ਜਲੰਧਰ-( ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫ਼ਤਰ ਜਲੰਧਰ ਵਿਖੇ ਰਵੀ ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਨੌਜਵਾਨ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਜਲ੍ਹਿਆਵਾਲੇ ਬਾਗ ਦੀ ਧਰਤੀ ਤੋਂ ''ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ, ਸਭ ਦਾ ਹੋਵੇ ਇਹ ਅਧਿਕਾਰ '' ਨਾਅਰੇ ਤਹਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਫਿਰਕੂ ਤਾਕਤਾਂ ਦੇ ਦੇਸ਼ ਦੀ ਸੱਤਾ 'ਤੇ ਕਾਬਜ ਹੋ ਜਾਣ ਨਾਲ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਕਿਉਂਕਿ ਊਧਮ ਸਿੰਘ ਵਲੋਂ ਫਿਰਕਾਪ੍ਰਸਤੀ ਨੂੰ ਮਾਤ ਦੇਣ ਲਈ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਆਜਾਦ ਰੱਖਿਆ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਤਹਿਤ ਨੌਜਵਾਨਾਂ ਨੂੰ ਰੁਜਗਾਰ ਦੇ ਮਸਲੇ, ਸਭ ਲਈ ਮੁਫ਼ਤ ਜਰੂਰੀ ਤੇ ਇਕਸਾਰ ਸਿਖਿਆ ਦੀ ਪ੍ਰਾਪਤੀ ਲਈ, ਨਸ਼ਿਆ ਨੂੰ ਸਖ਼ਤੀ ਨਾਲ ਕਾਬੂ ਕਰਨ, ਸੂਬਾ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਲੜਕੀਆਂ ਉੱਤੇ ਹੋ ਰਹੇ ਤਸ਼ੱਦਦ ਬੰਦ ਕਰਕੇ ਦੋਸ਼ੀਆ ਨੂੰ ਸਖਤ ਸਜਾਵਾਂ ਦਿਵਾਉਣ ਆਦਿ ਮਸਲਿਆ 'ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਤਹਿਤ 15 ਜਨਵਰੀ ਤੋਂ 31 ਜਨਵਰੀ ਤੱਕ ਪੰਜਾਬ ਦੇ ਰੁਜਗਾਰ ਦਫਤਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਪੇ ਜਾਣਗੇ।
ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 31 ਦਸੰਬਰ ਨੂੰ ਜਨਤਕ ਜਥੇਬੰਦੀਆਂ ਦੁਆਰਾ ਕੀਤੀ ਜਾ ਰਹੀ ਸਾਂਝੀ ਕਨਵੈਨਸ਼ਨ 'ਚ ਵੀ ਭਰਵੀ ਸ਼ਮੂਲੀਅਤ ਕਰੇਗੀ। ਸਿਖਿਆ ਦੇ ਨਿਜੀਕਰਨ, ਫਿਰਕੂਕਰਨ ਕੀਤੇ ਜਾਣ ਖਿਲਾਫ਼ ਅਤੇ ਵਿਦਿਆਰਥੀਆ ਦੇ ਰੁਕੇ ਹੋਏ ਵਜੀਫੇ ਜਾਰੀ ਕਰਵਾਉਣ ਅਤੇ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਤੇ ਪ੍ਰਾਈਵੇਟ ਕਾਲਜਾਂ ਦੀ ਧੱਕੇਸ਼ਾਹੀ ਬੰਦ ਕਰਵਾਉਣ, ਬੱਸ ਪਾਸ ਸਹੂਲਤ ਨੂੰ ਲਾਗੂ ਕਰਵਾਉਣ, ਸ਼ਹੀਦੀ ਯਾਦਗਾਰਾਂ ਅਤੇ ਸ਼ਹੀਦਾਂ ਦੇ ਘਰਾਂ ਨੂੰ ਬਚਾਉਣ ਲਈ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਮੱਖਣ ਸੰਗਰਾਮੀ, ਮਨਜਿੰਦਰ ਢੇਸੀ, ਸਿਮਰਨਜੀਤ ਸਿੰਘ ਬਰਾੜ, ਜਤਿੰਦਰ ਫਰੀਦਕੋਟ, ਕਰਨਵੀਰ ਪੱਖੋਕੇ, ਸੁਰੇਸ਼ ਸਮਾਣਾ, ਸੁਰਜੀਤ ਅਜਨਾਲਾ ਆਦਿ ਹਾਜ਼ਰ ਸਨ।
No comments:
Post a Comment