Friday, 29 December 2017

ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ ਦੇ ਅਧਿਕਾਰ ਦੀ ਪ੍ਰਾਪਤੀ ਲਈ ਕੀਤਾ ਜਾਵੇਗਾ ਸੰਘਰਸ਼: ਅਜੈ ਫਿਲੌਰ

ਅਜ਼ਾਦੀ ਲਈ ਮਰ ਮਿਟਣ ਵਾਲੇ ਸ਼ਹੀਦਾਂ ਦੇ ਦਿਨਾਂ 'ਤੇ ਛੁੱਟੀਆਂ ਬੰਦ ਕੀਤੇ ਜਾਣ ਦੀ ਸਖਤ ਸ਼ਬਦਾਂ 'ਚ ਨਿਖੇਧੀ



ਫਿਲੌਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਅੱਜ ਇਥੇ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵੱਲੋਂ ਨੌਜਵਾਨ-ਵਿਦਿਆਰਥੀਆਂ ਦੇ ਭਖਦੇ ਮਸਲਿਆਂ ਅਤੇ ਪੰਜਾਬ ਸਰਕਾਰ ਦੁਆਰਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ, ਸਿੱਖਿਆਂ ਦਾ ਨਿੱਜੀਕਰਨ-ਫਿਰਕੂਕਰਨ ਬੰਦ ਕਰਨ, 2500 ਰੁਪਏ ਬੇਰੁਜ਼ਗਾਰੀ ਭੱਤਾ, ਵਿਦਿਆਰਥੀਆਂਂ ਦੇ ਸਕਾਲਰਸ਼ਿੱਪ ਦੇ ਰੁਕੇ ਪੈਸੇ ਜਾਰੀ ਕਰਵਾਉਣ, ਸ਼ਕਾਲਰਸ਼ਿੱਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ, ਨਸ਼ਿਆਂ ਉਪਰ ਸਖਤੀ ਨਾਲ ਪਾਬੰਦੀ ਲਗਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਹਾਰ ਨੂੰ ਬੰਦ ਕਰਨ ਆਦਿ ਮਸਲਿਆਂ ਉਪਰ ਲਾਮਬੰਦੀ ਅਤੇ ਸੰਘਰਸ਼ ਦੀ ਕੜੀ ਵੱਜੋਂ ਤਹਿਸੀਲ ਪੱਧਰ 'ਤੇ ਰੁਜ਼ਗਾਰ ਦਫਤਰਾਂ ਅੱਗੇ ਰੋਸ-ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਜਾਣਗੇ।
ਉਨ੍ਹਾਂ ਦੱਸਿਆਂ ਕਿ 15 ਜਨਵਰੀ ਨੂੰ ਫਿਲੌਰ ਅਤੇ 29 ਜਨਵਰੀ ਨੂੰ ਨਕੋਦਰ ਵਿਖੇ ਐਕਸ਼ਨ ਕੀਤੇ ਜਾਣਗੇ ਅਤੇ ਕਾਲੇ ਕਾਨੂੰਨ ਵਿਰੁੱਧ ਪੰਜ ਦਰਜਨ ਦੇ ਕਰੀਬ ਜਥੇਬੰਦੀਆਂ ਦੁਆਰਾ 31 ਜਨਵਰੀ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ 'ਚ ਵੀ ਵੱਧ-ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ। 
ਅਜੈ ਫਿਲੌਰ ਨੇ ਅੱਗੇ ਕਿਹਾ ਕਿ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨਸ਼ੇ ਖਤਮ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਆਪਣੇ ਵਾਅਦਿਆ ਤੋਂ ਮੁੱਕਰ ਚੁੱਕੀ ਹੈ ਜਦਕਿ ਬਠਿੰਡੇ ਵਰਗੇ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ, ਉੱਥੇ ਹੁਣ ਤੱਕ ਨੌਜਵਾਨਾਂ ਨੂੰ ਨਾ ਤਾਂ ਰੁਜ਼ਗਾਰ ਦਿੱਤਾ ਗਿਆ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਬੱਚਿਆਂ ਨੂੰ ਮੁੱਢਲੀ ਵਿਦਿਆ ਦੇਣ ਵਾਲੇ 800 ਦੇ ਕਰੀਬ ਸਕੂਲਾਂ ਨੂੰ ਬੰਦ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਹਨ੍ਹੇਰੇ 'ਚ ਸੁੱਟਿਆ ਜਾ ਰਿਹਾ ਹੈ।।ਨਸ਼ਿਆ ਦਾ ਦਰਿਆਂ ਵੀ ਜਿਉਂ ਦੀ ਤਿਉ ਵੱਗ ਰਿਹਾ ਹੈ ਅਤੇ ਨਸ਼ਾਂ ਸਮਗਲਰ ਸ਼ਰੇਆਮ ਘੁੰਮ ਰਹੇ ਹਨ ਜਦ ਕਿ ਨਸ਼ਿਆ ਦੇ ਸ਼ਿਕਾਰ ਨੌਜਵਾਨਾਂ ਨੂੰ ਜੇਲ੍ਹਾਂ 'ਚ ਸੁੱਟ ਕੇ ਸਿਰਫ ਖਾਨਾ-ਪੂਰਤੀ ਕੀਤੀ ਜਾ ਰਹੀ ਹੈ।
 ਉਨ੍ਹਾਂ ਪੰਜਾਬ ਸਰਕਾਰ ਦੁਆਰਾ ਨਵੇਂ ਸਾਲ ਦੇ ਜਾਰੀ ਕੀਤੇ ਛੁੱਟੀਆਂ ਦੇ ਗਜ਼ਟ ਵਿਚ ਦੇਸ਼ ਦੀ ਅਜ਼ਾਦੀ ਲਈ ਮਰ-ਮਿਟਣ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਰਾਭਾ, ਊਧਮ ਸਿੰਘ ਹੋਰ ਦੇਸ਼ ਭਗਤਾਂ ਦੇ ਦਿਨਾਂ ਮੌਕੇ ਹੋਣ ਵਾਲੀਆਂ ਛੁੱਟੀਆਂ ਬੰਦ ਕੀਤੇ ਜਾਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆ ਅਤੇ ਤੁਰੰਤ ਇਨ੍ਹਾਂ ਛੁੱਟੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ। 
ਇਸ ਮੌਕੇ ਦਲਵਿੰਦਰ ਕੁਲਾਰ, ਗੁਰਦੀਪ ਬੇਗਾਮਪੁਰਾ, ਮੱਖਣ ਸੰਗਰਾਮੀ, ਤਰਸੇਮ ਸ਼ਾਹਕੋਟ, ਭਾਰਤੀ ਮਹੂੰਵਾਲ, ਜਸਪ੍ਰੀਤ ਰੁੜਕਾ, ਜਰਨੈਲ ਜੈਲੀ, ਗੁਰਦਿਆਲ ਨੂਰਪੁਰ, ਵਿਜੈ ਰੁੜਕਾ, ਰਿੱਕੀ ਮਿਉਂਵਾਲ ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
(9569387333)

Tuesday, 26 December 2017

ਨੌਜਵਾਨਾਂ ਵੱਲੋਂ ਸਾਮਰਾਜ ਤੇ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਤਿੱਖਾ ਕਰਨ ਦਾ ਅਹਿਦ





ਅੰਮ੍ਰਿਤਸਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 'ਤੇ ਸੈਂਕੜੇ ਨੌਜਵਾਨਾਂ ਨੇ ਜਲ੍ਹਿਆਂਵਾਲਾ ਬਾਗ 'ਚ ਪਹੁੰਚ ਕੇ ਸਾਮਰਾਜ ਵਿਰੁੱਧ ਅਤੇ ਫਿਰਕਾਪ੍ਰਸਤੀ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਅਹਿਦ ਲਿਆ। ਬਾਜ਼ਾਰਾਂ ਵਿੱਚ ਨੌਜਵਾਨਾਂ ਨੇ ਪ੍ਰਭਾਵਸ਼ਾਲੀ ਮਾਰਚ ਦੌਰਾਨ ਹੱਥਾਂ ਵਿੱਚ ਝੰਡੇ, ਮਾਟੋ ਅਤੇ ਨੌਜਵਾਨਾਂ ਦੀਆਂ ਮੰਗਾਂ ਸੰਬੰਧੀ ਤਖਤੀਆਂ ਫੜੀਆਂ ਹੋਈਆਂ ਸਨ। ਬਾਜ਼ਾਰਾਂ ਵਿੱਚ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਪੂਰੇ ਜੋਸ਼ ਨਾਲ ਨਾਅਰੇ ਗੂੰਜੇ। ਮਾਰਚ ਤੋਂ ਪਹਿਲਾਂ ਨਹਿਰੀ ਦਫਤਰ ਵਿਖੇ ਨੌਜਵਾਨਾਂ ਨੇ ਇਕੱਠੇ ਹੋ ਕੇ ਵਿਸ਼ਾਲ ਇਕੱਠ ਕੀਤਾ, ਜਿਸ ਦੀ ਪ੍ਰਧਾਨਗੀ ਸਭਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਮੱਲੂਨੰਗਲ, ਸੁਖਦੇਵ ਸਿੰਘ ਜਵੰਦਾ, ਰਵੀ ਕੁਮਾਰ ਪਠਾਨਕੋਟ, ਵਿਦਿਆਰਥੀ ਆਗੂ ਮਨਜਿੰਦਰ ਸਿੰਘ ਢੇਸੀ ਨੇ ਕੀਤੀ।



ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 'ਤੇ ਅਹਿਦ ਕਰਨਾ ਚਾਹੀਦਾ ਹੈ ਕਿ ਜਿੰਨਾ ਚਿਰ ਸਾਮਰਾਜੀ ਨਿਰਦੇਸ਼ਤ ਨੀਤੀਆਂ ਦਾ ਅੰਤ ਨਹੀਂ ਹੋ ਜਾਂਦਾ, ਓਨਾ ਚਿਰ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਾਮਰਾਜੀਆਂ ਨਾਲ ਭਿਆਲੀਆਂ ਪਾ ਰਹੀਆਂ ਹਨ, ਜਿਨ੍ਹਾਂ ਦੇਸ਼ ਭਗਤਾਂ ਨੇ ਸਾਮਰਾਜੀਆਂ ਨੂੰ ਮੁਲਕ ਤੋਂ ਬਾਹਰ ਕੱਢਿਆ, ਸਾਡੀਆਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਦੇਸ਼ ਅੰਦਰ ਕਾਰੋਬਾਰ ਕਰਨ ਦੀਆਂ ਖੁੱਲ੍ਹਾਂ ਦੇ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ, ਜਿਨ੍ਹਾਂ ਨੀਤੀਆਂ ਕਾਰਨ ਵਿੱਦਿਆ, ਰੁਜ਼ਗਾਰ ਦੇ ਵਸੀਲੇ ਬੰਦ ਹੋ ਰਹੇ ਹਨ, ਸਿਹਤ ਸਹੂਲਤਾਂ ਦਾ ਭੋਗ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨ ਪੰਜਾਬ ਅਤੇ ਦੇਸ਼ ਅੰਦਰ ਰੁਜ਼ਗਾਰ ਨਾ ਮਿਲਣ ਕਰਕੇ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰੁਜ਼ਗਾਰ ਦੀ ਭਾਲ ਵਿੱਚ ਕਈ ਕਈ ਚਿਰ ਆਪਣੀਆਂ ਜ਼ਿੰਦਗੀਆਂ ਮੁਸੀਬਤਾਂ ਵਿੱਚ ਪਾ ਰਹੇ ਹਨ ਅਤੇ ਹਜ਼ਾਰਾਂ ਨੌਜਵਾਨ ਜੇਲ੍ਹ ਵਿੱਚ ਡੱਕੇ ਹੋਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਦੇਸ਼ ਪਰਤਣ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੀ। ਇਨ੍ਹਾਂ ਆਗੂਆਂ ਜਲ੍ਹਿਆਂਵਾਲਾ ਬਾਗ ਦੀ ਧਰਤੀ ਤੋਂ ਐਲਾਨ ਕੀਤਾ ਕਿ 15 ਜਨਵਰੀ ਤੋਂ 31 ਜਨਵਰੀ ਤੱਕ ਐੱਮ ਏ ਤੱਕ ਦੀ ਇਕਸਾਰ ਮੁਫਤ ਵਿੱਦਿਆ, ਸਥਾਈ ਰੁਜ਼ਗਾਰ ਦੀ ਪੱਕੀ ਗਰੰਟੀ, ਬੇਰੁਜ਼ਗਾਰੀ ਭੱਤਾ 2500 ਰੁਪਏ ਫੌਰੀ ਤੌਰ 'ਤੇ ਲਾਗੂ ਕਰਵਾਉਣ, ਚੋਣ ਵਾਅਦੇ ਅਨੁਸਾਰ ਇੱਕ ਜੀਅ ਨੂੰ ਸਰਕਾਰੀ ਨੌਕਰੀ, ਡੁੱਬ ਰਹੀ ਨਸ਼ਿਆਂ 'ਚ ਜਵਾਨੀ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਤਹਿਸੀਲ ਕੇਂਦਰਾਂ 'ਤੇ ਧਰਨੇ ਲਾਏ ਜਾਣਗੇ।




ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਿਆ ਦਾ ਭਗਵਾਂਕਰਨ ਕਰ ਰਹੀ ਹੈ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਫਿਰਕਾਪ੍ਰਸਤੀ ਫੈਲਾ ਰਹੀ ਹੈ। ਵਿੱਦਿਆ ਦਾ ਵਪਾਰੀਕਰਨ, ਨਿੱਜੀਕਰਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਖੁੱਲ੍ਹੇ ਸੱਦੇ ਦਿੱਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਇੱਕ ਪਾਸੇ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ, ਦੂਸਰੇ ਪਾਸੇ ਰਿਜ਼ਰਵੇਸ਼ਨ ਦੇ ਨਾਂਅ 'ਤੇ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤ ਵਿਦਿਆਰਥੀਆਂ ਦੀ ਮੈਟ੍ਰਿਕ ਸਕਾਲਰਸ਼ਿਪ ਖਤਮ ਕਰਨ ਜਾ ਰਹੀ ਹੈ। ਗਰੀਬ ਲੋਕਾਂ ਕੋਲੋਂ ਵਿੱਦਿਆ ਖੋਹ ਕੇ ਅਮੀਰ ਲੋਕਾਂ ਦੇ ਬੱਚਿਆਂ ਦੇ ਹਿੱਤਾਂ ਵਿੱਚ ਦਿੱਤੀ ਜਾ ਰਹੀ ਹੈ। ਸ੍ਰੀ ਫਿਲੌਰ ਨੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ 'ਚ ਐੱਸ ਸੀ, ਬੀ ਸੀ ਵਿੱਦਿਆਰਥੀਆਂ ਦੀਆਂ ਦਾਖਲਾ ਫੀਸਾਂ ਮੁਆਫ ਕਰਨ ਲਈ ਸਖਤ ਹਦਾਇਤਾਂ ਕੀਤੀਆਂ ਜਾਣ।

ਇਸ ਮੌਕੇ ਤਸਵੀਰ ਸਿੰਘ ਖਿਲਚੀਆਂ, ਮਨਦੀਪ ਕੌਰ, ਕਰਮਬੀਰ ਸਿੰਘ ਪੱਖੋਕੇ, ਇਕਬਾਲ ਸਿੰਘ ਭੋਰਸ਼ੀ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਰਤਨ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।


ਇਕੱਠ ਵਿੱਚ ਵੱਖ-ਵੱਖ ਮਤਿਆਂ ਰਾਹੀਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਕੇਂਦਰ ਅਤੇ ਪੰਜਾਬ ਸਰਕਾਰ ਚੋਣਾਂ ਨੌਜਵਾਨਾਂ ਨਾਲ ਕੀਤੇ ਵਾਅਦੇ ਬੇਰੁਜ਼ਗਾਰੀ ਭੱਤਾ 2500 ਰੁਪਏ, ਹਰੇਕ ਪਰਵਾਰ ਦੇ ਜੀਅ ਨੂੰ ਨੌਕਰੀ ਅਤੇ ਹਰ ਸਾਲ ਕੇਂਦਰ ਸਰਕਾਰ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤੁਰੰਤ ਪੂਰੇ ਕਰੇ ਅਤੇ ਵਧ ਰਹੇ ਨਸ਼ੇ, ਗੁੰਡਾਗਰਦੀ, ਬਲਾਤਕਾਰ ਦੀਆਂ ਘਟਨਾਵਾਂ ਤੇ ਲੁੱਟਾਂ-ਖੋਹਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ।

Wednesday, 20 December 2017

ਊਧਮ ਸਿੰਘ ਦੇ ਜਨਮ ਦਿਨ ਮੌਕੇ ਜਲ੍ਹਿਆਵਾਲੇ ਬਾਗ ਤੋਂ ਕੀਤੀ ਜਾਵੇਗੀ ਮੁਹਿੰਮ ਦਾ ਸ਼ੁਰੂਆਤ।



ਜਲੰਧਰ-(                           ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫ਼ਤਰ ਜਲੰਧਰ ਵਿਖੇ ਰਵੀ ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਨੌਜਵਾਨ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਜਲ੍ਹਿਆਵਾਲੇ ਬਾਗ ਦੀ ਧਰਤੀ ਤੋਂ ''ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ, ਸਭ ਦਾ ਹੋਵੇ ਇਹ ਅਧਿਕਾਰ '' ਨਾਅਰੇ ਤਹਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਫਿਰਕੂ ਤਾਕਤਾਂ ਦੇ ਦੇਸ਼ ਦੀ ਸੱਤਾ 'ਤੇ ਕਾਬਜ ਹੋ ਜਾਣ ਨਾਲ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਕਿਉਂਕਿ ਊਧਮ ਸਿੰਘ ਵਲੋਂ ਫਿਰਕਾਪ੍ਰਸਤੀ ਨੂੰ ਮਾਤ ਦੇਣ ਲਈ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਆਜਾਦ ਰੱਖਿਆ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਤਹਿਤ ਨੌਜਵਾਨਾਂ ਨੂੰ ਰੁਜਗਾਰ ਦੇ ਮਸਲੇ, ਸਭ ਲਈ ਮੁਫ਼ਤ ਜਰੂਰੀ ਤੇ ਇਕਸਾਰ ਸਿਖਿਆ ਦੀ ਪ੍ਰਾਪਤੀ ਲਈ, ਨਸ਼ਿਆ ਨੂੰ ਸਖ਼ਤੀ ਨਾਲ ਕਾਬੂ ਕਰਨ, ਸੂਬਾ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਲੜਕੀਆਂ ਉੱਤੇ ਹੋ ਰਹੇ ਤਸ਼ੱਦਦ ਬੰਦ ਕਰਕੇ ਦੋਸ਼ੀਆ ਨੂੰ ਸਖਤ ਸਜਾਵਾਂ ਦਿਵਾਉਣ ਆਦਿ ਮਸਲਿਆ 'ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਤਹਿਤ 15 ਜਨਵਰੀ ਤੋਂ 31 ਜਨਵਰੀ ਤੱਕ ਪੰਜਾਬ ਦੇ ਰੁਜਗਾਰ ਦਫਤਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ  ਸੌਪੇ ਜਾਣਗੇ।
ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 31 ਦਸੰਬਰ ਨੂੰ ਜਨਤਕ ਜਥੇਬੰਦੀਆਂ ਦੁਆਰਾ ਕੀਤੀ ਜਾ ਰਹੀ ਸਾਂਝੀ ਕਨਵੈਨਸ਼ਨ 'ਚ ਵੀ ਭਰਵੀ ਸ਼ਮੂਲੀਅਤ ਕਰੇਗੀ। ਸਿਖਿਆ ਦੇ ਨਿਜੀਕਰਨ, ਫਿਰਕੂਕਰਨ ਕੀਤੇ ਜਾਣ ਖਿਲਾਫ਼ ਅਤੇ ਵਿਦਿਆਰਥੀਆ ਦੇ ਰੁਕੇ ਹੋਏ ਵਜੀਫੇ ਜਾਰੀ ਕਰਵਾਉਣ ਅਤੇ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਤੇ ਪ੍ਰਾਈਵੇਟ ਕਾਲਜਾਂ ਦੀ ਧੱਕੇਸ਼ਾਹੀ ਬੰਦ ਕਰਵਾਉਣ, ਬੱਸ ਪਾਸ ਸਹੂਲਤ ਨੂੰ ਲਾਗੂ ਕਰਵਾਉਣ, ਸ਼ਹੀਦੀ ਯਾਦਗਾਰਾਂ ਅਤੇ ਸ਼ਹੀਦਾਂ ਦੇ ਘਰਾਂ ਨੂੰ ਬਚਾਉਣ ਲਈ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਸਿਮਰਨਜੀਤ ਸਿੰਘ ਬਰਾੜ, ਜਤਿੰਦਰ ਫਰੀਦਕੋਟ, ਕਰਨਵੀਰ ਪੱਖੋਕੇ, ਸੁਰੇਸ਼ ਸਮਾਣਾ, ਸੁਰਜੀਤ ਅਜਨਾਲਾ ਆਦਿ ਹਾਜ਼ਰ ਸਨ।