Sunday, 25 June 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ 16-17-18 ਸਤੰਬਰ ਨੂੰ ਫਿਲੌਰ ਵਿਖੇ ਕਰਵਾਉਣ ਦਾ ਐਲਾਨ




ਜਲੰਧਰ, 25 ਜੂਨ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਅੱਜ ਸਥਾਨਕ ਪੀ. ਸੁੰਦਰਈਆ ਮਾਰਕਸਵਾਦੀ ਅਧਿਐਨ ਕੇਂਦਰ ਵਿਖੇ ਇਕ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚੋਂ ਪੁੱਜੇ ਨੌਜਵਾਨਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਸੰਨ 1975 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਦਿਆਂ ਤਾਨਾਸ਼ਾਹੀ ਠੋਸਣ ਦਾ ਯਤਨ ਕੀਤਾ ਗਿਆ ਸੀ।


ਇਸ ਦੌਰਾਨ ਸਭਾ ਵਲੋਂ ਚੌਥਾ ਸੂਬਾਈ ਅਜਲਾਸ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ 'ਚ 16-17-18 ਸਤੰਬਰ 2017 ਨੂੰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਨੌਜਵਾਨ ਲਹਿਰ ਦੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ 18 ਸਤੰਬਰ ਨੂੰ ਹੋਈ ਸੀ।




ਸਟੱਡੀ ਸਰਕਲ 'ਚ ਇਹ ਮੁੱਦਾ ਵਿਸ਼ੇਸ਼ ਚਰਚਾ ਦਾ ਕੇਂਦਰ ਰਿਹਾ ਕਿ ਅੱਜ ਭਾਵੇਂ ਐਲਾਨੀ ਐਮਰਜੈਂਸੀ ਤਾਂ ਨਹੀਂ ਪਰ ਹਾਲਾਤ ਉਸ ਤੋਂ ਵੀ ਵਧੇਰੇ ਤਾਨਾਸ਼ਾਹੀ ਪੂਰਣ ਹਨ। ਉਸ ਵੇਲੇ ਜੋ ਮਨਆਈਆਂ ਕੇਂਦਰੀ ਬਲ, ਪੁਲਸ 'ਤੇ ਹੋਰ ਅਮਲਾ ਫੈਲਾ ਕਰਦਾ ਸੀ, ਅੱਜ ਉਹੀ ਕੁੱਝ ਘੋਰ ਫਿਰਕੂ ਅਤੇ ਜਾਤੀਵਾਦੀ ਸੋਚ ਨਾਲ ਡੰਗੇ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੀਤਾ ਜਾ ਰਿਹਾ ਹੈ। ਅਜੋਕੀ ਸਰਕਾਰ ਦੀ ਅਜਿਹੇ, ਆਪਣੇ ਆਪ ਨੂੰ ਸੰਵਿਧਾਨ/ਕਾਨੂੰਨ ਤੋਂ ਉਪਰ ਸਮਝਣ ਵਾਲੇ ਸੰਗਠਨਾਂ ਦੇ ਆਗੂਆਂ, ਜਿਨ੍ਹਾਂ 'ਚੋਂ ਅਨੇਕਾਂ ਖਿਲਾਫ ਅਪਰਾਧਕ ਮਾਮਲੇ ਵੀ ਦਰਜ ਹਨ, ਨੂੰ ਖੁੱਲ੍ਹੀ ਸਰਪ੍ਰਸਤੀ ਹਾਸਲ ਹੈ। ਐਮਰਜੈਂਸੀ ਤੋਂ ਵੀ ਅਗਾਂਹ ਜਾਂਦਿਆਂ ਇਹ ਅਨਸਰ ਆਮ ਲੋਕਾਂ ਦੇ ਸਮਾਜਿਕ-ਪਰਿਵਾਰਕ ਅਤੇ ਨਿੱਜੀ ਸਰੋਕਾਰਾਂ 'ਚ ਵੀ ਬੇਲੋੜਾ ਦਖਲ ਦਿੰਦੇ ਹਨ। ਜੇ ਉਸ ਵੇਲੇ ਸੰਵਿਧਾਨ ਤੋਂ ਉਪਰ ਸੱਤਾ ਦਾ ਕੇਂਦਰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਪਰਿਵਾਰਕ ਮੈਂਬਰ 'ਤੇ ਕਰੀਬੀ ਜੁੰਡਲੀ ਸੀ, ਤਾਂ ਅੱਜ ਅਜਿਹਾ ਸਮਾਨਅੰਤਰ ਸੱਤਾ ਕੇਂਦਰ ਨਾਗਪੁਰ ਵਿਚਲਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਦਫਤਰ ਬਣ ਚੁੱਕਾ ਹੈ। ਬੀਤੇ 'ਚ ਆਪਣੇ ਆਪ ਨੂੰ ਸੱਭਿਆਚਾਰਕ ਜਾਂ ਸਮਾਜਕ ਸੰਗਠਨ ਐਲਾਨ ਕੇ ਗੁੱਝੀਆਂ ਰਾਜਸੀ ਸਰਗਰਮੀਆਂ ਕਰਨ ਵਾਲੇ ਸੰਘ ਦਾ ਮੁੱਖੀ ਭਾਵ ਸਰ ਸੰਘਚਾਲਕ ਹੁਣ ਸ਼ਰ੍ਹੇਆਮ ਸਰਕਾਰ ਦੇ ਮੁੱਖੀ ਨੂੰ ਆਪਣੇ ਕੋਲ ਸੱਦ ਕੇ ਸ਼ਾਸ਼ਨ ਚਲਾਉਣ ਦੀਆਂ ਹਿਦਾਇਤਾਂ (ਮਾਰਗ ਦਰਸ਼ਨ) ਦਿੰਦਾ ਹੈ। ਦੇਸ਼ ਭਰ 'ਚ ਔਰਤਾਂ, ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਅਤੇ ਅਨੁਸੂਚਿਤ ਜਾਤੀਆਂ-ਜਨਜਾਤੀਆਂ 'ਤੇ ਵਰਤਾਇਆ ਜਾ ਰਿਹਾ ਕਹਿਰ ਅਣਐਲਾਨੀ ਐਮਰਜੈਂਸੀ  ਦੀ ਭੱਦੀ ਵੰਨਗੀ ਹੈ। ਜਮਹੂਰੀ, ਧਰਮ ਨਿਰਪੱਖ ਅਤੇ ਵਿਗਿਆਨਕ ਪੈਂਤੜੇ ਤੋਂ ਹਰ ਕਿਸਮ ਦੇ ਫਿਰਕੂ, ਤਾਨਾਸ਼ਾਹੀ ਅਤੇ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਵਿਰੋਧ ਕਰਨ ਵਾਲੇ ਸਭਨਾ ਨੂੰ ਚੌਤਰਫ਼ਾ ਸਰੀਰਕ-ਮਾਨਸਿਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਖਾਸ ਫਿਰਕੇ ਵਿਚਲੇ ਕੱਟੜਪੰਥੀ ਸੰਗਠਨਾਂ ਦੀ ਮੰਸ਼ਾ ਮੁਤਾਬਕ ਇਤਿਹਾਸ, ਪਾਠਕ੍ਰਮ, ਕਲਾ ਨੂੰ ਜਬਰੀ ਮੋੜਾ ਦੇਣਾ ਐਮਰਜੈਂਸੀ ਤੋਂ ਵੀ ਵਧੇਰੇ ਖਤਰਨਾਕ ਹੈ।


ਵਿਚਾਰ - ਚਰਚਾ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਇਹ ਸੀ ਕਿ ਅਜੋਕਾ ਦੌਰ ਦੁਨੀਆਂ ਭਰ 'ਚ ਸਾਮਰਾਜੀ ਦੀ ਨੰਗੀ ਚਿੱਟੀ ਦਖਲਅੰਦਾਜ਼ੀ ਅਤੇ ਦੁਨੀਆਂ ਭਰ ਦੇ ਬੇਸ਼ਕੀਮਤੀ ਖਜ਼ਾਨਿਆਂ ਦੀ ਬੇਤਰਸ ਲੁੱਟ ਦਾ ਦੌਰ ਹੈ। ਸੰਸਾਰ ਦੇ ਇਕ ਧਰੁਵੀ ਹੋ ਜਾਣ ਕਾਰਨ ਅਨੇਕਾਂ ਦੇਸ਼ਾਂ, ਖਾਸ ਕਰ ਨਵੇਂ ਆਜ਼ਾਦ ਹੋਏ ਦੇਸ਼ਾਂ ਦੀਆਂ ਸਰਕਾਰਾਂ ਸੰਸਾਰ ਸਾਮਰਾਜੀ ਦੇਸ਼ਾਂ ਦੇ ਉਕਤ ਕੋਝੇ ਮੰਤਵ 'ਚ ਪੂਰੀ ਤਰ੍ਹਾਂ ਭਾਈਵਾਲ ਅਤੇ ਮਦਦਗਾਰ ਬਣ ਚੁੱਕੀਆਂ ਹਨ। ਭਾਰਤ ਦੀ ਮੋਦੀ ਸਰਕਾਰ, ਇਸ ਵਰਤਾਰੇ ਦੀਆਂ ਸਭ ਤੋਂ ਭੱਦੀਆਂ ਮਿਸਾਲਾਂ 'ਚੋਂ ਇਕ ਹੈ। ਉਕਤ ਲੁੱਟ ਖਿਲਾਫ ਖੜ੍ਹੇ ਹੋਣ ਵਾਲੇ ਹਰ ਪੱਧਰ ਦੇ ਪ੍ਰਤੀਰੋਧ ਨੂੰ ਮੁੱਢੋਂ ਹੀ ਦਬਾ ਦੇਣ ਦੇ ਇਰਾਦੇ ਨਾਲ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕੀਤਾ ਜਾ ਰਿਹਾ ਹੈ। ਸੰਵਿਧਾਨਕ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਵਿਧਾਨਕ ਸੋਧਾਂ ਤੋਂ ਬਿਨਾਂ ਵੀ ਤਾਨਾਸ਼ਾਹੀ ਦਾ ਕਹਿਰ ਵਰਤਾਇਆ ਜਾ ਰਿਹਾ ਹੈ। ਇਹ ਅੱਜ ਅਜੋਕੇ ਦੌਰ ਦੀ ਨਵੀਂ ਅਤੇ ਉਸਤੋਂ ਵੀ ਕਿਤੇ ਵੱਧ ਜ਼ਾਲਿਮ ਕਿਸਮ ਦੀ ਐਮਰਜੈਂਸੀ ਹੈ। ਐਮਰਜੈਂਸੀ ਵਾਂਗੂ ਮੀਡੀਆ (NDTV ਆਦਿ) ਨੂੰ ਦਬਾਇਆ ਵੀ ਜਾ ਰਿਹਾ ਹੈ, ਪਰ ਕਿਤੇ ਵਧੇਰੇ ਮਾਤਰਾ 'ਚ ਪੈਸੇ ਦੇ ਜ਼ੋਰ 'ਤੇ ਮੀਡੀਆ ਦੀ ਅਵਾਜ ਖਰੀਦ ਹੀ ਲਈ ਗਈ ਹੈ। 
ਸਭਾ ਦੇ ਆਗੂਆਂ ਨੇ ਇਸ ਗੱਲ 'ਤੇ ਭਰਵੀਂ ਵਿਚਾਰ-ਚਰਚਾ ਕੀਤੀ ਕਿ ਇਸ ਹਾਲਾਤ ਜਮਹੂਰੀ, ਬਰਾਬਰਤਾ ਅਧਾਰਤ, ਧਰਮ ਨਿਰਪੱਖ, ਵਿਗਿਆਨਕ ਵਿਚਾਰਾਂ 'ਤੇ ਕਿੰਝ ਡੱਟ ਕੇ ਪਹਿਰਾ ਦਿੱਤਾ ਜਾਵੇ ਅਤੇ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਬੇਰੋਜ਼ਗਾਰੀ, ਅਨਪੜ੍ਹਤਾ, ਇਲਾਜ ਖੁਣੋਂ ਮੌਤਾਂ, ਬੇਘਰਿਆਂ ਦੀ ਨਿੱਤ ਵੱਧ ਰਹੀ ਤਾਦਾਦ, ਸੱਭਿਆਚਾਰਕ ਨਿਘਾਰ ਹਕੂਮਤੀ ਲੁੱਟ ਦਾ ਜਰੀਆ ਨਸ਼ਾਖੋਰੀ ਆਦਿ ਵਿਰੁੱਧ ਇਕ ਵਿਸ਼ਾਲ ਨੌਜਵਾਨ ਲਹਿਰ ਉਸਾਰੀ ਜਾਵੇ।

ਸਟੱਡੀ ਸਰਕਲ ਨੂੰ ਢੁੱਕਵੀਂ ਸੇਧ ਦੇਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ।

ਸਾਰਾ ਸਟੱਡੀ ਸਰਕਲ ਸਭਾ ਦੇ ਆਗੂਆਂ ਜਸਵਿੰਦਰ ਸਿੰਘ ਢੇਸੀ, ਮਨਦੀਪ ਸਿੰਘ ਰਤੀਆ, ਬਲਦੇਵ ਸਿੰਘ ਪੰਡੋਰੀ ਅਤੇ ਅਜੈ ਫਿਲੌਰ, ਮਨਜਿੰਦਰ ਢੇਸੀ, ਮਨਦੀਪ ਕੌਰ ਸ਼ਕਰੀ ਦੀ ਦੇਖ ਰੇਖ 'ਚ ਚੱਲਿਆ।
ਜਾਰੀ ਕਰਤਾ
(ਮਨਦੀਪ ਰਤੀਆ)

No comments:

Post a Comment