17 ਅਕਤੂਬਰ ਨੂੰ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਦੀ ਧਰਤੀ ਤੋਂ ਜਾਰੀ ਕੀਤਾ ਜਾਵੇਗਾ ਭਵਿੱਖ ਦੀ ਰਣਨੀਤੀ ਤੈਅ ਕਰਦਾ ਯੂਥ-ਸਟੂਡੈਂਟਸ ਐਲਾਨਨਾਮਾ
ਜਲੰਧਰ - ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਵਿਚਾਰਧਾਰਕ ਆਗੂ ਸ਼ਹੀਦ ਭਗਤ ਸਿੰਘ ਦਾ 109ਵਾਂ ਜਨਮ ਦਿਨ ਸੂਬੇ ਭਰ ਦੀਆਂ ਛੇ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਦੇ ਸੱਦੇ 'ਤੇ ਠਾਠ੍ਹਾਂ ਮਾਰਦੇ ਇੱਕਠ ਨੇ ਇਥੋਂ ਦੇ ਦੇਸ਼ ਭਗਤ ਯਾਦਗਾਰ ਦੇ ਵਿਹੜੇ 'ਚ ਬਹੁਤ ਹੀ ਉਤਸ਼ਾਹ ਅਤੇ ਉਲਾਸ ਨਾਲ ਮਨਾਇਆ ਗਿਆ। ਇਸ ਵਿਲੱਖਣ ਇੱਕਠ ਦੀ ਅਗਵਾਈ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਨਵੀਨਰ ਹਰਮਨ ਹਿੰਮਤਪੁਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਛਾਂਗਾਰਾਏ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਸਕੱਤਰ ਰਾਮਾਨੰਦੀ ਨੇ ਕੀਤੀ। ਸੂਬੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਿੰਡਾਂ, ਸ਼ਹਿਰਾਂ ਤੋਂ ਨੌਜਵਾਨਾਂ ਦੇ ਕਾਫਲੇ ਝੰਡੇ ਚੁੱਕੀ, ਨਾਅਰੇ ਲਾਉਂਦੇ ਪੂਰੇ ਜੋਸ਼ੋ-ਖਰੋਸ਼ ਨਾਲ ਪਹੁੰਚੇ। ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, "ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ,"ਸਭ ਲਈ ਵਿੱਦਿਆ ਸਭ ਲਈ ਰੁਜ਼ਗਾਰ"ਦੇ ਨਾਅਰਿਆਂ ਨੇ ਫਿਜਾ 'ਚ ਇਨਕਲਾਬੀ ਰੰਗ ਘੋਲ ਦਿੱਤਾ। ਨੌਜਵਾਨ ਅਤੇ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ"ਭਗਤ ਸਿੰਘ ਦੇ ਸੁਪਨਿਆਂ ਦਾ ਬਰਾਬਰਤਾ ਵਾਲਾ ਦੇਸ਼ ਬਣਾਉਣ ਲਈ ਨੌਜਵਾਨ ਅੱਜ ਦੇਸ਼ 'ਚ ਕਾਣੀ ਵੰਡ ਵਾਲੇ ਪ੍ਰਬੰਧ ਨੂੰ ਨਕਾਰ ਦੇਣ ਅਤੇ ਉਹ ਇਸ ਮਹਾਨ ਕੰਮ ਨੂੰ ਕਰਨ ਲਈ ਸ਼ਹੀਦ ਭਗਤ ਸਿੰਘ ਵਾਂਗ ਇਸ ਦੀ ਅਗਵਾਈ ਕਰਨ। ਇਹਨਾਂ ਆਗੂਆਂ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਤਹਿਤ ਅਸਾਵਾਂ ਵਿਕਾਸ ਇੱਕ ਪਾਸੇ ਕੁੱਝ ਵਿਆਕਤੀਆਂ ਨੂੰ ਸਾਰੇ ਸਾਧਨਾਂ ਦੇ ਮਾਲਕ ਅਤੇ ਦੂਜੇ ਪਾਸੇ ਦੇਸ਼ ਦੇ ਕਰੋੜਾਂ ਨਿਪੁੰਨ ਲੋਕਾਂ ਨੂੰ ਕੰਮ ਤੋਂ ਬਾਹਰ ਧੱਕ ਕੇ ਸਾਧਨ ਵਿਹੂਣੇ ਬਣਾਇਆ ਜਾ ਰਿਹਾ ਹੈ। ਪੂਰੇ ਦੇਸ਼ 'ਚ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਤਹਿਤ ਕਰੋੜਾਂ ਲੋਕਾਂ ਨੂੰ ਵਿੱਦਿਆ ਹਾਸਲ ਕਰਨ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਦੀ ਖੁੱਲ ਦੇ ਕੇ ਦੇਸ਼ ਦੇ ਸਾਧਨਾਂ ਨੂੰ ਕੌਢੀਆਂ ਦੇ ਭਾਅ ਲੁਟਾਉਣ ਦੇ ਨਾਲ-ਨਾਲ ਕਿਰਤ ਕਨੂੰਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਅਮੀਰੀ ਲਈ ਕਰੋੜਾਂ ਨੌਜਵਾਨਾਂ ਨੂੰ ਵਿੱਦਿਆਂ ਤੇ ਰੁਜ਼ਗਾਰ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਮੌਕੇ ਏ.ਆਈ.ਵਾਈ.ਐੱਫ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੇ ਸੂਬਾ ਸਕੱਤਰ ਮਨਦੀਪ ਰਤੀਆ, ਆਰ. ਵਾਈ. ਏ. ਦੇ ਅਸ਼ਵਨੀ ਕੁਮਾਰ ਹੈਪੀ, ਪੀ. ਐੱਸ. ਐੱਫ ਦੇ ਸਕੱਤਰ ਅਜੇ ਫਿਲੌਰ, ਏ.ਆਈ.ਐੱਸ.ਐੱਫ ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਅਤੇ ਆਈਸਾ ਦੇ ਸੋਨੀਆ ਨੇ ਸੰਬੋਧਨ ਕਰਦਿਆਂ ਪ੍ਰੋਗਰਾਮ ਪੇਸ਼ ਕੀਤਾ ਕਿ ਰੈਗੂਲਰ ਭਰਤੀ ਰਾਹੀਂ ਹਰ ਖੇਤਰ 'ਚ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਦੇਸ਼ 'ਚ ਰੁਜਗਾਰ ਦੀ ਗਰੰਟੀ ਕਰਦਾ ਕਨੂੰਨ ਜੋ ਅਣਸਿੱਖਿਅਤ ਤੋਂ ਲੈਕੇ ਉੱਚ ਸਿੱਖਿਅਤ ਨੂੰ ਰੁਜਗਾਰ ਦੀ ਗਰੰਟੀ ਕਰੇ, ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ। ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਦੀ ਗਿਣਤੀ ਵਧਾਉਣ, ਬੱਸ ਪਾਸ ਸਹੂਲਤ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਉੱਤੇ ਵੀ ਲਾਗੂ ਕਰਨ, ੩ ਲੱਖ ਤੋਂ ਘੱਟ ਆਮਦਨ ਵਾਲੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਧੀਨ ਮੁਫਤ ਵਿੱਦਿਆ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਦਾ ਹੀ ਨੌਜੁਆਨਾਂ ਦੀ ਅਗਵਾਈ ਕਰਦੀ ਰਹੇਗੀ । ਸੂਬੇ ਅੰਦਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੜਨ ਵਾਲੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਕਾਰਕੁੰਨਾ ਨੂੰ ਸਰਕਾਰ ਵਲੋਂ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਰੁਜ਼ਗਾਰ ਦੀ ਥਾਂ ਨਸ਼ੇ ਵੰਡ ਕੇ ਸਰਕਾਰ ਨੌਜਵਾਨ ਪੀੜ੍ਹੀ ਦਾ ਘਾਣ ਕਰ ਰਹੀ ਹੈ। ਇੱਕਠ ਨੇ ਇੱਕ ਮਤੇ ਰਾਹੀਂ ਵਿੱਦਿਆ, ਸਿਹਤ ਅਤੇ ਰੁਜ਼ਗਾਰ ਦੀ ਲੜਾਈ ਲੜ ਰਹੀਆਂ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਕੀਤਾ ਅਤੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਵਿਸ਼ਾਲ ਕਰਨ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਜਰਨਲ ਸਕੱਤਰ ਡਾ. ਰਘਬੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਪਿਛਲੇ ਸਮੇਂ ਦੀ ਸਰਗਰਮੀ ਦਾ ਸ਼ਾਨਦਾਰ ਸਿੱਟਾ ਹੈ। ਵਿਚਾਰਧਾਰਕ ਤੌਰ 'ਤੇ ਸਪੱਸ਼ਟ ਹੋ ਕੇ ਚੱਲਣ ਵਾਲੀ ਇਸ ਸਾਂਝੀ ਲਹਿਰ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ, ਲੋੜ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਹੈ। ਇਸ ਸਮੇਂ ਏ.ਆਈ.ਵਾਈ.ਐੱਫ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੀ ਕਿਤਾਬ 'ਗਦਰ ਲਹਿਰ ਦੇ ਸੂਹੇ ਪੰਨੇ' ਰੀਲੀਜ ਕਰਨ ਲਈ ਡਾ. ਰਘਬੀਰ ਕੌਰ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ 'ਤੇ ਕਿਤਾਬ ਰੀਲੀਜ ਕੀਤੀ ਅਤੇ ਨੌਜਵਾਨਾਂ ਦੇ ਇਸ ਇੱਕਠ ਨੂੰ ਥਾਪੜਾ ਦੇ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ। ਸੂਬੇ ਅੰਦਰ ਗਦਰੀ ਬਾਬਿਆਂ, ਅਜਾਦੀ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਲੋਕ ਮਨਾਂ 'ਚੋਂ ਵਿਸਾਰਨ ਲਈ ਸਰਕਾਰ ਵਲੋਂ ਜਾਣਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ, ਸ਼ਹੀਦਾਂ ਦੀਆਂ ਯਾਦਗਰਾਂ ਜਿਵੇਂ ਜੱਦੀ ਘਰਾਂ, ਘਟਨਾ ਸਥਲਾਂ ਨੂੰ ਸੰਭਾਲਣ ਲਈ ਮਤੇ ਪਾਸ ਕੀਤੇ ਗਏ ਕਿ ਸਰਕਾਰ ਇਹਨਾਂ ਨੂੰ ਸੰਭਾਲਣ ਦੀ ਜਿੰਮੇਂਵਾਰੀ ਲਵੇ ਅਤੇ ਇਹਨਾਂ ਦੀ ਕੁਤਾਹੀ ਅਤੇ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਮਤੇ ਰਾਹੀਂ ਸਖਤੀ ਨਾਲ ਮੰਗ ਕੀਤੀ ਕਿ ਦੁਨੀਆਂ ਦੇ ਕਿਸੇ ਵੀ ਸ਼ਹੀਦ ਦੀ ਤਸਵੀਰ ਦਾ ਅਪਮਾਨ ਜੁਝਾਰੂ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਮਤਾ ਪਾਸ ਕੀਤਾ ਕਿ 'ਚੀ ਗਵੇਰਾ' ਦੀ ਫੋਟੋ ਵਾਲੇ ਫੁਟਵੀਅਰ ਤਰੁੰਤ ਬੰਦ ਕਰਵਾਏ ਜਾਣ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੱਯਦ ਵਲੀ ਉਲਾ ਖਾਦਰੀ ਨੇ ਇਸ ਮੌਕੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਵਾਲੀ ਨੀਤੀ ਹੀ ਅਸਲੀ ਰਾਜਨੀਤੀ ਹੈ ਜਿਸ ਨੂੰ ਲਾਗੂ ਕਰਨ ਲਈ ਦੇਸ਼ ਭਰ ਦੇ ਨੌਜਵਾਨ ਆਪਣੀ ਸਰਗਰਮੀ ਤੇਜ ਕਰ ਰਹੇ ਹਨ, ਉਹਨਾਂ ਇਸ ਵਿਸ਼ਾਲ ਇੱਕਠ 'ਚ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਨੌਜਵਾਨ ਆਗੂ ਨਰਿੰਦਰ ਕੌਰ ਸੋਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਵਿਦਿਆਰਥੀ ਅਤੇ ਨੌਜਵਾਨ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਸਮਾਜਵਾਦੀ ਪ੍ਰਬੰਧ, ਜਿਸ ਦੀ ਬੁਨਿਆਦ ਹਰ ਇੱਕ ਨੂੰ ਕੰਮ ਯੋਗਤਾ ਅਨੁਸਾਰ ਅਤੇ ਤਨਖਾਹ ਕੰਮ ਅਨੁਸਾਰ"ਉਸਾਰਨ ਲਈ ਦੇਸ਼ ਦੀ ਰਾਜਨੀਤੀ ਦਾ ਪਿੜ੍ਹ ਮੱਲਣ। ਉਹਨਾਂ ਕਿਹਾ ਕਿ ਸਰਕਾਰ ਕਿਸਾਨ ਖੁਦਕੁਸ਼ੀਆਂ, ਬੇਰੁਜਗਾਰੀ, ਵਿੱਦਿਆ ਦੇ ਸਵਾਲ 'ਤੇ ਬੋਲਣ ਦੀ ਬਜਾਏ ਨਸ਼ੇ, ਰਾਜਨੀਤਿਕ ਗੁੰਡਾਗਰਦੀ, ਧਰਮ-ਜਾਤਾਂ ਦੇ ਨਾਂ 'ਤੇ ਭੜਕਾਹਟ ਅਤੇ ਸਰਹੱਦੀ ਤਨਾਅ ਜਿਹੇ ਮੁੱਦਿਆਂ ਨਾਲ ਗੁੰਮਰਾਹ ਕਰ ਰਹੀ ਹੈ। ਇੱਕਠ ਨੇ ਪ੍ਰੋਗਰਾਮ ਪੇਸ਼ ਕਰਦਿਆਂ ਕਿਹਾ ਕਿ ਨੌਜਵਾਨ ਭਾਈਚਾਰਕ ਸਾਂਝ ਬਰਾਬਰਤਾ ਦੇ ਅਧਾਰ 'ਤੇ ਪੂਰਨ ਸਮਾਜ ਦੇ ਵਿਕਾਸ ਵਾਲੀ ਰਾਜਨੀਤੀ ਨੂੰ ਤਰਜੀਹ ਦੇਣ, ਲੁਭਾਵੇਂ ਨਾਹਰਿਆਂ ਦੀ ਥਾਂ 'ਤੇ ਤਰਕ ਅਤੇ ਤੱਥਾਂ ਦੇ ਅਧਾਰ 'ਤੇ ਰਾਜਨੀਤੀ ਦੀ ਪਹਿਚਾਣ ਕਰਨ। ਇਸ ਮੌਕੇ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਗਿਆ ਕਿ 17 ਅਕਤੂਬਰ ਨੂੰ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਦੀ ਧਰਤੀ ਤੋਂ ਨੌਜਵਾਨਾਂ-ਵਿਦਿਆਰਥੀਆਂ ਦੇ ਭਵਿੱਖ ਦੀ ਰਣਨੀਤੀ ਤੈਅ ਕਰਦਾ ਯੂਥ-ਸਟੂਡੈਂਟਸ ਐਲਾਨਨਾਮਾ ਜਾਰੀ ਕੀਤਾ ਜਾਵੇਗਾ। ਇਸ ਮੌਕੇ ਬਲਦੇਵ ਪੰਡੋਰੀ, ਜਸਪ੍ਰੀਤ ਕੌਰ ਬੱਧਨੀ, ਮਨਜਿੰਦਰ ਢੇਸੀ, ਸੰਦੀਪ ਸਿੰਘ, ਗੁਰਦਿਆਲ ਘੁਮਾਣ, ਕੁਲਵੰਤ ਮੱਲੋਨੰਗਲ, ਵਰਿੰਦਰ ਪਾਤੜਾਂ, ਸੁਖਦੇਵ ਧਰਮੂਵਾਲਾ, ਗੁਰਿੰਦਰ ਸਿੰਘ, ਰੁਪਿੰਦਰ ਕੌਰ, ਪਰਮਪ੍ਰੀਤ ਪੜ੍ਹਤੇਵਾਲਾ, ਸ਼ਮਸ਼ੇਰ ਬਟਾਲਾ, ਸੁਖਵੀਰ ਸੁੱਖ, ਮਨਦੀਪ ਸਰਦੂਲਗੜ੍ਹ, ਸੁਭਾਸ਼ ਕੈਰੇ, ਡਾ. ਮਨਿੰਦਰ ਧਾਲੀਵਾਲ, ਹਰਿਆਣਾ ਸਟੂਡੈਟਸ ਯੂਨੀਅਨ HSU) ਦੇ ਆਗੂ ਅਮਨ ਰਤੀਆ, ਸੰਦੀਪ ਦੌਲੀਕੇ ਨੀਲੇ ਖਾਂ, ਮੰਗਤ ਰਾਏ, ਲਖਵਿੰਦਰ ਗੋਪਾਲਪੁਰਾ, ਵਿਸ਼ਾਲ ਵਲਟੋਹਾ, ਮੱਖਣ ਫਿਲੌਰ, ਸੰਜੀਵ ਅਰੋੜਾ, ਗੁਰਚਰਨ ਮੱਲੀ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
No comments:
Post a Comment