"ਫਿਰਕਾਪ੍ਰਸਤੀ ਖ਼ਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜਨ ਦਾ ਅਹਿਦ"
ਬੰਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਫਿਰਕਾਪ੍ਰਸਤੀ ਅਤੇ ਨਸ਼ਾ ਵਿਰੋਧੀ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਤੋਂ ਪਹਿਲਾ ਸਥਾਨਕ ਗੜਸ਼ੰਕਰ ਰੋਡ ‘ਤੇ ਲਗਾਏ ਨਾਕੇ ਦੇ ਬੈਰੀਕੇਡਾਂ ਨੂੰ ਨੌਜਵਾਨਾਂ ਨੇ ਤੋੜਦਿਆਂ ਕਾਫਲਾ ਅੱਗੇ ਤੋਰਿਆ। ਖਟਕੜ ਕਲਾਂ ਪਹਿਲਾ ਇੱਕ ਹੋਰ ਨਾਕੇ ਨੂੰ ਤੋੜਦਿਆਂ ਨੌਜਵਾਨ ਅੱਗੇ ਵੱਧੇ। ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਬੁੱਤ ਤੱਕ ਜਾਣ ਲਈ ਵੀ ਭਗਤ ਸਿੰਘ ਦੇ ਵਾਰਸਾਂ ਨੇ ਬੰਦ ਕੀਤੇ ਗੇਟ ਨੂੰ ਖੁਲਵਾਇਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਲਾਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮਾਰਚ ਦੀ ਅਗਵਾਈ ਅਜੈ ਫਿਲੌਰ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ ਪੀ.ਐਸ.ਐਫ. ਦੇ ਆਗੂ ਬਲਦੇਵ ਸਾਹਨੀ ਨੇ ਕੀਤੀ।
ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜਰਨਲ ਸਕੱਤਰ ਧਰਮਿੰਦਰ ਮੁਕੇਰੀਆ, ਜੁਆਇੰਟ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ, ਫਿਰਕਾਪ੍ਰਸਤੀ ਅਤੇ ਵੱਖਵਾਦ ਖਿਲਾਫ਼ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਅਤੇ ਸੂਬੇ ਦੇ ਹਾਕਮ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਮੁਸਲਮਾਨਾਂ ਅਤੇ ਘੱਟ ਗਿਣਤੀ ਲੋਕਾਂ ਅਤੇ ਔਰਤਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਮਨਜਿੰਦਰ ਢੇਸੀ ਨੇ ਕਿਹਾ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਪੰਜਾਬ 'ਚ ਰੁਜ਼ਗਾਰ ਨਾ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੁਲਸ, ਸਿਆਸੀ, ਗੁੰਡਾ ਗਠਜੋੜ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਮਜਦੂਰ ਦੀ ਦਿਹਾੜੀ ਅੱਠ ਘੰਟਿਆ ਤੋਂ 12 ਘੰਟੇ ਤੱਕ ਕੀਤੇ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਜੱਸਾ ਰੁੜਕਾ, ਵਿਕਰਮ ਮੰਡਿਆਲਾ, ਭਾਰਤੀ ਮਾਹੂੰਵਾਲ, ਤਰਸੇਮ ਸ਼ਾਹਕੋਟ, ਪ੍ਰਭਾਤ ਕਵੀ, ਅਮਰੀਕ ਸਿੰਘ, ਹਰਜੀਤ ਢੇਸੀ, ਗੁਰਵਿੰਦਰ ਜਗਤਪੁਰ, ਸੁਨੀਲ ਭੈਣੀ, ਸਨੀ ਜੱਸਲ, ਸੰਦੀਪ ਫਿਲੌਰ, ਕੁਲਦੀਪ ਬਿਲਗਾ, ਰਿੱਕੀ ਮਿਆਂਵਾਲ, ਲਖਵੀਰ ਖੋਖੇਵਾਲ ਆਦਿ ਆਗੂ ਵੀ ਹਾਜਰ ਸਨ।
No comments:
Post a Comment