ਅੰਮ੍ਰਿਤਸਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 'ਤੇ ਸੈਂਕੜੇ ਨੌਜਵਾਨਾਂ ਨੇ ਜਲ੍ਹਿਆਂਵਾਲਾ ਬਾਗ 'ਚ ਪਹੁੰਚ ਕੇ ਸਾਮਰਾਜ ਵਿਰੁੱਧ ਅਤੇ ਫਿਰਕਾਪ੍ਰਸਤੀ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਅਹਿਦ ਲਿਆ। ਬਾਜ਼ਾਰਾਂ ਵਿੱਚ ਨੌਜਵਾਨਾਂ ਨੇ ਪ੍ਰਭਾਵਸ਼ਾਲੀ ਮਾਰਚ ਦੌਰਾਨ ਹੱਥਾਂ ਵਿੱਚ ਝੰਡੇ, ਮਾਟੋ ਅਤੇ ਨੌਜਵਾਨਾਂ ਦੀਆਂ ਮੰਗਾਂ ਸੰਬੰਧੀ ਤਖਤੀਆਂ ਫੜੀਆਂ ਹੋਈਆਂ ਸਨ। ਬਾਜ਼ਾਰਾਂ ਵਿੱਚ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਪੂਰੇ ਜੋਸ਼ ਨਾਲ ਨਾਅਰੇ ਗੂੰਜੇ। ਮਾਰਚ ਤੋਂ ਪਹਿਲਾਂ ਨਹਿਰੀ ਦਫਤਰ ਵਿਖੇ ਨੌਜਵਾਨਾਂ ਨੇ ਇਕੱਠੇ ਹੋ ਕੇ ਵਿਸ਼ਾਲ ਇਕੱਠ ਕੀਤਾ, ਜਿਸ ਦੀ ਪ੍ਰਧਾਨਗੀ ਸਭਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਮੱਲੂਨੰਗਲ, ਸੁਖਦੇਵ ਸਿੰਘ ਜਵੰਦਾ, ਰਵੀ ਕੁਮਾਰ ਪਠਾਨਕੋਟ, ਵਿਦਿਆਰਥੀ ਆਗੂ ਮਨਜਿੰਦਰ ਸਿੰਘ ਢੇਸੀ ਨੇ ਕੀਤੀ।
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 'ਤੇ ਅਹਿਦ ਕਰਨਾ ਚਾਹੀਦਾ ਹੈ ਕਿ ਜਿੰਨਾ ਚਿਰ ਸਾਮਰਾਜੀ ਨਿਰਦੇਸ਼ਤ ਨੀਤੀਆਂ ਦਾ ਅੰਤ ਨਹੀਂ ਹੋ ਜਾਂਦਾ, ਓਨਾ ਚਿਰ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਾਮਰਾਜੀਆਂ ਨਾਲ ਭਿਆਲੀਆਂ ਪਾ ਰਹੀਆਂ ਹਨ, ਜਿਨ੍ਹਾਂ ਦੇਸ਼ ਭਗਤਾਂ ਨੇ ਸਾਮਰਾਜੀਆਂ ਨੂੰ ਮੁਲਕ ਤੋਂ ਬਾਹਰ ਕੱਢਿਆ, ਸਾਡੀਆਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਦੇਸ਼ ਅੰਦਰ ਕਾਰੋਬਾਰ ਕਰਨ ਦੀਆਂ ਖੁੱਲ੍ਹਾਂ ਦੇ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ, ਜਿਨ੍ਹਾਂ ਨੀਤੀਆਂ ਕਾਰਨ ਵਿੱਦਿਆ, ਰੁਜ਼ਗਾਰ ਦੇ ਵਸੀਲੇ ਬੰਦ ਹੋ ਰਹੇ ਹਨ, ਸਿਹਤ ਸਹੂਲਤਾਂ ਦਾ ਭੋਗ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨ ਪੰਜਾਬ ਅਤੇ ਦੇਸ਼ ਅੰਦਰ ਰੁਜ਼ਗਾਰ ਨਾ ਮਿਲਣ ਕਰਕੇ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰੁਜ਼ਗਾਰ ਦੀ ਭਾਲ ਵਿੱਚ ਕਈ ਕਈ ਚਿਰ ਆਪਣੀਆਂ ਜ਼ਿੰਦਗੀਆਂ ਮੁਸੀਬਤਾਂ ਵਿੱਚ ਪਾ ਰਹੇ ਹਨ ਅਤੇ ਹਜ਼ਾਰਾਂ ਨੌਜਵਾਨ ਜੇਲ੍ਹ ਵਿੱਚ ਡੱਕੇ ਹੋਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਦੇਸ਼ ਪਰਤਣ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੀ। ਇਨ੍ਹਾਂ ਆਗੂਆਂ ਜਲ੍ਹਿਆਂਵਾਲਾ ਬਾਗ ਦੀ ਧਰਤੀ ਤੋਂ ਐਲਾਨ ਕੀਤਾ ਕਿ 15 ਜਨਵਰੀ ਤੋਂ 31 ਜਨਵਰੀ ਤੱਕ ਐੱਮ ਏ ਤੱਕ ਦੀ ਇਕਸਾਰ ਮੁਫਤ ਵਿੱਦਿਆ, ਸਥਾਈ ਰੁਜ਼ਗਾਰ ਦੀ ਪੱਕੀ ਗਰੰਟੀ, ਬੇਰੁਜ਼ਗਾਰੀ ਭੱਤਾ 2500 ਰੁਪਏ ਫੌਰੀ ਤੌਰ 'ਤੇ ਲਾਗੂ ਕਰਵਾਉਣ, ਚੋਣ ਵਾਅਦੇ ਅਨੁਸਾਰ ਇੱਕ ਜੀਅ ਨੂੰ ਸਰਕਾਰੀ ਨੌਕਰੀ, ਡੁੱਬ ਰਹੀ ਨਸ਼ਿਆਂ 'ਚ ਜਵਾਨੀ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਤਹਿਸੀਲ ਕੇਂਦਰਾਂ 'ਤੇ ਧਰਨੇ ਲਾਏ ਜਾਣਗੇ।
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਿਆ ਦਾ ਭਗਵਾਂਕਰਨ ਕਰ ਰਹੀ ਹੈ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਫਿਰਕਾਪ੍ਰਸਤੀ ਫੈਲਾ ਰਹੀ ਹੈ। ਵਿੱਦਿਆ ਦਾ ਵਪਾਰੀਕਰਨ, ਨਿੱਜੀਕਰਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਖੁੱਲ੍ਹੇ ਸੱਦੇ ਦਿੱਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਇੱਕ ਪਾਸੇ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ, ਦੂਸਰੇ ਪਾਸੇ ਰਿਜ਼ਰਵੇਸ਼ਨ ਦੇ ਨਾਂਅ 'ਤੇ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤ ਵਿਦਿਆਰਥੀਆਂ ਦੀ ਮੈਟ੍ਰਿਕ ਸਕਾਲਰਸ਼ਿਪ ਖਤਮ ਕਰਨ ਜਾ ਰਹੀ ਹੈ। ਗਰੀਬ ਲੋਕਾਂ ਕੋਲੋਂ ਵਿੱਦਿਆ ਖੋਹ ਕੇ ਅਮੀਰ ਲੋਕਾਂ ਦੇ ਬੱਚਿਆਂ ਦੇ ਹਿੱਤਾਂ ਵਿੱਚ ਦਿੱਤੀ ਜਾ ਰਹੀ ਹੈ। ਸ੍ਰੀ ਫਿਲੌਰ ਨੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ 'ਚ ਐੱਸ ਸੀ, ਬੀ ਸੀ ਵਿੱਦਿਆਰਥੀਆਂ ਦੀਆਂ ਦਾਖਲਾ ਫੀਸਾਂ ਮੁਆਫ ਕਰਨ ਲਈ ਸਖਤ ਹਦਾਇਤਾਂ ਕੀਤੀਆਂ ਜਾਣ।
ਇਸ ਮੌਕੇ ਤਸਵੀਰ ਸਿੰਘ ਖਿਲਚੀਆਂ, ਮਨਦੀਪ ਕੌਰ, ਕਰਮਬੀਰ ਸਿੰਘ ਪੱਖੋਕੇ, ਇਕਬਾਲ ਸਿੰਘ ਭੋਰਸ਼ੀ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਰਤਨ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।
ਇਕੱਠ ਵਿੱਚ ਵੱਖ-ਵੱਖ ਮਤਿਆਂ ਰਾਹੀਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਕੇਂਦਰ ਅਤੇ ਪੰਜਾਬ ਸਰਕਾਰ ਚੋਣਾਂ ਨੌਜਵਾਨਾਂ ਨਾਲ ਕੀਤੇ ਵਾਅਦੇ ਬੇਰੁਜ਼ਗਾਰੀ ਭੱਤਾ 2500 ਰੁਪਏ, ਹਰੇਕ ਪਰਵਾਰ ਦੇ ਜੀਅ ਨੂੰ ਨੌਕਰੀ ਅਤੇ ਹਰ ਸਾਲ ਕੇਂਦਰ ਸਰਕਾਰ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤੁਰੰਤ ਪੂਰੇ ਕਰੇ ਅਤੇ ਵਧ ਰਹੇ ਨਸ਼ੇ, ਗੁੰਡਾਗਰਦੀ, ਬਲਾਤਕਾਰ ਦੀਆਂ ਘਟਨਾਵਾਂ ਤੇ ਲੁੱਟਾਂ-ਖੋਹਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ।
No comments:
Post a Comment