਚੀਆਂ ਵਿਚ ਸ਼ਸ਼ੋਭਤ ਹੋ ਰਹੇ ਹਨ। ਇਹਨਾਂ ਅਮੀਰਾਂ ਵੱਲੋਂ ਆਪਣੇ ਬੇਸ਼ੁਮਾਰ ਧੰਨ-ਦੌਲਤ ਦਾ ਬਹੁਤ ਹੀ ਬੇਹੂਦਾ ਤੇ ਘਟੀਆ ਵਿਖਾਵਾ ਵੀ ਅਕਸਰ ਹੀ ਕੀਤਾ ਜਾਂਦਾ ਹੈ। ਇਕ ਪਾਸੇ ਕਰੋੜਾਂ ਦੇਸ਼ਵਾਸੀ ਅਰਧ-ਭੁੱਖੇ ਤੇ ਅਰਧ-ਨੰਗੇ ਰਹਿਕੇ ਦਿਨ ਕਟੀ ਕਰਨ ਲਈ ਮਜ਼ਬੂਰ ਹਨ ਅਤੇ ਦੂਜੇ ਪਾਸੇ ਇਹਨਾਂ ਅਮੀਰਾਂ ਕੋਲ ਧਨ ਦੇ ਅੰਬਾਰ ਲੱਗ ਰਹੇ ਹਨ। ਜਨਸਮੂਹਾਂ ਦਾ ਸੋਸ਼ਣ ਕਰਕੇ ਕਮਾਏ ਗਏ ਇਸ ਧੰਨ ਨਾਲ ਸ਼ਹਿਨਸ਼ਾਈ ਮਹੱਲਾਂ ਵਰਗੀਆਂ ਆਲੀਸ਼ਾਨ ਕੋਠੀਆਂ ਉਸਰ ਰਹੀਆਂ ਹਨ, ਨਿੱਤ ਨਵੀਆਂ ਤੇ ਮਹਿੰਗੀਆਂ ਕਾਰਾਂ ਤੇ ਹੋਰ ਆਧੁਨਿਕ ਸੁੱਖ-ਸੁਵਿਧਾਵਾਂ ਤੇ ਵਿਲਾਸਤਾਵਾਂ ਖਰੀਦੀਆਂ ਜਾ ਰਹੀਆਂ ਹਨ। ਇਸ ਘਿਨਾਉਣੇ ਖਪਤ ਸੱਭਿਆਚਾਰ ਨੂੰ ਚੁੱਕਣ ਲਈ ਕੀਤੀ ਜਾ ਰਹੀ ਇਸ਼ਤਹਾਰਬਾਜ਼ੀ ਅਤਿ ਦੀ ਬੇਹੂਦਗੀ ਤੇ ਲਚਰਤਾ ਦਾ ਰੂਪ ਧਾਰਨ ਕਰ ਚੁੱਕੀ ਹੈ। ਅਮੀਰਜ਼ਾਦਿਆਂ ਦੇ ਸਿਰ ਚੜ੍ਹ ਚੁੱਕੇ ਇਸ ਖਪਤ ਸਭਿਆਚਾਰ ਸਦਕਾ ਦੇਸ਼ ਅੰਦਰ ਅਮੀਰਾਂ ਤੇ ਗਰੀਬਾਂ ਵਿਚਕਾਰ ਇਕ ਡੂੰਘੀ ਤੇ ਵੱਡੀ ਖਾਈ ਬਣ ਗਈ ਹੈ, ਜਿਸ ਨੂੰ ਉਲੰਘਣ ਦੇ ਯਤਨਾਂ ਵਿਚ ਲੱਗੇ ਹੋਏ ਅਨੇਕਾਂ ਮੱਧਵਰਗੀ ਵਿਅਕਤੀ/ਪਰਵਾਰ ਸਮਾਜਕ ਤਬਾਹੀ ਦੀ ਅੱਗ ਦੀ ਭੇਂਟ ਚੜ੍ਹ ਰਹੇ ਹਨ।
9. ਸਾਮਰਾਜੀ ਸੰਸਾਰੀਕਰਨ ਦੇ ਦਬਾਅ ਹੇਠ ਭਾਰਤੀ ਹਾਕਮਾਂ ਵੱਲੋਂ ਅਪਣਾਈਆਂ ਗਈਆਂ ਨਵੀਆਂ ਆਰਥਕ ਨੀਤੀਆਂ ਨੇ ਦੇਸ਼ ਦੀ ਆਰਥਕ ਪ੍ਰਭੂਸੱਤਾ ਨੂੰ ਵੀ ਬੁਰੀ ਤਰ੍ਹਾਂ ਮਧੋਲ ਸੁੱਟਿਆ ਹੈ। ਦੇਸ਼ ਦੀ ਸੁਰੱਖਿਆ ਅਤੇ ਬਹੁਮੁੱਲੇ ਕੁਦਰਤੀ ਭੰਡਾਰਾਂ ਸਮੇਤ ਆਰਥਕਤਾ ਦੇ ਸਾਰੇ ਖੇਤਰ ਦਿਓਕੱਦ ਬਦੇਸ਼ੀ ਕੰਪਨੀਆਂ ਦੀ ਲੁੱਟ-ਚੋਂਘ ਲਈ ਖੋਲ੍ਹੇ ਜਾ ਚੁੱਕੇ ਹਨ। ਇਹ ਕੰਪਨੀਆਂ ਆਪਣੇ ਸਵਦੇਸ਼ੀ ਭਾਈਵਾਲਾਂ ਨਾਲ ਮਿਲਕੇ ਨਾ ਸਿਰਫ ਕਾਰਖਾਨਿਆਂ ਅਤੇ ਬੈਂਕ ਤੇ ਬੀਮੇ ਵਰਗੇ ਮਹੱਤਵਪੂਰਨ ਵਿੱਤੀ ਖੇਤਰਾਂ ਉੱਪਰ ਆਪਣੀ ਜਕੜ ਪੱਕੀ ਕਰ ਗਈਆਂ ਹਨ ਬਲਕਿ ਲੋਕਾਂ ਨੂੰ ਲੋੜੀਂਦੀਆਂ ਹਰ ਤਰ੍ਹਾਂ ਦੀਆ ਬੁਨਿਆਦੀ ਸੇਵਾਵਾਂ ਜਿਵੇਂ ਕਿ ਸਿੱਖਿਆ, ਸਿਹਤ ਸਹੂਲਤਾਂ, ਦੂਰਸੰਚਾਰ, ਆਵਾਜਾਈ, ਪੀਣ ਵਾਲੇ ਪਾਣੀ ਤੇ ਊਰਜਾ ਉਤਪਾਦਨ ਦੇ ਖੇਤਰਾਂ ਵਿਚ ਵੀ ਅਜਾਰੇਦਾਰੀਆਂ ਕਾਇਮ ਕਰਨ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਖੁੱਲ੍ਹਾਂ ਤੇ ਸਹੂਲਤਾਂ ਪ੍ਰਾਪਤ ਕਰ ਰਹੀਆਂ ਹਨ। ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ, ਜਿਸ ਵਾਸਤੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਹੋਰ ਅਨੇਕਾਂ ਸਾਥੀਆਂ ਨੇ ਆਪਣੇ ਜੀਵਨ ਬਲੀਦਾਨ ਕੀਤੇ ਸਨ, ਮੁੜ ਲਹੂ ਪੀਣੀਆਂ ਦੇਸੀ ਤੇ ਬਦੇਸ਼ੀ ਪੂੰਜੀਪਤੀ ਜੋਕਾਂ ਦੇ ਰਹਿਮੋ ਕਰਮ 'ਤੇ ਨਿਰਭਰ ਹੋ ਕੇ ਰਹਿ ਗਈ ਹੈ।
10. ਇਹਨਾਂ ਨੀਤੀਆਂ ਨੇ ਕਿਰਤੀ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ ਵਿਚ ਹੋਰ ਤਿੱਖਾ ਵਾਧਾ ਕੀਤਾ ਹੈ। ਦੇਸ਼ ਅੰਦਰ ਰੁਜ਼ਗਾਰ ਦੇ ਵਸੀਲੇ ਬੁਰੀ ਤਰ੍ਹਾਂ ਗਰਹਿਣੇ ਗਏ ਹਨ। ਘਰੇਲੂ ਤੇ ਛੋਟੇ ਉਦਯੋਗ ਬੰਦ ਹੋ ਰਹੇ ਹਨ। ਛੋਟੀ ਤੇ ਸੀਮਾਂਤ (Merginal) ਕਿਸਾਨੀ ਖੇਤੀ 'ਚੋਂ ਬਾਹਰ ਧੱਕੀ ਜਾ ਰਹੀ ਹੈ। ਵਿਦਿਆਰਥੀ/ਸਿਖਿਆਰਥੀ ਜੀਵਨ ਦੀਆਂ ਬਰੂਹਾਂ ਟੱਪ ਕੇ ਰੁਜ਼ਗਾਰ ਦੀ ਮੰਡੀ ਵਿਚ ਦਾਖ਼ਲ ਹੋ ਰਹੇ ਨਵੇਂ ਨੌਜਵਾਨ ਕਿਰਤੀਆਂ ਨੂੰ ਰੁਜਗਾਰ ਮਿਲਣਾ ਤਾਂ ਦੂਰ ਰਿਹਾ ਪਹਿਲਾਂ ਕੰਮ ਕਰਦੇ ਮਜ਼ਦੂਰ ਤੇ ਮੁਲਾਜ਼ਮ ਵੀ ਵਿਹਲੇ ਹੋ ਕੇ ਬੇਰੁਜ਼ਗਾਰਾਂ ਦੀਆਂ ਲੰਬੀਆਂ ਕਤਾਰਾਂ ਵਿਚ ਸ਼ਾਮਲ ਹੋ ਰਹੇ ਹਨ। ਸਰਕਾਰੀ ਤੇ ਅਰਧ-ਸਰਕਾਰੀ ਨੌਕਰੀਆਂ ਦੇ ਬੂਹੇ ਬੰਦ ਕੀਤੇ ਜਾ ਰਹੇ ਹਨ। ਰੁਜ਼ਗਾਰ ਦੀ ਸੁਰੱਖਿਆ ਤਾਂ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਕਈ ਤਰ੍ਹਾਂ ਦੀ ਠੇਕਾ ਪ੍ਰਣਾਲੀ ਰਾਹੀਂ ਕਿਰਤ ਦੀ ਲੁੱਟ ਹੋਰ ਤਿੱਖੀ ਕੀਤੀ ਜਾ ਰਹੀ ਹੈ। ਇਸ ਵਰਤਾਰੇ ਨੇ ਦੇਸ਼ ਦੀ ਜਵਾਨੀ ਦਾ ਭਵਿੱਖ ਪੂਰੀ ਤਰ੍ਹਾਂ ਹਨੇਰਵਾਦੀ ਬਣਾ ਦਿੱਤਾ ਹੈ। ਪੜ੍ਹੇ ਲਿਖੇ ਤੇ ਵੱਖ ਵੱਖ ਕਿੱਤਿਆਂ ਲਈ ਯੋਗਤਾ ਪ੍ਰਾਪਤ ਕਰੋੜਾਂ ਮਰਦ ਤੇ ਔਰਤਾਂ ਸੁਰੱਖਿਅਤ ਤੇ ਗੁਜ਼ਾਰੇਯੋਗ ਰੁਜ਼ਗਾਰ ਦੀ ਭਾਲ ਵਿਚ ਡਿਗਰੀਆਂ ਤੇ ਡਿਪਲੋਮੇ ਚੁੱਕੀ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ।
11. ਦੇਸ਼ ਅੰਦਰ ਰੁਜ਼ਾਗਰ ਦੀ ਮੰਡੀ ਦੇ ਲਗਾਤਾਰ ਸੁੰਘੜਦੇ ਜਾਣ ਕਾਰਨ ਬੇਰੁਜ਼ਗਾਰ ਜੁਆਨੀ ਬਦੇਸ਼ਾਂ ਵਿਚ ਜਾ ਕੇ ਰੁਜ਼ਗਾਰ ਲੱਭਣ ਲਈ ਵੀ ਤਰ੍ਹਾਂ ਤ੍ਹਰਾਂ ਦੇ ਪਾਪੜ ਵੇਲ ਰਹੀ ਹੈ। ਇਸ ਮੰਤਵ ਲਈ ਲੋਕੀਂ ਕਈ ਤਰ੍ਹਾਂ ਦੇ ਜਾਇਜ਼ ਨਜ਼ਾਇਜ਼ ਢੰਗ ਤਰੀਕੇ ਅਜਮਾਉਣ ਦਾ ਯਤਨ ਕਰਦੇ ਹਨ ਅਤੇ ਅਕਸਰ ਹੀ ਏਜੰਟਾਂ ਦੀਆਂ ਦੰਭੀ ਤੇ ਮੁਜ਼ਰਮਾਨਾ ਚਾਲਾਂ ਵਿਚ ਫਸਕੇ ਲੁੱਟੇ ਪੁੱਟੇ ਵੀ ਜਾਂਦੇ ਹਨ ਅਤੇ ਬਦੇਸ਼ੀ ਹਾਕਮਾਂ ਵੱਲੋਂ ਦਿੱਤੇ ਜਾਂਦੇ ਤਸੀਹਿਆਂ ਵਿਚ ਵੀ ਨਪੀੜੇ ਜਾਂਦੇ ਹਨ।
12. ਰੁਜ਼ਗਾਰ ਦੀ ਭਾਲ ਵਿਚ ਬੇਬਸੀ ਦਾ ਸ਼ਿਕਾਰ ਹੋਈ ਜਵਾਨੀ ਕਈ ਵਾਰ ਸਵਾਰਥ-ਸਿੱਧੀਵਾਦ ਦੇ ਕੁਰਾਹੇ ਪੈ ਕੇ ਜੁਗਾੜਵਾਦੀ, ਈਰਖਾਲੂ ਤੇ ਵਿਅਕਤੀਵਾਦੀ ਕਰੁਚੀਆਂ ਵਿਚ ਘਿਰ ਜਾਂਦੀ ਹੈ। ਇਸਦੇ ਫਲਸਰੂਪ ਸਮਾਜਕ ਤਣਾਅ ਅਧੀਨ ਉਹ ਅਕਸਰ ਮਾਨਵਵਾਦੀ ਕਦਰਾਂ ਕੀਮਤਾਂ ਤੋਂ ਬੇਮੁੱਖ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਅਪਰਾਧਿਕ ਤੇ ਅਸਮਾਜਕ ਗਤੀਵਿਧੀਆਂ ਵਿਚ ਗੁੰਮ ਹੋ ਕੇ ਸਥਾਪਤ ਭਾਈਚਾਰਕ ਸਾਂਝਾ ਲਈ ਵੀ ਖਤਰਾ ਬਣ ਜਾਂਦੀ ਹੈ। ਨੌਜਵਾਨਾਂ ਦੀ ਫਿਰਕੂ ਦੰਗਿਆਂ, ਫਸਾਦਾਂ, ਲੁੱਟਾਂ-ਖੋਹਾਂ ਅਤੇ ਹੋਰ ਅਸਮਾਜਕ ਧੰਦਿਆਂ ਵਿਚ ਵੱਧ ਰਹੀ ਸ਼ਮੂਲੀਅਤ ਏਸੇ ਤਰਾਸਦਿਕ ਅਵਸਥਾ ਦਾ ਘਿਨਾਉਣਾ ਪ੍ਰਗਟਾਵਾ ਹੈ। ਅਜੇਹੇ ਨੌਜਵਾਨ ਹੀ ਨਸ਼ਿਆਂ ਦਾ ਸ਼ਿਕਾਰ ਬਣਕੇ ਆਪਣੀ ਮਾਨਸਕ ਤੇ ਬੌਧਿਕ ਜੀਵ-ਹੱਤਿਆ ਕਰਦੇ ਹਨ। ਜੁਆਨੀ ਅੰਦਰ ਵੱਧ ਰਹੇ ਇਹਨਾਂ ਸਾਰੇ ਤਬਾਹਕੁੰਨ ਰੁਝਾਨਾਂ ਨੂੰ ਰੋਕਣ ਲਈ ਦੇਸ਼ ਦੇ ਹਾਕਮ ਕੋਈ ਕਾਰਗਰ ਉਪਾਅ ਕਰਨ ਦੀ ਬਜਾਏ ਉਲਟਾ ਨਸ਼ਿਆਂ ਦੀ ਵਰਤੋਂ ਅਤੇ ਲਚਰਤਾ ਤੇ ਨੰਗੇਜ਼ਵਾਦ ਆਦਿ ਨੂੰ ਉਤਸ਼ਾਹਤ ਕਰ ਰਹੇ ਹਨ ਤਾਂ ਜੋ ਜੁਆਨੀ ਅੰਦਰ ਆਤਮ ਸਨਮਾਨ ਅਤੇ ਸਮਾਜਕ ਕੁਰੀਤੀਆਂ ਤੇ ਪੂੰਜੀਵਾਦੀ ਲੁੱਟ-ਚੋਂਘ ਵਿਰੁੱਧ ਲੜਨ ਦੀ ਭਾਵਨਾ ਨੂੰ ਵੱਧ ਤੋਂ ਵੱਧ ਕਮਜ਼ੋਰ ਬਣਾ ਦਿੱਤਾ ਜਾਵੇ।
13. ਇਹਨਾਂ ਨਵ-ਉਦਾਰਵਾਦੀ ਨੀਤੀਆਂ ਦੀ ਮਾਰ ਹੇਠ ਆਈ ਦੇਸ਼ ਦੀ ਕਿਸਾਨੀ ਕਰਜ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਉਹ ਦੋਹਰੀ ਲੁੱਟ ਦੀ ਸ਼ਿਕਾਰ ਹੈ, ਖਪਤਕਾਰ ਵਜੋਂ ਵੀ ਅਤੇ ਖੇਤੀ ਜਿਣਸਾਂ ਦੀ ਵਿਕਰੇਤਾ ਵਜੋਂ ਵੀ। ਮੰਡੀ ਦੀਆਂ ਬੇਰਹਿਮ ਸ਼ਕਤੀਆਂ ਵੱਡੇ ਵੱਡੇ ਵਪਾਰੀਆਂ ਅਤੇ ਬਦੇਸ਼ੀ ਕੰਪਨੀਆਂ ਦੀ ਮੁੱਠ ਵਿਚ ਹਨ। ਇਹਨਾਂ ਵਪਾਰੀਆਂ ਅਤੇ ਕੰਪਨੀਆਂ ਵੱਲੋਂ ਖੇਤੀ ਵਿਚ ਵਰਤਣ ਵਾਲੀਆਂ ਵਸਤਾਂ ਖਾਦ, ਬੀਜਾਂ ਤੇ ਨਦੀਨ-ਨਾਸ਼ਕਾਂ ਆਦਿ ਦੀਆਂ ਕੀਮਤਾਂ ਵਿਚ ਅਤੇ ਖੇਤੀ ਜਿਣਸਾਂ ਦੇ ਭਾਵਾਂ ਵਿਚ ਵੀ ਮਨ ਮਰਜ਼ੀ ਦੇ ਉਤਰਾਅ ਚੜ੍ਹਾਅ ਕਰਕੇ ਕਿਸਾਨਾਂ ਨੂੰ ਬੇਰਹਿਮੀ ਨਾਲ ਲੁਟਿਆ ਜਾ ਰਿਹਾ ਹੈ। ਏਸੇ ਲਈ ਕਰਜ਼ੇ ਦੇ ਜਾਲ 'ਚੋਂ ਮੁਕਤ ਹੋਣ ਵਿਚ ਬੇਬਸ ਹੋਏ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਨਿਰੰਤਰ ਵੱਧਦੀਆਂ ਜਾ ਰਹੀਆਂ ਹਨ। ਆਜ਼ਾਦ ਭਾਰਤ ਅੰਦਰ ਉਭਰਿਆ ਇਹ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ ਜਿਹੜਾ ਕਿ ਹਾਕਮਾਂ ਦੇ ਚੌਮੁੱਖੀ ਵਿਕਾਸ ਦੇ ਸਾਰੇ ਦੰਭੀ ਦਾਅਵਿਆਂ ਵਿਚਲੇ ਖੋਖਲੇਪਨ ਨੂੰ ਉਜਾਗਰ ਕਰਦਾ ਹੈ।
14. ਇਹਨਾਂ ਸਾਮਰਾਜ ਨਿਰਦੇਸ਼ਤ ਨੀਤੀਆਂ ਅਧੀਨ ਹੀ ਭਾਰਤ ਅੰਦਰ ਲੋਕਾਂ ਲਈ ਲੋੜੀਂਦੀਆਂ ਬੁਨਿਆਦੀ ਸੇਵਾਵਾਂ ਜਿਵੇਂ ਕਿ ਸਕੂਲਾਂ ਤੇ ਹੋਰ ਸਿੱਖਿਆ ਸੰਸਥਾਵਾਂ, ਹਸਪਤਾਲਾਂ, ਸੜਕਾਂ, ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਉੱਪਰ ਨਿੱਜੀਕਰਨ ਦਾ ਕੁਹਾੜਾ ਚੱਲਿਆ ਹੈ। ਸਰਕਾਰ ਲੋਕਾਂ ਪ੍ਰਤੀ ਬਣਦੀਆਂ ਇਹ ਬੁਨਿਆਦੀ ਜ਼ੁੱਮੇਵਾਰੀਆਂ ਪੂਰੀਆਂ ਕਰਨ ਤੋਂ ਲਗਭਗ ਪੂਰੀ ਤਰ੍ਹਾਂ ਭਗੌੜੀ ਹੋ ਚੁੱਕੀ ਹੈ ਅਤੇ ਇਹ ਸਾਰੀਆਂ ਸੇਵਾਵਾਂ ਬੜੀ ਤੇਜ਼ੀ ਨਾਲ ਨਿੱਜੀ ਮੁਨਾਫਾਖੋਰ ਕੰਪਨੀਆਂ ਆਦਿ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਇਸ ਨਿੱਜੀਕਰਨ ਦੀ ਬਦੌਲਤ ਹੀ ਦੇਸ਼ ਅੰਦਰ ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ ਅਤੇ ਸਿੱਖਿਆ, ਵਿਸ਼ੇਸ਼ ਤੌਰ 'ਤੇ ਮਿਆਰੀ ਤੇ ਕਿੱਤਾਕਾਰੀ ਸਿੱਖਿਆ ਆਮ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੇ ਬੇਟੇ-ਬੇਟੀਆਂ ਦੀ ਪਹੁੰਚ ਤੋਂ ਕੋਹਾਂ ਦੂਰ ਚਲੀ ਗਈ ਹੈ। ਸਰਕਾਰੀ ਸਕੂਲਾਂ ਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਸਰਕਾਰ ਵੱਲੋਂ ਬੜੇ ਹੀ ਮੁਜ਼ਰਮਾਨਾ ਢੰਗ ਨਾਲ ਗਿਣ ਮਿੱਥ ਕੇ ਤਬਾਹ ਕੀਤਾ ਜਾ ਰਿਹਾ ਹੈ। ਅਧਿਆਪਕਾਂ ਤੇ ਹੋਰ ਅਮਲੇ ਦੀ ਭਰਤੀ ਤੇ ਪਾਬੰਦੀਆਂ ਹਨ। ਮੁਕਾਬਲੇ ਵਿਚ ਨਿੱਜੀ ਸਿੱਖਿਆ ਸੰਸਥਾਵਾਂ, ਜਿੱਥੇ ਕਿ ਲੋਕਾਂ ਨੂੰ ਭਾਰੀ ਫੀਸਾਂ ਦੇਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਅੱਗੇ ਲੰਘ ਗਈਆਂ ਹਨ ਅਤੇ ਵਿਦਿਆ ਦਾ ਵਪਾਰ ਦੇਸ਼ ਭਰ ਵਿਚ ਬੜੀ ਤੇਜ਼ੀ ਨਾਲ ਵੱਧ ਫੁੱਲ ਰਿਹਾ ਹੈ, ਜਦੋਂਕਿ ਦੇਸ਼ ਦੀ 80% ਵੱਸੋਂ ਲਈ ਵਿਦਿਆ ਪ੍ਰਾਪਤ ਕਰਕੇ ਸਵੈ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਬੰਦ ਹੋ ਗਏ ਹਨ।
ਇਹੋ ਹਾਲ ਸਰਕਾਰੀ ਹਸਪਤਾਲਾਂ ਦਾ ਹੈ। ਇਹਨਾਂ ਵਿਚ ਨਾ ਪੂਰੇ ਡਾਕਟਰ ਹਨ, ਨਾ ਹੋਰ ਅਮਲਾ ਅਤੇ ਨਾ ਹੀ ਦਵਾਈਆਂ, ਜਦੋਂਕਿ ਬਹੁਤੀਆਂ ਹਾਲਤਾਂ ਵਿਚ ਪ੍ਰਾਈਵੇਟ ਹਸਪਤਾਲਾਂ ਅੰਦਰ ਲੋਕੀਂ ਭਾਰੀ ਖਰਚੇ ਕਰਕੇ ਆਪਣਾ ਇਲਾਜ ਕਰਾਉਣ ਤੋਂ ਬੇਬੱਸ ਹਨ ਅਤੇ ਬੇਇਲਾਜ਼ੇ ਹੀ ਮਰ ਮੁੱਕ ਰਹੇ ਹਨ।
ਇਸ ਨਿੱਜੀਕਰਨ ਅਧੀਨ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਦਾ ਕੰਮ ਵੀ ਮੁਨਾਫਾਖੋਰ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਏਸੇ ਤਰ੍ਹਾਂ, ਲੋਕਾਂ ਦੇ ਦੈਨਿਕ ਜੀਵਨ ਲਈ ਤੇ ਪਦਾਰਥਕ ਪੈਦਾਵਾਰ ਲਈ ਬੁਨਿਆਦੀ ਲੋੜ ਬਣ ਚੁੱਕੀ ਬਿਜਲੀ ਦੀ ਉਪਜ ਤੇ ਵੰਡ ਵੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤੀ ਜਾ ਰਹੀ ਹੈ। ਏਥੇ ਹੀ ਬਸ ਨਹੀਂ ਸੜਕਾਂ ਤੇ ਆਵਾਜਾਈ ਦੇ ਹੋਰ ਸਾਧਨ ਵੀ ਨਿੱਜੀ ਕੰਪਨੀਆਂ ਕੋਲ ਵੇਚੇ ਜਾ ਰਹੇ ਹਨ ਅਤੇ ਉਹਨਾਂ ਵਾਸਤੇ ਇਹ ਮੋਟੀ ਤੇ ਸੌਖੀ ਕਮਾਈ ਦੇ ਸਾਧਨ ਬਣ ਗਏ ਹਨ।
15. ਸਾਮਰਾਜਵਾਦੀ ਪ੍ਰਣਾਲੀ ਵਲੋਂ ਆਪਣੀਆਂ ਲੋਕ-ਮਾਰੂ ਲੋੜਾਂ ਲਈ ਉਪਜਾਏ ਗਏ ਘਿਰਨਾਜਨਕ ਤੇ ਨਿਘਾਰਗ੍ਰਸਤ ਸੱਭਿਆਚਾਰ ਨੇ ਭਾਰਤੀ ਸੱਭਿਆਚਾਰ ਦੀਆਂ ਇਮਾਨਦਾਰੀ, ਪ੍ਰਸਪਰ ਵਫਾਦਾਰੀ, ਰਹਿਮਦਿਲੀ, ਧਾਰਮਕ ਸੱਦਭਾਵਨਾ, ਸੁਹਿਰਦਤਾ ਤੇ ਸ਼ਹਿਨਸ਼ੀਲਤਾ ਵਰਗੀਆਂ ਨਰੋਈਆਂ ਤੇ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਵੱਡੀ ਸੱਟ ਮਾਰੀ ਹੈ। ਹਰ ਪਾਸੇ ਬੇਈਮਾਨੀ, ਲੋਭ ਲਾਲਚ, ਧੱਕੇਸ਼ਾਹੀ, ਈਰਖਾ ਤੇ ਅਨੈਤਿਕਤਾ ਦਾ ਦੌਰ ਦੌਰਾ ਹੈ ਅਤੇ ਲਚਰਤਾ ਅਤੇ ਨੰਗੇਜ਼ਵਾਦ 'ਤੇ ਆਧਾਰਤ ਮਨੋਰੰਜਨ ਦਾ ਪਸਾਰ ਹੋ ਰਿਹਾ ਹੈ। ਪੂੰਜੀਪਤੀਆਂ ਦੇ ਕਬਜ਼ੇ ਅਤੇ ਕੰਟਰੋਲ ਹੇਠ ਹੋਣ ਕਰਕੇ ਆਧੁਨਿਕ ਪ੍ਰਚਾਰ ਤੇ ਸੰਚਾਰ ਸਾਧਨ ਵਿਸ਼ੇਸ਼ ਤੌਰ ਤੇ ਟੀ.ਵੀ. ਚੈਨਲ ਅਜੇਹਾ ਗਲਿਆ ਸੜਿਆ ਸੱਭਿਆਚਾਰ ਨਿਡਰਤਾ ਸਹਿਤ ਪੇਸ਼ ਕਰ ਰਹੇ ਹਨ। ਇਹ ਸਾਰੇ ਸਾਧਨ ਧਾਰਮਕ ਅੰਧ-ਵਿਸ਼ਵਾਸ ਅਤੇ ਹਨੇਰ-ਬਿਰਤੀਵਾਦ ਦਾ ਪ੍ਰਚਾਰ ਵੀ ਜ਼ੋਰ ਸ਼ੋਰ ਨਾਲ ਕਰਦੇ ਹਨ ਤਾਂ ਜੋ ਨੌਜਵਾਨਾਂ ਅੰਦਰ ਵਿਗਿਆਨਕ ਵਿਚਾਰਧਾਰਾ ਵਿਕਸਤ ਨਾ ਹੋ ਸਕੇ ਅਤੇ ਉਹ ਹੋਣੀਵਾਦ ਤੇ ਹੋਰ ਧਾਰਮਕ ਅੰਧਵਿਸ਼ਵਾਸ਼ਾਂ ਦੇ ਧੰਦੂਕਾਰੇ ਦਾ ਸ਼ਿਕਾਰ ਬਣੇ ਰਹਿਣ।
16. ਸਾਮਰਾਜੀ ਦਬਾਅ ਅਤੇ ਪੂੰਜੀਵਾਦੀ ਲੁੱਟ-ਚੋਂਘ ਦੇ ਮੰਤਕੀ ਸਿੱਟੇ ਵਜੋਂ ਦੇਸ਼ ਅੰਦਰ ਆਜ਼ਾਦੀ ਉਪਰੰਤ ਸਥਾਪਤ ਹੋਈ ਜਮਹੂਰੀ ਸੰਵਿਧਾਨਕ ਪ੍ਰਣਾਲੀ ਵੀ ਬੁਰੀ ਤਰ੍ਹਾਂ ਲੜਖੜਾ ਗਈ ਹੈ। ਹਰ ਪਾਸੇ ਭਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਰਾਜਨੀਤੀ ਦਾ ਅਪਰਾਧੀਕਰਨ ਹੋ ਚੁੱਕਾ ਹੈ। ਅਪਰਾਧੀ ਤੱਤ ਤੇ ਧਨ-ਸ਼ਕਤੀ ਹਰ ਪੱਧਰ ਦੀਆਂ ਚੋਣਾਂ ਉੱਪਰ ਹਾਵੀ ਹੋ ਚੁੱਕੇ ਹਨ। ਇਹਨਾਂ ਚੋਣਾਂ ਲਈ ਵੋਟਾਂ ਸ਼ਰੇਆਮ ਵਿਕਦੀਆਂ ਹਨ ਅਤੇ ਅੰਦਰੋਂ ਖੋਖਲੀ ਹੋ ਚੁੱਕੀ ਭਾਰਤੀ ਜਮਹੂਰੀਅਤ ਦੀ ਅਤੀ ਚਿੰਤਾਜਨਕ ਤਸਵੀਰ ਉਭਾਰਦੀਆਂ ਹਨ। ਸਰਮਾਏਦਾਰ ਪੱਖੀ ਸਾਰੀਆਂ ਰਾਜਨੀਤਕ ਪਾਰਟੀਆਂ ਹਰ ਮੁੱਦੇ 'ਤੇ ਅਤਿ ਦੀ ਮੌਕਾਪ੍ਰਸਤੀ ਕਰਨ, ਲਾਰੇ ਲੱਪੇ ਲਾ ਕੇ ਲੋਕਾਂ ਨੂੰ ਵੱਡੀ ਪੱਧਰ ਤੱਕ ਗੁੰਮਰਾਹ ਕਰਨ ਆਪੋ ਵਿਚ ਕਿੜਾਂ ਕੱਢਣ ਤੇ ਬੇਅਸੂਲੀਆਂ ਲੜਾਈਆਂ ਲੜਨ ਅਤੇ ਛਡਯੰਤਰੀ ਚਾਲਾਂ ਚੱਲਣ ਨੂੰ ਹੀ ਸਫਲ ਰਾਜਨੀਤੀ ਸਮਝਦੀਆਂ ਹਨ। ਉਹ ਹਮੇਸ਼ਾ ਅਜੇਹੀਆਂ ਅਨੈਤਿਕ ਚਾਲਾਂ ਰਾਹੀਂ ਵੋਟਾਂ ਵਟੋਰਨ ਤੇ ਇਕ ਦੂਜੀ ਨੂੰ ਪਛਾੜਕੇ ਸੱਤਾ ਹਥਿਆਉਣ ਵਿਚ ਰੁੱਝੀਆਂ ਰਹਿੰਦੀਆਂ ਹਨ। ਆਮ ਲੋਕਾਂ ਦੀਆ ਦੁੱਖ ਤਕਲੀਫਾਂ ਅਤੇ ਉਹਨਾਂ ਦੀਆਂ ਮਹਿੰਗਾਈ, ਗਰੀਬੀ ਤੇ ਬੇਕਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਇਹਨਾਂ ਪਾਰਟੀਆਂ ਦੇ ਅਜੰਡੇ ਤੇ ਕਦੇ ਵੀ ਪ੍ਰਾਥਮਿਕਤਾ ਵਾਲਾ ਸਥਾਨ ਨਹੀਂ ਲੈਂਦੀਆਂ।
17. ਇਹਨਾਂ ਅਵਸਥਾਵਾਂ ਵਿਚ ਪੂੰਜੀਵਾਦੀ ਲੁੱਟ-ਚੋਂਘ ਅਤੇ ਅਫਸਰਸ਼ਾਹੀ ਦੀ ਆਪਹੁਦਰਸ਼ਾਹੀ ਹੇਠ ਨਪੀੜੀ ਜਾ ਰਹੀ ਦੇਸ਼ ਦੀ ਲੋਕਾਈ ਵੀ ਹਰ ਤਰ੍ਹਾਂ ਦੇ ਸਮਾਜਕ ਜਬਰ ਦਾ ਨਿਰੰਤਰ ਤੌਰ 'ਤੇ ਸ਼ਿਕਾਰ ਬਣੀ ਹੋਈ ਹੈ। ਜਾਤਪਾਤ ਆਧਾਰਤ ਵਿਤਕਰੇ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਦਲਿਤ ਤੇ ਹੋਰ ਪੱਛੜੇ ਵਰਗ ਵਿਆਪਕ ਵਿਤਕਰਿਆਂ ਤੇ ਘੋਰ ਬੇਇਨਸਾਫੀਆ ਹੇਠ ਦੱਬੇ ਹੋਏ ਹਨ। ਰੀਜ਼ਰਵੇਸ਼ਨ ਦੀ ਵਿਵਸਥਾ ਨੇ ਇਹਨਾਂ ਦੇ ਇਕ ਅਸਲੋਂ ਛੋਟੇ ਹਿੱਸੇ ਨੂੰ ਹੀ ਮਾਮੂਲੀ ਆਰਥਕ ਲਾਭ ਪਹੁੰਚਾਇਆ ਹੈ ਜਦੋਂਕਿ ਸਮਾਜਕ ਵਿਤਕਰੇ ਜਿਓਂ ਦੇ ਤਿਓਂ ਕਾਇਮ ਹਨ। ਅਨੇਕਾਂ ਥਾਵਾਂ 'ਤੇ ਅਜੇ ਵੀ ਉਹ ਬੰਧੂਆ ਮਜ਼ਦੂਰਾਂ ਵਰਗੀਆਂ ਜੀਵਨ ਹਾਲਤਾਂ ਹੀ ਭੋਗ ਰਹੇ ਹਨ। ਸਮਾਜਕ ਜਬਰ ਦੇ ਦਰਿਸ਼ਟੀਕੋਨ ਤੋਂ ਦੇਸ਼ ਅੰਦਰ ਔਰਤਾਂ ਦੀ ਦਸ਼ਾ ਵੀ ਨਿਰੰਤਰ ਨਿੱਘਰਦੀ ਗਈ ਹੈ, ਜਿਸ ਨੇ ਦੇਸ਼ ਭਰ ਵਿਚ ਭਰੂਣ ਹੱਤਿਆ ਵਰਗੇ ਕੁਕਰਮ ਨੂੰ ਉਤਸ਼ਾਹ ਦਿੱਤਾ ਹੈ।
18. ਆਜ਼ਾਦੀ ਪ੍ਰਾਪਤੀ ਉਪਰੰਤ ਦੇਸ਼ ਅੰਦਰ ਪੁਲਸ ਤੇ ਪ੍ਰਸ਼ਾਸਨਿਕ ਜਬਰ ਵਿਚ ਵੀ ਭਾਰੀ ਵਾਧਾ ਹੋਇਆ ਹੈ। ਨਿੱਤ ਨਵੇਂ ਰੂਪਾਂ ਵਿਚ ਪੁਲਸ ਦੀਆਂ ਹੋਰ ਵਧੇਰੇ ਧਾੜਾਂ ਕਾਇਮ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਕਾਨੂੰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਹੱਕਾਂ-ਹਿੱਤਾਂ ਲਈ ਲੜਨ ਵਾਲੇ ਕਿਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਇਆ ਜਾ ਸਕੇ। ਬਹੁਤੀਆਂ ਥਾਵਾਂ 'ਤੇ ਲੋਕਾਂ ਦੇ ਇਕੱਠੇ ਹੋਣ ਅਤੇ ਲਿਖਣ ਬੋਲਣ 'ਤੇ ਵੀ ਨਿਰੰਤਰ ਪਾਬੰਦੀ ਲੱਗੀ ਰਹਿੰਦੀ ਹੈ। ਵਿਆਪਕ ਰੂਪ ਵਿਚ ਫੈਲਿਆ ਹੋਇਆ ਹਰ ਤਰ੍ਹਾਂ ਦਾ ਭਰਿਸ਼ਟਾਚਾਰ ਤੇ ਰਿਸ਼ਵਤਖੋਰੀ ਲੋਕਾਂ ਦੀਆਂ ਮੁਸੀਬਤਾਂ ਨੂੰ ਲਗਾਤਾਰ ਵਧਾਉਂਦੇ ਜਾ ਰਹੇ ਹਨ, ਜਦੋਂਕਿ ਸਰਕਾਰ ਇਹਨਾਂ 'ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਫਲ ਸਿੱਧ ਹੋ ਰਹੀ ਹੈ ਅਤੇ ਪ੍ਰਸ਼ਾਸ਼ਨਿਕ ਭਰਿਸ਼ਟਾਚਾਰ ਨੂੰ ਰੋਕਣ ਪ੍ਰਤੀ ਤਾਂ ਹੱਥ ਹੀ ਖੜੇ ਕਰ ਗਈ ਹੈ।
19. ਲੋਕਾਂ ਨੂੰ ਕੰਗਾਲ, ਨਿਆਸਰੇ ਤੇ ਮਾਯੂਸ ਬਣਾ ਰਹੀਆਂ ਇਹਨਾਂ ਹਾਲਤਾਂ ਵਿਚ ਘਿਰਿਆ ਹੋਇਆ ਭਾਰਤ ਨਿਸ਼ਚੇ ਹੀ ਸ਼ਹੀਦ ਭਗਤ ਸਿੰਘ ਦੇ ਅਕੀਦਿਆਂ ਦਾ ਭਾਰਤ ਨਹੀਂ ਹੈ। ਵੱਡਮੁੱਲੇ ਕੁਦਰਤੀ ਖਜ਼ਾਨਿਆਂ ਵਾਲੇ ਅਤੇ ਇਕ ਅਰਬ ਦੇ ਕਰੀਬ ਮਿਹਨਤੀ ਲੋਕਾਂ ਦੇ ਇਸ ਦੇਸ਼ ਨੂੰ ਅਜੇ ਵੀ ਸਾਮਰਾਜੀ ਲੁਟੇਰੇ, ਉਹਨਾਂ ਦੇ ਭਾਰਤੀ ਪੂੰਜੀਪਤੀ ਤੇ ਭੂਮੀਪਤੀ ਭਾਈਵਾਲ ਅਤੇ ਦਿਨੋਂ ਦਿਨ ਆਫਰਦੀ ਜਾ ਰਹੀ ਅਫਸਰਸ਼ਾਹੀ ਮਿਲਕੇ, ਦੋਹੀਂ ਹੱਥੀਂ ਲੁੱਟ ਰਹੇ ਹਨ। ਸਿੱਟੇ ਵਜੋਂ, ਕਿਰਤੀ ਜਨਸਮੂਹ ਘੋਰ ਕੰਗਾਲੀ ਦੇ ਰਸਾਤਲ ਵਿਚ ਡੁਬਦੇ ਜਾ ਰਹੇ ਹਨ। ਅਜੇਹਾ ਭਾਰਤ ਉਸੇ ਤਰ੍ਹਾਂ ਦੀ ਕਰਾਂਤੀਕਾਰੀ ਤਬਦੀਲੀ ਦੀ ਮੰਗ ਕਰਦਾ ਹੈ, ਜਿਸ ਤਰ੍ਹਾਂ ਦੀ ਤਬਦੀਲੀ ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਅਤੇ ਹੋਰ ਅਨੇਕਾਂ ਦੇਸ਼ ਭਗਤ ਯੋਧਿਆਂ ਨੇ ਚਿਤਵੀ ਸੀ। ਅਜਿਹੀ ਤਬਦੀਲੀ ਸਾਰੇ ਖੇਤਰਾਂ ਭਾਵ ਸਮਾਜਕ, ਆਰਥਕ, ਰਾਜਨੀਤਕ ਤੇ ਸਭਿਆਚਾਰਕ ਖੇਤਰਾਂ ਵਿਚ ਦੇਸ਼ ਦੀ ਜਵਾਨੀ ਦੀ ਚੇਤੰਨ ਤੇ ਜਾਨਹੂਲਵੀਂ ਸ਼ਮੂਲੀਅਤ ਦੀ ਜ਼ੋਰਦਾਰ ਮੰਗ ਕਰਦੀ ਹੈ। ਐਪਰ ਦੇਸ਼ ਅੰਦਰ ਪੂੰਜੀਪਤੀਆਂ ਤੇ ਜਗੀਰਦਾਰਾਂ ਦੇ ਭਾੜੇ ਦੇ ਟੱਟੂ ਅਜਿਹੇ ਸਮਾਜਕ ਚਿੰਤਕ ਵੀ ਕਾਫੀ ਹਨ ਜਿਹੜੇ ਕਿ ਨੌਜਵਾਨਾਂ ਨੂੰ ਰਾਜਨੀਤੀ ਤੋਂ ਦੂਰ ਰਹਿਣ ਅਤੇ ਦੇਸ਼ ਤੇ ਲੋਕਾਂ ਦੀ ਚਿੰਤਾ ਛੱਡ ਕੇ ਹਰ ਯੋਗ ਆਯੋਗ ਸਾਧਨ ਵਰਤ ਕੇ ਕੇਵਲ ਆਪਣੇ ਨਿੱਜੀ ਭਵਿੱਖ ਨੂੰ ਬਨਾਉਣ ਵੱਲ ਸੇਧਤ ਰਹਿਣ ਦੀ ਸਲਾਹ ਦਿੰਦੇ ਹਨ। ਅਜੇਹੇ ਬੁੱਧੀਜੀਵੀ ਪ੍ਰਤੱਖ ਰੂਪ ਵਿਚ ਪੂੰਜੀਪਤੀ ਹਾਕਮਾਂ ਦੇ ਸੇਵਕ ਹਨ, ਕਿਉਂਕਿ ਆਮ ਦੇਸ਼ ਵਾਸੀਆਂ ਦੇ ਬਹਾਦਰ, ਆਪਾਵਾਰੂ ਤੇ ਸੂਝਵਾਨ ਧੀਆਂ-ਪੁੱਤਰਾਂ ਨੇ ਹੀ ਸਾਂਝੀਵਾਲਤਾ ਤੇ ਆਧਾਰਤ ਭਾਰਤੀ ਸਮਾਜ ਦੇ ਭਵਿੱਖੀ ਸਰੂਪ ਨੂੰ ਤੈਅ ਕਰਨ ਅਤੇ ਉਸਦੀ ਉਸਾਰੀ ਲਈ ਸੰਘਰਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਹੈ।
20. ਇਸ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਜਿਹੇ ਹੱਕ-ਸੱਚ ਤੇ ਇਨਸਾਫ 'ਤੇ ਆਧਾਰਤ ਸਮਾਜ ਦੀ ਸਿਰਜਣਾ ਲਈ ਦੇਸ਼ ਦੀ ਸਮੁੱਚੀ ਜਵਾਨੀ ਨੂੰ ਇਕਜੁੱਟ ਕਰਨ ਅਤੇ ਹੋਰ ਕਿਰਤੀ ਜਨਸਮੂਹਾਂ ਨਾਲ ਮਿਲਕੇ ਏਥੇ ਇਕ ਸ਼ਕਤੀਸ਼ਾਲੀ ਜਨਤਕ ਲਹਿਰ ਉਸਾਰਨ ਦਾ ਐਲਾਨ ਕਰਦੀ ਹੈ ਅਤੇ ਇਸ ਮੰਤਵ ਲਈ ਨੌਜਵਾਨਾਂ ਨੂੰ ਜਾਗਰੂਕ ਹੋਣ, ਇਕਜੁੱਟ ਹੋਣ ਅਤੇ ਸੰਘਰਸ਼ਾਂ ਦੇ ਪਿੜ ਵਿਚ ਕੁੱਦਣ ਦਾ ਜ਼ੋਰਦਾਰ ਸੱਦਾ ਦਿੰਦੀ ਹੈ।
ਇਨਕਲਾਬ-ਜ਼ਿੰਦਾਬਾਦ !
ਸਾਮਰਾਜਵਾਦ-ਮੁਰਦਾਬਾਦ!