ਜਲੰਧਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਸ਼ਾਖੋਰੀ, ਬੇਰੁਜਗਾਰੀ ਅਤੇ ਗੁੰਡਾਗਰਦੀ ਦੇ ਵਿਰੋਧ ’ਚ ਕਨਵੈਨਸ਼ਨ 26 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਸੰਬੰਧੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਪਿਛਲੇ 9 ਸਾਲਾਂ ਤੋਂ ਸੱਤਾ ’ਤੇ ਕਾਬਜ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਨਸ਼ਾਖੋਰੀ, ਬੇਰੁਜਰਗਾਰੀ, ਗੁੰਡਾਗਰੋਹ, ਲੁੱਟਮਾਰ, ਬਲਾਤਕਾਰ ਜਿਹੀਆ ਘਟਨਾਵਾ ’ਚ ਅਥਾਹ ਵਾਧਾ ਹੋਇਆ ਹੈ। ਪੰਜਾਬ ਅੰਦਰ ਸਿਖਿਆ, ਸਿਹਤ ਸੇਵਾਵਾਂ ਠੱਪ ਹੋ ਰਹੀਆ ਹਨ ਦੂਸਰੇ ਪਾਸੇ ਸਰਕਾਰ ਕੋਲੋਂ ਰੁਜ਼ਗਾਰ ਦੀ ਮੰਗ ਕਰਦੇ ਲੱਖਾਂ ਹੀ ਨੌਜਵਾਨ ਸਰਕਾਰੀ ਜਬਰ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਨਿਰਾਸ਼ਾਵੱਸ ਵੱਡੀ ਗਿਣਤੀ ਨੌਜਵਾਨ ਨਸ਼ੇ ਦੇ ਜਾਲ ’ਚ ਫਸਦੇ ਜਾ ਰਹੇ ਹਨ। ਨਸ਼ੇ ਦੇ ਵਪਾਰੀ, ਪੁਲਸ ਅਤੇ ਸਿਆਸੀ ਲੋਕਾਂ ਦੇ ਇਕੱਠ ਕਾਰਨ ਸ਼ਰੇਆਮ ਨਸ਼ੇ ਵਿਕ ਰਹੇ। ਹਰ ਰੋਜ ਲੜਕੀਆਂ ਦੀ ਇੱਜਤ ਨਾਲ ਖੇਡਿਆ ਜਾ ਰਿਹਾ ਹੈ। ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਸਰਕਾਰ ਵਲੋਂ ਨਿੱਤ ਦਿਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਢੇਸੀ ਨੇ ਅੱਗੇ ਕਿਹਾ ਕਿ ਇਸ ਦੇ ਟਾਕਰੇ ਵਾਸਤੇ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਲਾਮਬੰਦ ਕਰਕੇ ਰੁਜ਼ਗਾਰ ਦੀ ਪ੍ਰਾਪਤੀ ਲਈ, ਮੁਫਤ ਸਿਖਿਆ ਸਹੂਲਤਾਂ, ਮੁਫਤ ਸਿਹਤ ਸਹੂਲਤਾਂ ਲਈ, ਅਤੇ ਭ੍ਰਿਸ਼ਟਾਚਾਰ, ਗੁੰਡਾਗਰਦੀ, ਵਧ ਰਹੇ ਨਸ਼ਿਆਂ ਦੇ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਸਭਾ ਜ਼ੋਰਦਾਰ ਮੁਹਿੰਮ ਚਲਾਏਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵੇਲੇ ਸੂਬਾ ਸਕੱਤਰ ਮਨਦੀਪ ਰਤੀਆ, ਸੂਬਾ ਪ੍ਰੈਸ ਸਕੱਤਰ ਬਲਦੇਵ ਪੰਡੋਰੀ, ਕਾਬਲ ਸਿੰਘ ਪਹਿਲਵਾਨਕੇ, ਅਜੈ ਫਿਲੌਰ ਆਦਿ ਹਾਜ਼ਰ ਸਨ।