ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਵਿਦਿਆ ਰੂਪੀ ਸਹੂਲਤ ਨੂੰ ਇਥੋਂ ਦੇ ਹਾਕਮਾਂ ਅੱਜ ਮੁਨਾਫਾ ਅਤੇ ਪੈਸੇ ਕਮਾਉਣ ਦੇ ਸਾਧਨ ਵੱਜੋਂ ਵਰਤਣ ਲਈ ਇਸ ਦਾ ਬੜੀ ਤੇਜ਼ ਗਤੀ ਨਾਲ ਨਿੱਜੀਕਰਨ ਕਰ ਰਹੇ ਹਨ ਜਿਸ ਕਾਰਨ ਹੁਣ ਸਿੱਖਿਆ ਅਮੀਰ ਵਰਗ ਦੀ ਰਖੇਲ ਤੇ ਆਮ ਲੋਕਾਂ ਦੀ ਪਹੁੰਚ ਤੋਂ ਦਿਨੋਂ ਦਿਨ ਦੂਰ ਹੁੰਦੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸੂਬਾਈ ਸੱਦੇ ਉੱਪਰ ਕੀਤੀਆ ਜਾ ਰਹੀਆ ਪੰਜ ''ਸਿੱਖਿਆ ਬਚਾਓ'' ਕਨਵੈਨਸ਼ਨਾਂ ਦੀ ਕੜੀ ਤਹਿਤ ਤਰਨਤਾਰਨ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਮੌਕੇ ਪੀ.ਐਸ.ਐਫ. ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਜਰਨਲ ਸਕੱਤਰ ਅਜੈ ਫਿਲੌਰ ਨੇ ਸਾਂਝੇ ਤੌਰ 'ਤੇ ਕੀਤਾ। ਸੂਬਾਈ ਆਗੂ ਵਤਨਦੀਪ ਝਬਾਲ, ਅਮ੍ਰਿਤਪਾਲ ਲੱਕੀ,ਸਨੇਹਦੀਪ ਸਿੰਘ ਆਦਿ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ 'ਸਿੱਖਿਆ ਦੇ ਅਧਿਕਾਰ' ਨੂੰ ਮੌਲਿਕ ਅਧਿਕਾਰਾਂ ਵਿਚ ਦਰਜ ਕੀਤਾ ਗਿਆ ਹੈ। ਪ੍ਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਲੋਕ ਅੱਖਰ ਵਿਹੂਣੇਂ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਮੁੱਖ ਦੋਸ਼ੀ ਕੋਈ ਹੋਰ ਨਹੀਂ ਬਲਕਿ ਦੇਸ਼ ਦੇ ਹਾਕਮ ਹਨ ਜੋ ਸਿੱਖਿਆ ਦਾ ਬੜੀ ਤੇਜ਼ੀ ਨਾਲ ਨਿੱਜੀਕਰਨ ਕਰ ਰਹੇ ਹਨ। ਆਗੂਆਂ ਨੇ ਬੋਲਦਿਆ ਕਿਹਾ ਕਿ ਵਿਦਿਆਰਥੀਆ ਨੂੰ ਮਿਲ ਰਹੀਆਂ ਸਹੂਲਤਾਂ ਬੱਸ ਪਾਸ ਸਹੂਲਤ, ਪੋਸਟ-ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਤੇਜ਼ੀ ਨਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਲਈ ਰੱਖੇ ਜਾਂਦੇ ਸਲਾਨਾਂ ਬਜਟ ਵਿਚ ਕਟੌਤੀ ਕੀਤੀ ਜਾ ਰਹੀ ਹੈ। ਪ੍ਰਾਇਵੇਟ ਸਿੱਖਿਅਕ ਸੰਸਥਾਂਵਾਂ ਵੱਲੋਂ ਫੀਸਾਂ-ਫੰਡਾਂ ਵਿਚ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਪ੍ਰਾਇਵੇਟ ਸੰਸਥਾਂਵਾਂ ਖਿਲਾਫ ਮਾਪਿਆਂ ਵੱਲੋਂ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਵੀ ਹਾਕਮਾਂ ਦੇ ਕੰਨਾਂ 'ਤੇ ਜੂੰ ਤੱਕ ਨਹੀ ਸਰਕੀ। ਉਨ੍ਹਾਂ ਕੇਂਦਰ ਦੇ ਹਾਕਮਾਂ ਦੁਆਰਾ ਸਿੱਖਿਆਂ ਦਾ ਭਗਵਾਂਕਰਨ ਕੀਤੇ ਜਾਣ,ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ, ਗੈਰ-ਵਿਗਿਆਨਕ ਗੱਲਾਂ ਨੂੰ ਸਕੂਲਾਂ ਦੇ ਪਾਠ-ਕ੍ਰਮ ਵਿਚ ਸ਼ਾਮਿਲ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਦਲਿਤਾਂ ਅਤੇ ਗਰੀਬਾਂ ਉੱਪਰ ਕੀਤੇ ਜਾ ਰਹੇ ਜੁਲਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਕਮਾਂ ਦੀ ਸ਼ਹਿ ਪ੍ਰਾਪਤ ਨਸ਼ਾ ਵਪਾਰ ਹੁਣ ਸਿੱਖਿਅਕ ਸੰਸਥਾਵਾਂ ਦੇ ਗੇਟਾਂ ਤੱਕ ਪੁੱਜ ਚੁੱਕਾ ਹੈ। ਜਦਕਿ ਨਸ਼ਾ ਸਮਗਲਰ ਪੁਲਿਸ ਸਿਆਸੀ ਗਠਜੋੜ ਨਸ਼ੇ ਦੇ ਵਪਾਰ ਨੂੰ ਬੜਾਵਾ ਦੇ ਰਹੇ ਹਨ। ਇਸ ਮੌਕੇ ਆਗੂਆ ਨੇ ਐਲਾਨ ਕੀਤਾ ਕਿ ਸਿੱਖਿਆ ਦਾ ਨਿੱਜੀਕਰਨ ਬੰਦ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆ ਨੂੰ ਇਸ ਸਕੀਮ ਤਹਿਤ ਮੁਫਤ ਸਿੱਖਿਆ ਦਾ ਪ੍ਰਬੰਧ ਕਰਨ, ਸਿੱਖਿਅਕ ਸੰਸਥਾਵਾਂ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾ ਤੁਰੰਤ ਭਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਉੱਪਰ ਸਖਤੀ ਨਾਲ ਲਾਗੂ ਕਰਨ, ਨਸ਼ਾ-ਗੁੰਡਾਗਰਦੀ ਨੂੰ ਬੰਦ ਕਰਕੇ ਵਿਦਿਆਰਥੀ ਚੌਣਾਂ ਸ਼ੁਰੂ ਕਰਨ, ਸਕੂਲਾਂ ਕਾਲਜਾਂ ਵਿਚ ਖੇਡਾ ਅਤੇ ਲੈਬੋਰਟਰੀਆ ਦਾ ਸਮਾਨ ਮੁਹੱਈਆ ਕਰਨ ਆਦਿ ਮਸਲਿਆਂ ਉੱਪਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਜਿੰਦਰ ਢੇਸੀ, ਮਨੋਜ ਕੁਮਾਰ, ਸਾਜਨ ਸਿੰਘ ਆਦਿ ਹਾਜ਼ਰ ਸਨ।
No comments:
Post a Comment