ਫਿਲੌਰ: ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮਦਿਨ ਨੂੰ ਸਮਰਪਿਤ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਕੂਟਰ ਮੋਟਰਸਾਈਕਲ ਮਾਰਚ ਫਿਲੌਰ ਦੇ ਬਾਜ਼ਾਰ ਚੋਂ ਹੁੰਦਾ ਹੋਇਆ ਖਟਕੜ ਕਲਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਨੌਜਵਾਨ ਫਿਰਕਾਪ੍ਰਸਤੀ ਅਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੇ ਸਨ। ਮਾਰਚ ਦੀ ਅਗਵਾਈ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰਾ, ਬਲਦੇਵ ਸਾਹਨੀ ਅਤੇ ਪ੍ਰਭਾਤ ਕਵੀ ਨੇ ਕੀਤੀ।
ਮਾਰਚ ਨੂੰ ਰਵਾਨਾ ਕਰਨ ਸਮੇਂ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨਾ ਸਿਰਫ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ ਬਲਕਿ ਉਹਨਾਂ ਨੇ ਲੁੱਟ ਖਸੁੱਟ, ਭ੍ਰਿਸ਼ਟਾਚਾਰ ਮੁਕਤ ਅਤੇ ਫਿਰਕਾਪ੍ਰਤੀ ਮੁਕਤ ਸਮਾਜ ਦਾ ਸੁਪਨਾ ਸਿਰਜਿਆ ਸੀ।ਜਦ ਕਿ ਦੇਸ਼ ਤੇ ਰਾਜ ਕਰਨ ਵਾਲੇ ਹਾਕਮਾ ਦਾ ਫਿਰਕੂ ਚਿਹਰਾ ਅੱਜ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਮੁਸਲਮਾਨਾਂ ਅਤੇ ਔਰਤਾਂ ਨਾਲ ਜੁਲਮ ਲਗਾਤਾਰ ਵੱਧ ਰਿਹਾ ਹੈ। ਇਸੇ ਤਰਾਂ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਅਤੇ ਹੋਰ ਸੰਸਥਾਵਾਂ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਨਸ਼ਾ ਮੁਕਤ ਸਮਾਜ ਦਾ ਲਾਅਰਾ ਲਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨੌਜ਼ਵਾਨਾਂ ਦਾ ਘਾਣ ਕਰ ਰਹੀ ਹੈ। ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਹਨਾਂ ਨਸ਼ਿਆਂ ਦਾ ਹੱਲ ਸਿਰਫ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੰਦੀਪ ਫਿਲੌਰ, ਰਿੱਕੀ ਮਿਓਂਵਾਲ, ਲਖਵੀਰ ਖੋਖੇਵਾਲ, ਕੁਲਦੀਪ ਬਿਲਗਾ, ਓਂਕਾਰ ਬਿਰਦੀ, ਸਨੀ ਜੱਸਲ, ਅਰਸ਼ਪ੍ਰੀਤ, ਪਾਰਸ ਆਦਿ ਵੀ ਹਾਜ਼ਰ ਸਨ।
No comments:
Post a Comment