Friday, 27 October 2023

ਨੌਜਵਾਨ ਸਭਾ ਵਲੋਂ ਚੇਤਨਾ ਕਨਵੈਨਸ਼ਨ ਆਯੋਜਿਤ



ਗੋਇੰਦਵਾਲ ਸਾਹਿਬ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਗੋਇੰਦਵਾਲ ਸਾਹਿਬ ਵਲੋਂ ਬੇਰੋਜ਼ਗਾਰੀ, ਨਸ਼ੇ, ਫਿਰਕਾਪ੍ਰਸਤੀ ਆਦਿ ਮਸਲੇ ਵਿਚਾਰਨ ਲਈ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬੌਬੀ ਗੋਇੰਦਵਾਲ ਸਾਹਿਬ, ਕੈਪਟਨ ਕਾਹਲਵਾਂ ਨੇ ਕੀਤੀ। ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਤਹਿਸੀਲ ਸਕੱਤਰ ਲਾਜ਼ਰ ਲਾਖਣਾ, ਸੋਨੂੰ ਫਤਿਆਬਾਦ, ਬਲਜੀਤ ਸਿੰਘ ਖੰਡੂਰ ਸਾਹਿਬ, ਜੋਬਨ ਖੇਲਾ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਪ੍ਰੋਫੈਸਰ ਬਲਵਿੰਦਰ ਕੌਰ ਦੀ ਖ਼ੁਦਕੁਸ਼ੀ ਸਰਕਾਰ ਦੇ ਮੁੰਹ ‘ਤੇ ਚਪੇੜ ਮਾਰਦੀ ਹੈ। ਅੱਜ ਦੀ ਕਨਵੈਨਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਪ੍ਰੋਫੈਸਰਾਂ ਵੱਲੋਂ ਜੋ ਵੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਸ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਆਪਣਾ ਪੂਰਾ ਯੋਗਦਾਨ ਪਾਵੇਗੀ। ਆਗੂਆਂ ਨੇ ਕਿਹਾ ਕਿ ਨਸ਼ਾ ਪਹਿਲਾਂ ਦੀ ਤਰ੍ਹਾਂ ਹੀ ਹਰ ਪਿੰਡ ਹਰ ਸ਼ਹਿਰ ਵਿੱਚ ਵਿੱਕ ਰਹਿ ਹੈ ਤੇ ਨਸ਼ੇ ਨਾਲ ਮੌਤਾਂ ਰੋਜ਼ ਹੀ ਹੋ ਰਹੀਆਂ ਹਨ। ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਅਸਲ ਮੁਦਿਆਂ ਤੋਂ ਹਟਾ ਕੇ ਕੇਂਦਰ ਤੇ ਪੰਜਾਬ ਸਰਕਾਰ ਆਪਣੀ ਰਾਜਸੱਤਾ ਦੀ ਉਮਰ ਲੱਮੀ ਕਰਨਾ ਚਾਹੁਦੀ ਹੈ। 1 ਨਵੰਬਰ ਨੂੰ ਹਰ ਸਾਲ ਦੀ ਤਰਾਂ ਗ਼ਦਰੀ ਬਾਬਿਆਂ ਦੇ ਮੇਲੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸ਼ਮੂਲੀਅਤ ਕਰੇਗੀ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਕਨਵੈਨਸ਼ਨ ਉਹਨਾਂ ਦੇ ਜੱਦੀ ਪਿੰਡ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਨੌਜਵਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ  ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਾਬੜੀ ਸਾਹਿਬ, ਕਰਨਵੀਰ ਸਿੰਘ ਗੰਡੀਵਿੰਡ, ਜਸਕਰਨ ਸਿੰਘ, ਬਲਵੀਰ ਸਿੰਘ ਖੰਡੂਰ ਸਾਹਿਬ, ਵਿਰਆਮ ਸਿੰਘ, ਮੋਹਨ ਕੁਮਾਰ, ਹੁਸਨਪ੍ਰੀਤ ਸਿੰਘ, ਨਵਜੋਤ ਸਿੰਘ, ਲਵਪ੍ਰੀਤ ਸਿੰਘ, ਜਰਨੈਲ ਸਿੰਘ, ਪ੍ਰਭਦੀਪ ਸਿੰਘ ਗੁਰੀ, ਅਜੇ ਸਿੰਘ, ਜਗਨਪ੍ਰੀਤ ਸਿੰਘ ਬੱਬੂ ਘੜਕਾ, ਇੰਦਰਜੀਤ ਸਿੰਘ ਵੇਈਂ ਪੂਈਂ, ਰਨਜੀਤ ਸਿੰਘ ਬਿਲਾ, ਸਨਦੀਪ ਸਿੰਘ, ਵਿਸ਼ਾਲ ਸਿੰਘ, ਅਰਸ਼ਦੀਪ ਸਿੰਘ ਨਸੇਹਰਾ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਧੂੰਦਾ, ਮੰਗਾਂ ਸਿੰਘ ਚੱਕ ਮਹਿਲ ਆਦਿ ਹਾਜ਼ਰ ਸਨ।

Thursday, 28 September 2023

ਪੰਜਾਬ ਸਰਕਾਰ ਦੀਆਂ ਰੋਕਾਂ ਤੋੜ ਕੇ ਨੌਜਵਾਨਾਂ ਨੇ ਕੀਤਾ ਸ਼ਹੀਦ ਭਗਤ ਸਿੰਘ ਨੂੰ ਯਾਦ



"ਫਿਰਕਾਪ੍ਰਸਤੀ ਖ਼ਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜਨ ਦਾ ਅਹਿਦ"

ਬੰਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਫਿਰਕਾਪ੍ਰਸਤੀ ਅਤੇ ਨਸ਼ਾ ਵਿਰੋਧੀ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਤੋਂ ਪਹਿਲਾ ਸਥਾਨਕ ਗੜਸ਼ੰਕਰ ਰੋਡ ‘ਤੇ ਲਗਾਏ ਨਾਕੇ ਦੇ ਬੈਰੀਕੇਡਾਂ ਨੂੰ ਨੌਜਵਾਨਾਂ ਨੇ ਤੋੜਦਿਆਂ ਕਾਫਲਾ ਅੱਗੇ ਤੋਰਿਆ। ਖਟਕੜ ਕਲਾਂ ਪਹਿਲਾ ਇੱਕ ਹੋਰ ਨਾਕੇ ਨੂੰ ਤੋੜਦਿਆਂ ਨੌਜਵਾਨ ਅੱਗੇ ਵੱਧੇ। ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਬੁੱਤ ਤੱਕ ਜਾਣ ਲਈ ਵੀ ਭਗਤ ਸਿੰਘ ਦੇ ਵਾਰਸਾਂ ਨੇ ਬੰਦ ਕੀਤੇ ਗੇਟ ਨੂੰ ਖੁਲਵਾਇਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਲਾਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮਾਰਚ ਦੀ ਅਗਵਾਈ ਅਜੈ ਫਿਲੌਰ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ ਪੀ.ਐਸ.ਐਫ. ਦੇ ਆਗੂ ਬਲਦੇਵ ਸਾਹਨੀ ਨੇ ਕੀਤੀ।

ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜਰਨਲ ਸਕੱਤਰ ਧਰਮਿੰਦਰ ਮੁਕੇਰੀਆ, ਜੁਆਇੰਟ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ, ਫਿਰਕਾਪ੍ਰਸਤੀ ਅਤੇ ਵੱਖਵਾਦ ਖਿਲਾਫ਼ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਅਤੇ ਸੂਬੇ ਦੇ ਹਾਕਮ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਮੁਸਲਮਾਨਾਂ ਅਤੇ ਘੱਟ ਗਿਣਤੀ ਲੋਕਾਂ ਅਤੇ ਔਰਤਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਮਨਜਿੰਦਰ ਢੇਸੀ ਨੇ ਕਿਹਾ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਪੰਜਾਬ 'ਚ ਰੁਜ਼ਗਾਰ ਨਾ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੁਲਸ, ਸਿਆਸੀ, ਗੁੰਡਾ ਗਠਜੋੜ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਮਜਦੂਰ ਦੀ ਦਿਹਾੜੀ ਅੱਠ ਘੰਟਿਆ ਤੋਂ 12 ਘੰਟੇ ਤੱਕ ਕੀਤੇ ਦੀ ਵੀ ਨਿਖੇਧੀ ਕੀਤੀ।   ਇਸ ਮੌਕੇ ਜੱਸਾ ਰੁੜਕਾ, ਵਿਕਰਮ ਮੰਡਿਆਲਾ, ਭਾਰਤੀ ਮਾਹੂੰਵਾਲ, ਤਰਸੇਮ ਸ਼ਾਹਕੋਟ, ਪ੍ਰਭਾਤ ਕਵੀ, ਅਮਰੀਕ ਸਿੰਘ, ਹਰਜੀਤ ਢੇਸੀ, ਗੁਰਵਿੰਦਰ ਜਗਤਪੁਰ, ਸੁਨੀਲ ਭੈਣੀ, ਸਨੀ ਜੱਸਲ, ਸੰਦੀਪ ਫਿਲੌਰ, ਕੁਲਦੀਪ ਬਿਲਗਾ, ਰਿੱਕੀ ਮਿਆਂਵਾਲ, ਲਖਵੀਰ ਖੋਖੇਵਾਲ ਆਦਿ ਆਗੂ ਵੀ ਹਾਜਰ ਸਨ।

ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਨੌਜਵਾਨਾਂ ਵਲੋਂ ਸਕੂਟਰ ਮੋਟਰਸਾਈਕਲ ਮਾਰਚ


ਫਿਲੌਰ: ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮਦਿਨ ਨੂੰ ਸਮਰਪਿਤ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਕੂਟਰ ਮੋਟਰਸਾਈਕਲ ਮਾਰਚ ਫਿਲੌਰ ਦੇ ਬਾਜ਼ਾਰ ਚੋਂ ਹੁੰਦਾ ਹੋਇਆ ਖਟਕੜ ਕਲਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਨੌਜਵਾਨ ਫਿਰਕਾਪ੍ਰਸਤੀ ਅਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੇ ਸਨ। ਮਾਰਚ ਦੀ ਅਗਵਾਈ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰਾ, ਬਲਦੇਵ ਸਾਹਨੀ ਅਤੇ ਪ੍ਰਭਾਤ ਕਵੀ ਨੇ ਕੀਤੀ।

ਮਾਰਚ ਨੂੰ ਰਵਾਨਾ ਕਰਨ ਸਮੇਂ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨਾ ਸਿਰਫ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ ਬਲਕਿ ਉਹਨਾਂ ਨੇ ਲੁੱਟ ਖਸੁੱਟ, ਭ੍ਰਿਸ਼ਟਾਚਾਰ ਮੁਕਤ ਅਤੇ ਫਿਰਕਾਪ੍ਰਤੀ ਮੁਕਤ ਸਮਾਜ ਦਾ ਸੁਪਨਾ ਸਿਰਜਿਆ ਸੀ।ਜਦ ਕਿ ਦੇਸ਼ ਤੇ ਰਾਜ ਕਰਨ ਵਾਲੇ ਹਾਕਮਾ ਦਾ ਫਿਰਕੂ ਚਿਹਰਾ ਅੱਜ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਮੁਸਲਮਾਨਾਂ ਅਤੇ ਔਰਤਾਂ ਨਾਲ ਜੁਲਮ ਲਗਾਤਾਰ ਵੱਧ ਰਿਹਾ ਹੈ। ਇਸੇ ਤਰਾਂ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਅਤੇ ਹੋਰ ਸੰਸਥਾਵਾਂ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਨਸ਼ਾ ਮੁਕਤ ਸਮਾਜ ਦਾ ਲਾਅਰਾ ਲਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨੌਜ਼ਵਾਨਾਂ ਦਾ ਘਾਣ ਕਰ ਰਹੀ ਹੈ। ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਹਨਾਂ ਨਸ਼ਿਆਂ ਦਾ ਹੱਲ ਸਿਰਫ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ।

ਇਸ ਮੌਕੇ ਸੰਦੀਪ ਫਿਲੌਰ, ਰਿੱਕੀ ਮਿਓਂਵਾਲ, ਲਖਵੀਰ ਖੋਖੇਵਾਲ, ਕੁਲਦੀਪ ਬਿਲਗਾ, ਓਂਕਾਰ ਬਿਰਦੀ, ਸਨੀ ਜੱਸਲ, ਅਰਸ਼ਪ੍ਰੀਤ, ਪਾਰਸ ਆਦਿ ਵੀ ਹਾਜ਼ਰ ਸਨ।

ਨੌਜਵਾਨਾਂ ਤੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ


ਹਰੀਕੇ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਇਤਿਹਾਸਕ ਪਿੰਡ ਮਰਹਾਣਾ ਵਿੱਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹੋਏ ਇਕੱਠ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਨੌਜਵਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਦਿਲਬਾਗ ਸਿੰਘ, ਜਗੀਰ ਸਿੰਘ ਗੰਡੀਵਿੰਡ ਅਤੇ ਇਸਤਰੀ ਮੁਕਤੀ ਮੋਰਚਾ ਦੀ ਪ੍ਰਧਾਨ ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਟੀ ਐਸ ਯੂ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਉੱਪਲ, ਮੁਖਤਾਰ ਸਿੰਘ ਮੱਲਾ ਅਤੇ ਪਰਗਟ ਸਿੰਘ ਜਾਮਾਰਾਏ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਦੁੱਤੀ ਸ਼ਹਾਦਤ ਦਿੱਤੀ। ਦੇਸ਼ ਦੀ ਅਜ਼ਾਦੀ ਉਪਰੰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਉਹਨਾਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਬੰਦ ਕਰਵਾਉਣ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ। ਪਰੰਤੂ  ਮੌਜੂਦਾ ਸਮੇਂ ਅੰਦਰ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਅਮੀਰੀ ਗਰੀਬੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਉਹਨਾਂ ਫਿਰਕੂ ਵੰਡ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੇ ਵਿਤਕਰੇ ਖਿਲਾਫ ਸੰਘਰਸ਼ ਕਰਨ ਲਈ ਕਿਹਾ। ਮਜੂਦਾ ਹਾਕਮ ਦੇਸ਼ ਅੰਦਰ ਫਿਰਕੂ ਵੰਡ ਪੈਦਾ ਕਰ ਰਹੇ ਹਨ ਅਤੇ ਘੱਟ ਗਿਣਤੀਆਂ, ਦਲਿਤਾਂ ਉੱਪਰ ਹਮਲੇ ਹੋ ਰਹੇ ਹਨ। ਉਹਨਾਂ ਫਿਰਕੂ ਤਾਕਤਾਂ ਨੂੰ ਹਰਾਉਣ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਜਥੇਬੰਦ ਹੋਣ ਦੀ ਅਪੀਲ ਕੀਤੀ।

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਬੇਰੁਜ਼ਗਾਰੀ ਅਤੇ ਵਪਾਰੀਕਰਨ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਅਤੇ ਸਭਾ ਦੇ ਕੇਂਦਰੀ ਨਾਹਰੇ ਬਰਾਬਰ ਵਿੱਦਿਆ,ਸਿਹਤ 'ਤੇ ਰੋਜ਼ਗਾਰ,ਸਭ ਦਾ ਹੋਵੇ ਅਧਿਕਾਰ ਨੂੰ ਘਰ ਘਰ ਲੈਕੇ ਕੇ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਚੂਸਲੇਵੜ,ਧਰਮ ਸਿੰਘ ਪੱਟੀ, ਮਾ ਸੁਖਦੇਵ ਸਿੰਘ ਮਰਹਾਣਾ, ਗੁਰਭੇਜ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਤੋਂ ਇਲਾਵਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਤ ਸਹੋਤਾ, ਕੈਪਟਨ ਕਾਹਲਵਾਂ, ਸੋਨੂ ਫਤਿਆਬਾਦ, ਬਲਜੀਤ ਖਡੂਰ ਸਾਹਿਬ, ਸੁਖਵੰਤ ਛਾਪੜੀ ਅਤੇ ਕਾਮਰੇਡ ਬਾਜ ਸਿੰਘ ਗੰਡੀਵਿੰਡ ਹਾਜ਼ਰ ਸਨ।

Tuesday, 26 September 2023

28 ਸਤੰਬਰ ਦੀ ਤਿਆਰੀ ਲਈ ਸੰਗਤਪੁਰ ‘ਚ ਕੀਤੀ ਮੀਟਿੰਗ



ਫਿਲੌਰ: ਇਥੋਂ ਖਟਕੜ ਕਲਾਂ ਵੱਲ ਨੂੰ ਕੀਤਾ ਜਾ ਰਿਹਾ ਮੋਟਰ ਸਾਈਕਲ ਸਕੂਟਰ ਮਾਰਚ ਇਤਿਹਾਸਕ ਹੋਵੇਗਾ, ਇਹ ਦਾਅਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਪਿੰਡ ਸੰਗਤਪੁਰ ‘ਚ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ। 

ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੰਗਤਪੁਰ ਮੀਟਿੰਗ ਕੀਤੀ ਗਈ ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਦੇ ਮਾਰਚ ਉਪਰੰਤ ਖਟਕੜ ਕਲਾਂ ਵਿਖੇ ਮੌਜੂਦਾ ਪੰਜਾਬ ਸਰਕਾਰ ਨੂੰ ਇੱਕ ਵੰਗਾਂਰ ਪੇਸ਼ ਕੀਤੀ ਜਾਏਗੀ, ਜਿਸ ‘ਚ ਮੰਗ ਕੀਤੀ ਜਾਏਗੀ ਕਿ ਪੰਜਾਬ ‘ਚ ਨਸ਼ਾ ਖਤਮ ਕਰਨ ਲਈ ਬੱਝਵੀ ਨੀਤੀ ਬਣਾਈ ਜਾਵੇ। 

ਆਗੂਆਂ ਨੇ ਕਿਹਾ ਕਿ ਹਾਕਮ ਧਿਰ ਕੋਲ ਨਾ ਤਾਂ ਨਸ਼ੇ ਫੜਨ ਲਈ ਕੋਈ ਠੋਸ ਪ੍ਰਬੰਧ ਹਨ ਅਤੇ ਨਾ ਹੀ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਤੋਂ ਕੋਈ ਠੋਸ ਨੀਤੀ ਹੈ। ਉਕਤ ਆਗੂਆਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ‘ਚ ਪੁੱਜ ਕੇ ਪੰਜਾਬ ਸਰਕਾਰ ਪਾਸ ਆਪਣੀ ਅਵਾਜ਼ ਬੁਲੰਦ ਕੀਤੀ ਜਾਵੇ।

Sunday, 24 September 2023

ਪਿੰਡ ਨਵਾਂ ਖਹਿਰਾ ਬੇਟ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ


ਫਿਲੌਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਨਵਾਂ ਖਹਿਰਾ ਬੇਟ ਵਿਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਦਿਨ ਜਿੱਥੇ ਖਟਕੜ ਕਲਾਂ ਵੱਲ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ, ਉਥੇ ਨਸ਼ਾ ਮੁਕਤ ਪੰਜਾਬ ਲਈ ਅਹਿਦ ਕੀਤਾ ਜਾਵੇਗਾ ਕਿ ਜਿੰਨਾ ਸਮਾਂ ਦੇਸ਼ ਦੇ ਹਾਕਮ ਬੇਰੁਜ਼ਗਾਰੀ ਦੂਰ ਕਰਦੇ ਹੋਏ ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਕਿਸੇ ਬੱਝਵੇਂ ਪ੍ਰੋਗਰਾਮ ਰਾਹੀ ਨਸ਼ਾ ਮੁਕਤ ਨਹੀਂ ਕਰਦੇ, ਉਨਾ ਸਮਾਂ ਜੰਗ ਜਾਰੀ ਰਹੇਗੀ।