Tuesday, 26 July 2016

ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕੀਤੀ ਕਨਵੈਨਸ਼ਨ

ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਅਤੇ ਨਸ਼ਾ ਤਸਕਰੀ, ਗੁੰਡਾਗਰਦੀ ਖਿਲਾਫ ਕੀਤੀ ਕਨਵੈਨਸ਼ਨ
 
5 ਅਗਸਤ ਨੂੰ ਦੋਸ਼ ਪੱਤਰ ਦੇਣ ਦਾ ਐਲਾਨ 
ਜਲੰਧਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਵਲੋਂ ਅੱਜ ਇਥੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇੱਕ ਕਨਵੈਨਸ਼ਨ ਅਯੋਜਿਤ ਕੀਤੀ ਗਈ। ਇਥੋਂ ਦੇ ਦੇਸ਼ ਭਗਤ ਯਾਦਗਰ ਹਾਲ 'ਚ ਅਯੋਜਿਤ ਇਸ ਕਨਵੈਨਸ਼ਨ ਦੌਰਾਨ ਵਿਦਿਆ ਅਤੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ, ਅਤੇ ਨਸ਼ਾ ਤਸਕਰੀ, ਗੁੰਡਾਗਰਦੀ ਖਿਲਾਫ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸੰਘਰਸ਼ ਨੂੰ ਹੋਰ ਤਿਖਾ ਕਰਨ ਦਾ ਅਹਿਦ ਲਿਆ। 



ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੋਣ ਵਾਅਦਿਆਂ ਤੋਂ ਭੱਜਣ, ਜਵਾਨੀ ਨੂੰ ਨਸ਼ਿਆਂ ਨਾਲ ਤਬਾਹ ਕਰਨ, ਠੇਕੇ 'ਤੇ ਭਰਤੀ ਕੀਤੇ ਕੱਚੇ ਮੁਲਾਜ਼ਮਾਂ ਨੂੰ ਕੁਟਾਪਾ ਚਾੜ੍ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਬੇਰੁਜ਼ਗਾਰੀ ਭੱਤਾ ਨਾ ਦੇਣ ਸਮੇਤ ਜਵਾਨੀ ਦੇ ਭਵਿੱਖ ਨਾਲ ਜੁੜੇ ਮੁੱਦੇ ਵਿਸਾਰਨ ਦੇ ਦੋਸ਼ ਪੱਤਰ ਨੂੰ 5 ਅਗਸਤ ਨੂੰ ਦੇਣ ਦਾ ਸੱਦਾ ਦਿੱਤਾ ਗਿਆ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਐਸਬੰਲੀ ਚੋਣਾਂ 'ਚ ਜਵਾਨੀ ਦੇ ਮੁੱਦੇ ਉਭਾਰਨ ਲਈ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਮਿਲਕੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਰਕਾਰ ਬਣਾਉਣ ਦੀਆਂ ਦਾਅਵੇਦਾਰ ਪਾਰਟੀਆਂ ਨੂੰ ਵੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਲਈ ਮੰਗ ਪੱਤਰ ਦਿੱਤੇ ਜਾਣਗੇ। 


 

ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਕਾਬਲ ਸਿੰਘ ਪਹਿਲਵਾਨਕੇ, ਗੁਰਦਿਆਲ ਸਿੰਘ ਘੁਮਾਣ, ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਸਿੰਘ ਕੋਟਕਪੂਰਾ ਅਤੇ ਮਨਜਿੰਦਰ ਸਿੰਘ ਢੇਸੀ ਨੇ ਕੀਤੀ।
ਕਨਵੈਨਸ਼ਨ ਦੌਰਾਨ ਵੱਖ-ਵੱਖ ਮਤਿਆ ਰਾਹੀਂ ਸਰਕਾਰ ਤੋਂ ਮੰਗ ਕਰਦਿਆ ਆਗੂਆਂ ਨੇ ਕਿਹਾ ਕਿ ਹਰੇਕ ਬੱਚੇ ਨੂੰ ਗਰੈਜੂਏਸ਼ਨ ਪੱਧਰ ਤੱਕ ਦੀ ਮੁਫਤ ਵਿਦਿਆ ਲਾਜ਼ਮੀ ਦਿੱਤੀ ਜਾਵੇ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ 'ਚ ਸ਼ਾਮਲ ਕੀਤਾ ਜਾਵੇ। ਯੋਗਤਾ ਮੁਤਾਬਿਕ ਬੇਰੁਜ਼ਗਾਰੀ ਭੱਤਾ ਤਨਖਾਹ ਦਾ ਘੱਟੋ ਘੱਟ ਅੱਧ ਦਿੱਤਾ ਜਾਵੇ ਅਤੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ। ਵਿਦਿਆਰਥੀਆਂ ਨੂੰ ਲੈਪਟਾਪ ਜਾਰੀ ਕੀਤੇ ਜਾਣ, ਦਲਿਤ ਬੱਚਿਆਂ ਲਈ ਸਕਾਲਰਸ਼ਿੱਪ ਸਕੀਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਦਲਿਤ ਬੱਚਿਆਂ ਕੋਲੋਂ ਜਬਰੀ ਫੀਸਾਂ ਲੈਣੀਆਂ ਬੰਦ ਕੀਤੀਆ ਜਾਣ। 



ਇਸ ਮੌਕੇ ਸਭਾ ਦੇ ਸੂਬਾ ਸਕੱਤਰ ਮਨਦੀਪ ਸਿੰਘ ਰੱਤੀਆ ਅਤੇ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਕੇਂਦਰ ਅਤੇ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਦੀ ਅਲੋਚਨਾ ਕੀਤੀ। ਆਗੂਆਂ ਨੇ ਕਿਹਾ ਕਿ ਇਹ ਸਰਕਾਰਾਂ ਨੌਜਵਾਨ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀਆ ਹਨ ਅਤੇ ਇਹ ਸਰਕਾਰਾਂ ਚੋਣ ਦੌਰਾਨ ਕੀਤੇ ਵਾਅਦਿਆਂ ਨੂੰ ਵੀ ਲਾਗੂ ਨਹੀਂ ਕਰ ਰਹੀਆ। ਜਿਸ 'ਚ ਇੱਕ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਸ਼ਾਮਲ ਹੈ। ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਭੱਤਾ, ਵਿਦਿਆਰਥੀਆਂ ਨੂੰ ਲੈਪਟਾਪ ਦੇਣ, ਲੜਕੀਆਂ ਨੂੰ ਗਰੈਜੂਏਸ਼ਨ ਪੱਧਰ ਤੱਕ ਮੁਫਤ ਵਿਦਿਆ ਦੇਣ, ਬਿਨ੍ਹਾਂ ਵਿਆਜ ਵਿਦਿਅਕ ਕਰਜੇ ਦੇਣ ਦੇ ਵਾਅਦੇ ਕਰਕੇ ਇਹ ਸਰਕਾਰਾਂ ਮੁੱਕਰ ਗਈਆ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਆਪਣੀ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਆਏ ਦਿਨ ਕੁਟਾਪਾ ਚਾੜ੍ਹ ਰਹੇ ਹਨ। ਆਗੂਆਂ ਨੇ ਕਿਹਾ ਕਿ ਮਾਸ ਡੈਪੂਟੇਸ਼ਨਾਂ ਰਾਹੀਂ 5 ਅਗਸਤ ਤੋਂ ਮੰਗਾਂ ਨੂੰ ਲਾਗੂ ਨਾ ਕਰਨ ਕਰਕੇ ਮੰਗ ਪੱਤਰ ਦਿੱਤੇ ਜਾਣਗੇ। 



 

ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਬਾਦਲ ਦੀ ਸਰਕਾਰ ਦੇ ਰਾਜ ਕਾਲ ਦੌਰਾਨ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਜਾਲ 'ਚ ਫਸਦੀ ਜਾ ਰਹੀ ਹੈ। ਅਕਾਲੀ ਭਾਜਪਾ ਸਰਕਾਰ ਸਿਰ ਇਸ ਦੀ ਜਿੰਮੇਵਾਰੀ ਬੰਨਦਿਆਂ ਢੇਸੀ ਨੇ ਅੱਗੇ ਕਿਹਾ ਕਿ ਨਸ਼ੇ ਦੇ ਤਸਕਰਾਂ, ਪੁਲਸ ਅਤੇ ਸਿਆਸੀ ਗੱਠਜੋੜ ਕਾਰਨ ਹੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਨਵੇਂ ਮੌਕੇ ਨਾ ਹੋਣ ਕਾਰਨ ਨੌਜਵਾਨ ਮਜ਼ਬੂਰਨ ਨਸ਼ਿਆਂ ਵੱਲ ਜਾ ਰਿਹਾ ਹੈ, ਜਿਸ ਲਈ ਦੇਸ਼ ਦੇ ਹਾਕਮ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਆਏ ਦਿਨ ਗੁੰਡਾਗਰਦੀ, ਲੁੱਟਾ ਖੋਹਾਂ, ਕਤਲੋਗਾਰਤ, ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆ ਹਨ ਅਤੇ ਪੁਲਸ ਇਨ੍ਹਾਂ ਨੂੰ ਰੋਕਣ ਲਈ ਨਿਰੋਲ ਲਾਕਾਨੂੰਨੀ ਦੱਸ ਕੇ, ਹੱਲ ਕਰਨ ਦੇ ਰਾਹ ਤੁਰੀ ਹੋਈ ਹੈ ਜਦੋਂ ਕਿ ਇਨ੍ਹਾਂ 'ਚੋਂ ਜਿਆਦਾ ਵਾਰਦਾਤਾਂ ਬੇਰੁਜ਼ਗਾਰੀ ਦੀ ਹੀ ਉਪਜ ਹਨ। ਉਨ੍ਹਾ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਨਕਸ਼ੇ ਕਦਮਾ 'ਤੇ ਚੱਲਣ ਦਾ ਸੱਦਾ ਦਿੰਦਿਆ ਕਿਹਾ ਕਿ ਮਹਾਨ ਦੇਸ਼ ਭਗਤਾਂ ਨੂੰ ਇਹੀ ਸ਼ਰਧਾਂਜ਼ਲੀ ਹੋਵੇਗੀ। 


 

ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸਰਕਾਰ ਵਿਦਿਆ ਦਾ ਨਿੱਜੀਕਰਨ ਕਰਕੇ ਆਪਣਾ ਪੱਲਾ ਝਾੜ ਕੇ ਬੈਠ ਗਈ ਹੈ। ਨਰਿੰਦਰ ਮੋਦੀ ਦੀ ਸਰਕਾਰ ਵਿਦਿਆ ਦੇ ਭਗਵਾਕਰਨ ਵੱਲ ਤੇਜ਼ੀ ਨਾਲ ਜਾ ਰਹੀ ਹੈ। ਦਲਿਤ ਵਿਦਿਆਰਥੀਆਂ ਦੇ ਵਜੀਫੇ ਬੰਦ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ ਅਤੇ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਦੀਆਂ ਨੀਤੀਆਂ ਕਾਰਨ ਹੀ ਬੱਸਾਂ ਪਾਸਾਂ ਦੀ ਸਹੂਲਤ ਖੋਹੀ ਜਾ ਰਹੀ ਹੈ। ਉਨ੍ਹਾ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਦਿਨ 'ਤੇ ਹੋਰ ਉਤਸ਼ਾਹ ਨਾਲ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। 
 


ਇਸ ਮੌਕੇ ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੁਲੱਖਣ ਸਿੰਘ ਤੁੜ, ਜਤਿੰਦਰ ਫਰੀਦਕੋਟ, ਗੁਰਜਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਮੱਕੀ, ਗੁਰਜੀਤ ਸਿੰਘ ਦੁਧਾਰਾਏ, ਸੁਰੇਸ਼ ਸਮਾਣਾ, ਰਵੀ ਪਠਾਨਕੋਟ, ਰਾਜਜੀਤ ਅਬੋਹਰ, ਗੁਰਚਰਨ ਸਿੰਘ ਮੱਲੀ, ਸੋਨੂੰ ਢੇਸੀ, ਮਨਜੀਤ ਸਿੰਘ ਬੱਗੂ, ਮੱਖਣ ਫਿਲੌਰ ਆਦਿ ਹਾਜਰ ਸਨ।

ਜਾਰੀ ਕਰਤਾ
(ਬਲਦੇਵ ਸਿੰਘ ਪੰਡੋਰੀ)

 ਸੂਬਾ ਪ੍ਰੈਸ ਸਕੱਤਰ 
26.7.2016

1 comment: