ਹਰੀਕੇ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਇਤਿਹਾਸਕ ਪਿੰਡ ਮਰਹਾਣਾ ਵਿੱਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹੋਏ ਇਕੱਠ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਨੌਜਵਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਦਿਲਬਾਗ ਸਿੰਘ, ਜਗੀਰ ਸਿੰਘ ਗੰਡੀਵਿੰਡ ਅਤੇ ਇਸਤਰੀ ਮੁਕਤੀ ਮੋਰਚਾ ਦੀ ਪ੍ਰਧਾਨ ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਟੀ ਐਸ ਯੂ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਉੱਪਲ, ਮੁਖਤਾਰ ਸਿੰਘ ਮੱਲਾ ਅਤੇ ਪਰਗਟ ਸਿੰਘ ਜਾਮਾਰਾਏ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਦੁੱਤੀ ਸ਼ਹਾਦਤ ਦਿੱਤੀ। ਦੇਸ਼ ਦੀ ਅਜ਼ਾਦੀ ਉਪਰੰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਉਹਨਾਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਬੰਦ ਕਰਵਾਉਣ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ। ਪਰੰਤੂ ਮੌਜੂਦਾ ਸਮੇਂ ਅੰਦਰ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਅਮੀਰੀ ਗਰੀਬੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਉਹਨਾਂ ਫਿਰਕੂ ਵੰਡ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੇ ਵਿਤਕਰੇ ਖਿਲਾਫ ਸੰਘਰਸ਼ ਕਰਨ ਲਈ ਕਿਹਾ। ਮਜੂਦਾ ਹਾਕਮ ਦੇਸ਼ ਅੰਦਰ ਫਿਰਕੂ ਵੰਡ ਪੈਦਾ ਕਰ ਰਹੇ ਹਨ ਅਤੇ ਘੱਟ ਗਿਣਤੀਆਂ, ਦਲਿਤਾਂ ਉੱਪਰ ਹਮਲੇ ਹੋ ਰਹੇ ਹਨ। ਉਹਨਾਂ ਫਿਰਕੂ ਤਾਕਤਾਂ ਨੂੰ ਹਰਾਉਣ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਜਥੇਬੰਦ ਹੋਣ ਦੀ ਅਪੀਲ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਬੇਰੁਜ਼ਗਾਰੀ ਅਤੇ ਵਪਾਰੀਕਰਨ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਅਤੇ ਸਭਾ ਦੇ ਕੇਂਦਰੀ ਨਾਹਰੇ ਬਰਾਬਰ ਵਿੱਦਿਆ,ਸਿਹਤ 'ਤੇ ਰੋਜ਼ਗਾਰ,ਸਭ ਦਾ ਹੋਵੇ ਅਧਿਕਾਰ ਨੂੰ ਘਰ ਘਰ ਲੈਕੇ ਕੇ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਚੂਸਲੇਵੜ,ਧਰਮ ਸਿੰਘ ਪੱਟੀ, ਮਾ ਸੁਖਦੇਵ ਸਿੰਘ ਮਰਹਾਣਾ, ਗੁਰਭੇਜ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਤੋਂ ਇਲਾਵਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਤ ਸਹੋਤਾ, ਕੈਪਟਨ ਕਾਹਲਵਾਂ, ਸੋਨੂ ਫਤਿਆਬਾਦ, ਬਲਜੀਤ ਖਡੂਰ ਸਾਹਿਬ, ਸੁਖਵੰਤ ਛਾਪੜੀ ਅਤੇ ਕਾਮਰੇਡ ਬਾਜ ਸਿੰਘ ਗੰਡੀਵਿੰਡ ਹਾਜ਼ਰ ਸਨ।
No comments:
Post a Comment