ਸਰਦੂਲਗੜ੍ਹ (6 ਸਤੰਬਰ 2016) - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਸੂਬੇ ਭਰ 'ਚ ਕੀਤੀਆ ਜਾ ਰਹੀਆ 'ਸਿੱਖਿਆ ਬਚਾਓ' ਕਨਵੈਨਸ਼ਨਾਂ ਦੀ ਲੜੀ ਤਹਿਤ ਕੀਤੀ ਦੂਜੀ ਵਿਸ਼ਾਲ ਵਿਦਿਆਰਥੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਪ੍ਰੀਤ ਸਰਦੂਲਗੜ੍ਹ, ਰਵਿੰਦਰ ਲੋਹਗੜ੍ਹ, ਸੰਦੀਪ ਝੰਡਾ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਨੇ ਕਿਹਾ ਕਿ ਸਿਖਿਆ ਦੇ ਡਿੱਗ ਰਹੇ ਮਿਆਰ ਅਤੇ ਘੱਟ ਰਹੇ ਰੁਜ਼ਗਾਰ ਦੇ ਮੌਕਿਆ ਲਈ ਸਿਖਿਆ ਦਾ ਹੋ ਰਿਹਾ ਨਿੱਜੀਕਰਨ ਅਤੇ ਵਪਾਰੀਕਰਨ ਸਿੱਧੇ ਰੂਪ 'ਚ ਜਿੰਮੇਵਾਰ ਹੈ। ਜਿਸ ਕਾਰਨ ਹੁਣ ਸਿੱਖਿਆ ਨੂੰ ਅਮੀਰ ਵਰਗ ਦੇ ਲੋਕਾਂ ਲਈ ਹੀ ਰਾਖਵਾਂ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਖਰ ਗਿਆਨ ਤੋਂ ਵੀ ਵਿਹੂੰਣਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਹਾਕਮ ਸਰਕਾਰ ਇੱਕ ਪਾਸੇ ਪੰਜਾਬ ਅੰਦਰ 27 ਤੋਂ ਵੱਧ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਕੇ ਸੂਬੇ ਦੇ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਸਿਖਿਆ ਆਮ ਵਰਗ ਤੋਂ ਦੂਰ ਹੁੰਦੀ ਜਾ ਰਹੀ ਹੈ। ਨਵਦੀਪ ਕੋਟਕਪੂਰਾ ਨੇ ਕੇਂਦਰ ਦੀ ਐੱਨਡੀਏ ਸਰਕਾਰ 'ਤੇ ਹਮਲੇ ਕਰਦਿਆ ਕਿਹਾ ਕਿ ਸਿੱਖਿਆ ਦਾ ਭਗਵਾਂਕਰਨ ਅਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ ਅਤੇ ਗੈਰ-ਵਿਗਿਆਨਕ, ਗੈਰ-ਯਥਾਰਥਿਕ ਮਿਥਿਹਾਸਕ ਘਟਨਾਵਾਂ ਨੂੰ ਸਿਲੇਬਸਾਂ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਦੇਸ਼ ਦੇ ਗੌਰਵਮਈ ਇਤਿਹਾਸ ਤੇ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਉਸ ਵਿਅਕਤੀ/ਸੰਸਥਾ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜੋ ਇਸ ਦਾ ਵਿਰੋਧ ਕਰ ਰਿਹਾ ਹੈ ਚਾਹੇ ਉਹ ਗੋਬਿੰਦ ਪੰਸਾਰੇ, ਦਾਬੋਲਕਰ ਹੋਵੇ ਅਤੇ ਚਾਹੇ ਜੇ.ਐਨ.ਯੂ. ਤੇ ਹੈਦਰਾਬਾਦ ਯੂਨੀਵਰਸਿਟੀ ਹੋਵੇ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਦੀਆਂ ਭੁੱਖੀਆ ਰਾਜਨੀਤਕ ਪਾਰਟੀਆਂ, ਵਿਦਿਆਰਥੀਆਂ ਨੂੰ ਆਪਣੇ ਸੋੜੇ ਹਿੱਤਾਂ ਲਈ ਵਰਤਣਾ ਚਾਹੁੰਦੀਆ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਝੂਠੇ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਜੇ ਅਜੋਕੀਆਂ ਰਵਾਇਤੀ ਪਾਰਟੀਆਂ ਦੇ ਰਵੱਈਏ ਵੱਲ ਗੌਰ ਕੀਤਾ ਜਾਵੇ ਤਾਂ ਇਹ ਰਵੱਈਆਂ ਵਿਦਿਆਰਥੀ ਪੱਖੀ ਨਾ ਹੋ ਕੇ ਸਿੱਧੇ ਰੂਪ 'ਚ ਵਿਦਿਆਰਥੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕੀਤੇ ਗਏ ਵਾਅਦਿਆਂ 'ਚ ਲੈਪਟੌਪ, ਸਪੈਸ਼ਲ ਵਿਦਿਆਰਥੀ ਬੱਸਾਂ ਦੇ ਲਾਰੇ ਅਜੇ ਧਰੇ ਧਰਾਏ ਹੀ ਪਏ ਹਨ ਅਤੇ ਵਿਦਿਆਰਥੀਆਂ ਨੂੰ ਪਹਿਲਾ ਹੀ ਮਿਲ ਰਹੀ ਬੱਸ ਪਾਸ ਦੀ ਸਹੂਲਤ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾ ਰਿਹਾ ਹੈ ਤੇ ਬਾਦਲਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਟਰਾਂਸਪੋਟਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਸਰਕਾਰੀ ਬੱਸਾਂ ਦੇ ਰੂਟ ਗੈਰ ਕਾਨੂੰਨੀ ਢੰਗ ਨਾਲ ਕੱਟੇ ਜਾ ਰਹੇ ਹਨ। ਢੇਸੀ ਨੇ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਮੌਕੇ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ। ਹਾਕਮਾਂ ਦੀ ਸ਼ਹਿ ਉਪਰ ਨਸ਼ੇ ਦਾ ਵਪਾਰ ਵਿੱਦਿਅਕ ਅਦਾਰਿਆਂ ਅੰਦਰ ਵੀ ਪਹੁੰਚ ਗਿਆ ਹੈ ਅਤੇ ਲੜਕੀਆਂ ਉਪਰ ਤਸ਼ੱਸ਼ਦ ਲਗਾਤਾਰ ਵੱਧ ਰਿਹਾ ਹੈ। ਇਨ੍ਹਾਂ ਸਰਕਾਰਾਂ ਦੀਆਂ ਵਿਦਿਆਰਥੀ-ਨੌਜਵਾਨ ਵਿਰੋਧੀ ਨੀਤੀਆਂ ਦਾ ਨਤੀਜਾ ਹੈ ਕਿ ਭਾਰਤ ਵਿੱਚ ਖੇਡਾਂ ਦਾ ਪੱਧਰ ਇੰਨਾ ਗਿਰ ਚੁੱਕਾ ਹੈ ਕਿ ਵਿਸ਼ਵ ਉਲੰਪਿਕ 2016 'ਚ ਭਾਰਤ ਨੂੰ ਇਕ ਵੀ ਗੋਲਡ ਮੈਡਲ ਨਹੀਂ ਮਿਲਿਆ ਜਦੋਂਕਿ ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਅਬਾਦੀ ਭਾਰਤ ਨਾਲੋਂ ਕਈ ਗੁਣਾ ਘੱਟ ਹੈ ਅਤੇ ਉਨ੍ਹਾਂ ਨੇ ਦਰਜਨਾਂ ਮੈਡਲ ਹਾਸਲ ਕੀਤੇ ਹਨ।
ਇਸ ਮੌਕੇ ਵਿੱਦਿਆ ਦਾ ਨਿੱਜੀਕਰਨ ਬੰਦ ਕਰਨ, ਚੋਣਾਂ ਸਮੇਂ ਵਿਦਿਆਰਥੀਆਂ ਨਾਲ ਕੀਤੇ ਲੈਪਟੌਪ ਅਤੇ ਸ਼ਪੈਸ਼ਲ ਵਿਦਿਆਰਥੀ ਬੱਸਾਂ ਦਾ ਪ੍ਰਬੰਧ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਮੁਫਤ ਸਿੱਖਿਆ ਦੇਣ, ਵਿੱਦਿਅਕ ਅਦਾਰਿਆਂ ਅੰਦਰ ਗੁੰਡਾਗਰਦੀ ਨੂੰ ਨੱਥ ਪਾ ਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਲੜਕੀਆਂ ਦੀ ਪੋਸਟ ਗ੍ਰੈਜੂਰੇਸ਼ਨ ਤੱਕ ਸਿੱਖਿਆ ਮੁਫਤ ਕਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚ ਲਾਗੂ ਕਰਨ, ਪ੍ਰਾਈਵੇਟ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਦੇ ਬੱਸ ਪਾਸ ਚਾਲੂ ਕਰਨ ਆਦਿ ਮੰਗਾਂ ਉਪਰ ਸੰਘਰਸ਼ ਕਰਨ ਦੇ ਮਤੇ ਵੀ ਪਾਸ ਕੀਤੇ ਗਏ।
ਇਸ ਮੌਕੇ ਮਨਦੀਪ ਸਿੰਘ, ਬੰਸੀ ਲਾਲ, ਪਰਮਵੀਰ ਕੁਮਾਰ, ਕਪਿਲ ਗਰਗ, ਰੌਸ਼ਨ ਲਾਲ, ਰਣਜੀਤ ਸਿੰਘ, ਗੁਰਲਾਲ ਝੰਡਾ, ਕਾਲਾ ਕਾਹਨੇਵਾਲ, ਬਬਲੂ ਆਦਿ ਹਾਜ਼ਰ ਸਨ।
No comments:
Post a Comment