Saturday, 27 May 2023

ਸਰਾਭਾ ਦੇ ਜਨਮ ਦਿਵਸ ਨੂੰ ਸਮ੍ਰਪਿਤ ਸਮਾਗਮ ਨੂੰ ਧਰਮਿੰਦਰ ਨੇ ਕੀਤਾ ਸੰਬੋਧਨ


ਜੰਡਿਆਲਾ ਮੰਜਕੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127 ਵਾਂ ਜਨਮ ਦਿਹਾੜਾ ਮਨਾਉਣ ਲਈ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਅਗਵਾਈ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮੇਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896ਈਸਵੀ ਨੂੰ ਸ.ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਹੋਇਆ।ਛੋਟੀ ਉਮਰ ਵਿੱਚ ਹੀ ਸਿਰ ਤੋਂ ਪਿਤਾ ਜੀ ਦੀ ਛਤਰ ਛਾਇਆ ਉੱਠ ਜਾਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਜੀ ਨੇ ਕੀਤਾ। ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਵਿਦਿਆਰਥੀ ਜੀਵਨ ਵਿੱਚ ਵਿਚਰਦੇ ਹੋਏ ਹੀ ਕਰਤਾਰ ਸਿੰਘ ਸਰਾਭਾ ਨੇ ਅਮਰੀਕੀ ਲੋਕਾਂ ਦੇ ਭਾਰਤੀਆਂ ਪ੍ਰਤੀ ਨਸਲਵਾਦੀ ਤੇ ਗੁਲਾਮ ਦੇਸ਼ ਦੇ ਵਾਸੀ ਹੋਣ ਦੇ ਦ੍ਰਿਸ਼ਟੀਕੋਣ ਤੇ ਨਫ਼ਰਤਵਾਦੀ ਭਾਂਪ ਲਿਆ ਸੀ।ਉਹ ਅਮਰੀਕਾ ਵਿੱਚ ਦੇਸ਼ ਦੀ ਆਜ਼ਾਦੀ ਲਈ ਕੰਮ ਕਰ ਰਹੇ ਦੇਸ਼ ਭਗਤਾਂ ਦੇ ਵਿਚਾਰਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ।ਜਿਸ ਦੇ ਸਿੱਟੇ ਵਜੋਂ ਉਹ ਆਜ਼ਾਦੀ ਪ੍ਰਾਪਤੀ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਸਥਾਪਤ ਕੀਤੀ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਦੀ ਲੜਾਈ ਦੇ ਵਿਚਾਰਾਂ ਅਤੇ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਗ਼ਦਰ ਪਾਰਟੀ ਨੇ ਗ਼ਦਰ ਨਾਂ ਦਾ ਅਖ਼ਬਾਰ ਚਾਲੂ ਕੀਤਾ।ਜਿਸ ਦੇ ਸੰਪਾਦਕੀ ਮੰਡਲ ਵਿੱਚ ਵੀ ਸ਼ਾਮਲ ਹੋਏ। ਹੱਥਾਂ ਨਾਲ ਮਸ਼ੀਨ ਚਲਾ ਕੇ ਅਖ਼ਬਾਰ ਛਾਪਦੇ ਰਹੇ ਅਤੇ ਗ਼ਦਰ ਅਖ਼ਬਾਰ ਨੂੰ ਸਾਈਕਲ ਤੇ ਜਾ ਕੇ ਦੂਰ ਦੂਰ ਤੱਕ ਵੰਡਦੇ ਰਹੇ। ਸਰਾਭਾ ਨੇ ਹਵਾਈ ਜਹਾਜ਼ ਦੀ ਮੁਰੰਮਤ ਕਰਨ ਅਤੇ ਉਡਾਣ ਦੀ ਲਈ। ਅਦਾਲਤ ਦੇ ਜੱਜ ਅਨੁਸਾਰ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਲੈ ਕੇ ਸਮੁੰਦਰੀ ਰਸਤਿਆਂ ਅਤੇ ਭਾਰਤ ਵਿੱਚ ਹਰ ਥਾਂ ਉੱਪਰ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ। ਗ਼ਦਰੀ ਬਾਬਿਆਂ ਦੀ ਹਰ ਲੜਾਈ ਵਿੱਚ ਸਰਾਭਾ ਕੇਂਦਰ ਬਿੰਦੂ ਦੇ ਰੂਪ ਵਿੱਚ ਕੰਮ ਕਰਦਾ ਰਿਹਾ।ਜਿਸ ਕਰਕੇ ਅੰਗਰੇਜ਼ ਹਕੂਮਤ ਸਰਾਭਾ ਨੂੰ ਅੰਗਰੇਜ਼ੀ ਹਕੂਮਤ ਲਈ ਸਭ ਤੋਂ ਵੱਧ ਖ਼ਤਰਨਾਕ ਅੰਦੋਲਨਕਾਰੀ ਮੰਨਦੀ ਸੀ।


ਵੱਖ-ਵੱਖ ਕੇਸਾਂ ਵਿੱਚ ਸੱਤ ਦੇਸ਼ ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ। ਅਖੀਰ 16 ਨਵੰਬਰ 1915 ਨੂੰ ਉਹਨਾਂ ਨੂੰ ਫਾਂਸੀ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ 127ਵੇਂ ਜਨਮ ਦਿਵਸ ਤੇ ਉਹਨਾਂ ਦੇ ਦਿਵਸ ਤੇ ਉਹਨਾਂ ਦੀ ਜੀਵਨ ਗਾਥਾ, ਸੰਘਰਸ਼ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਦੇ ਰਾਹ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹੀਦ  ਕਰਤਾਰ ਸਿੰਘ ਸਬੰਧੀ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚੌ ਜੇਤੂ ਬੱਚਿਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ

ਇਸ ਸਮੇਂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਸਟੇਟ ਐਵਾਰਡੀ ਲੈਕਚਰਾਰ ਰਿਸ਼ੀ ਕੁਮਾਰ, ਲੈਕਚਰਾਰ ਵਿਦਿਆ ਸਾਗਰ ਅਤੇ ਲੈਕਚਰਾਰ ਤੀਰਥ ਸਿੰਘ ਬਾਸੀ ਨੇ ਵੀ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲੈਕਚਰਾਰ ਕੁਲਵੰਤ ਰਾਮ ਰੁੜਕਾ, ਰਾਮ ਦਿਆਲ, ਮੁਨੀਸ਼ ਕੁਮਾਰ, ਜਸਵਿੰਦਰ ਸਿੰਘ, ਮੈਡਮ ਮੰਜੂ ਰਾਣੀ, ਮੈਡਮ ਸਰਬਜੀਤ ਕੌਰ, ਮੈਡਮ  ਜਸਵੀਰ ਕੌਰ, ਮੈਡਮ ਆਸ਼ੂ ਸਭਰਵਾਲ, ਮੈਡਮ ਸੀਮਾ ਅਤੇਮੈਡਮ ਰਜਨੀ ਸੂਦ ਹਾਜ਼ਰ ਸਨ।

Wednesday, 24 May 2023

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਨੌਜਵਾਨਾਂ ਨੇ ਕੀਤਾ ਅਹਿਦ


ਮੋਗਾ: ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਜਥੇਬੰਦੀ ਦੇ ਸਥਾਪਨਾ ਦਿਵਸ ਮੋਕੇ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਆਯੋਜਿਤ ਕੀਤੀ ਗਈ। ਇਥੋਂ ਦੀ ਦਾਣਾ ਮੰਡੀ ਦੇ ਆੜਤੀ ਐਸ਼ੋਸੀਏਸ਼ਨ ਹਾਲ ਵਿੱਚ ਸ਼ਮਸ਼ੇਰ ਸਿੰਘ ਬਟਾਲਾ, ਸੁੱਲਖਣ ਸਿੰਘ ਤੁੜ, ਜਤਿੰਦਰ ਕੁਮਾਰ ਫਰੀਦਕੋਟ, ਗੁਰਦੀਪ ਬੇਗਮਪੁਰ, ਅਜੈ ਲੁਧਿਆਣਾ, ਗਗਨ ਮੋਗਾ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਗਰਮ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। 

ਆਰੰਭ ‘ਚ ਸਾਥੀ ਮਨਜੀਤ ਅਲਿਕਾ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। 


ਮੀਟਿੰਗ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਮੁਕੇਰੀਆ ਨੇ ਕਿਹਾ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਉਸ ਸਮੇਂ ਮਨਾ ਰਹੇ ਹਾਂ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨ ਵਿਰੋਧੀ ਨੀਤੀਆਂ ਰੁਜ਼ਗਾਰ ਨਾ ਸੂਰਤ ਵਿੱਚ ਨੌਜਵਾਨ ਲਗਾਤਾਰ ਵੱਡੀ ਗਿਣਤੀ ਵਿਦੇਸ਼ਾਂ ਦੀ ਧਰਤੀ ‘ਤੇ ਰੁਜ਼ਗਾਰ ਦੀ ਭਾਲ ਵਿਚ ਜਾ ਰਹੇ ਹਨ ਅਤੇ ਇਹਨਾਂ ਨੀਤੀਆ ਕਾਰਨ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ, ਬੇਰੁਜ਼ਗਾਰੀ, ਨਸ਼ੇ ਅਤੇ ਗੁੰਡਾਗਰਦੀ ਲਗਾਤਾਰ ਵਾਧਾ ਹੋ ਰਿਹਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਦੀ ਲਾਮਬੰਦੀ ਕਰਨ ਲਈ ਅਤੇ ਜਥੇਬੰਦੀ ਦੇ ਢਾਂਚੇ ਦੀ ਉਸਾਰੀ ਲਈ ਜੂਨ ਮਹੀਨੇ ਅੰਦਰ ਪਿੰਡ ਪੱਧਰ ਦੀਆਂ ਇਕਾਈਆਂ ਦੀ ਚੋਣ ਮੈਂਬਰਸ਼ਿਪ ਕਰਕੇ ਕੀਤੀ ਜਾਵੇਗੀ ਅਤੇ ਜੁਲਾਈ-ਅਗਸਤ ਵਿੱਚ ਤਹਿਸੀਲਾਂ/ਜ਼ਿਲ੍ਹਿਆਂ ਦੇ ਅਜਲਾਸ ਕੀਤੇ ਜਾਣਗੇ ਅਤੇ ਸਤੰਬਰ ਦੇ ਆਖੀਰ ਵਿੱਚ ਸੂਬਾ ਅਜਲਾਸ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਮਾਨਸਾ, ਬਿਕਰਮ ਸਾਹਕੋਟ, ਸਰਬਜੀਤ ਹੈਰੀ ਅਮਿੰਤਸਰ, ਬੰਸੀ ਲਾਲ ਸਰਦੂਲਗੜ੍ਹ, ਮਨਹਰਨ, ਲਾਜਰ ਲਾਖਣਾ ਤਰਨ ਤਾਰਨ, ਰਾਮ ਕਿਸ਼ਨ ਭਾਰਤੀ, ਪਰਸ਼ੋਤਮ ਫਿਲੋਰ, ਅਨਮੋਲ ਫਿਰੋਜਪੁਰ, ਗੁਰਜੀਤ ਮੱਖੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਮੀਟਿੰਗ ਦੌਰਾਨ ਅਹਿਦ ਕੀਤਾ ਕਿ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛੋਟੀ ਜਿਹੀ ਉਮਰ ‘ਚ ਗ਼ਦਰ ਲਹਿਰ ਲਈ ਵਿਸ਼ੇਸ਼ ਯੋਗਦਾਨ ਪਾਇਆ ਸੀ, ਉਨ੍ਹਾਂ ਦੇ ਪਦਚਿੰਨਾ ‘ਤੇ ਚਲਦੇ ਹੋਏ ਲਹਿਰ ਉਸਾਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਆਖਰ ‘ਤੇ ਸੂਬਾ ਕਮੇਟੀ ਨੇ ਮੋਗੇ ਦੇ ਨੌਜਵਾਨਾਂ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ।