Thursday, 15 December 2016

ਨਜੀਬ ਨੂੰ ਲੱਭਣ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ




ਫਿਲੌਰ, 15 ਦਸੰਬਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਨੂੰ ਜਲਦ ਲੱਭਣ ਲਈ ਪੂਰੇ ਪੰਜਾਬ 'ਚ ਦਿੱਤੇ ਜਾ ਰਹੇ ਮੰਗ ਪੱਤਰਾਂ ਤਹਿਤ ਅੱਜ ਦੇਸ਼ ਦੇ ਰਾਸ਼ਟਰਪਤੀ ਨੂੰ ਐਸਡੀਐਮ ਫਿਲੌਰ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪੀਐਚਡੀ ਦੇ ਵਿਦਿਆਰਥੀ ਨਜੀਬ ਅਹਿਮਦ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਾਪਤਾ ਹਨ ਅਤੇ ਇਸ ਵਿਦਿਆਰਥੀ ਨੂੰ ਲੱਭਣ 'ਚ ਦਿੱਲੀ ਦਾ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਨਾਕਾਮ ਰਿਹਾ ਹੈ। ਇਸ ਵਿਦਿਆਰਥੀ ਨੂੰ ਗੁੰਮ ਕਰਨ ਦੀਆਂ ਜਿੰਮੇਵਾਰ ਫਿਰਕੂ ਤਾਕਤਾਂ ਪ੍ਰਤੀ ਹਾਕਮ ਧਿਰ ਵਲੋਂ ਨਰਮ ਰਵੱਈਆ ਰੱਖਿਆ ਜਾ ਰਿਹਾ ਹੈ। ਅਜੈ ਫਿਲੌਰ ਨੇ ਅੱਗੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਦੇ ਅਨੇਕਾਂ ਸੰਘਰਸ਼ਾਂ ਦੇ ਬਾਵਜੂਦ ਨਜੀਬ ਨੂੰ ਲੱਭਣ 'ਚ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ। ਮੰਗ ਪੱਤਰ ਦੇਣ ਵੇਲੇ ਨੌਜਵਾਨ ਆਗੂ ਮੱਖਣ ਫਿਲੌਰ, ਸੋਨੂੰ ਢੇਸੀ, ਮਨੋਜ ਕੁਮਾਰ, ਗੁਰਿੰਦਰਜੀਤ, ਅਰਸ਼ਪ੍ਰੀਤ ਆਸ਼ੂ, ਮਨਜਿੰਦਰ ਢੇਸੀ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਆਦਿ ਹਾਜਰ ਸਨ।

No comments:

Post a Comment