ਫਿਲੌਰ, 9 ਜੁਲਾਈ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾ ਪੱਧਰੀ ਇਜਲਾਸ 16 ਸਤੰਬਰ ਤੋਂ 18 ਸਤੰਬਰ ਤੱਕ ਫਿਲੌਰ 'ਚ ਅਯੋਜਿਤ ਕੀਤਾ ਜਾ ਰਿਹਾ ਹੈ, ਇਹ ਐਲਾਨ ਸਭਾ ਦੇ ਆਗੂਆਂ ਵਲੋਂ ਅੱਜ ਇੱਥੇ ਕੀਤਾ ਗਿਆ। ਸਭਾ ਦੀ ਪੰਜਾਬ-ਹਰਿਆਣਾ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸਕੱਤਰ ਮਨਦੀਪ ਰਤੀਆ ਅਤੇ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਅੱਜ ਇਥੇ ਦੱਸਿਆ ਕਿ ਸਭਾ ਵਲੋਂ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ ਨੂੰ ਸਮ੍ਰਪਿਤ ਸੂਬਾਈ ਇਜਲਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਵਲੋਂ ਇਸ ਇਜਲਾਸ ਦਾ ਲੋਗੋ ਵੀ ਰਿਲੀਜ਼ ਕੀਤਾ ਗਿਆ। ਇਸ ਮਗਰੋਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਦਰਪੇਸ਼ ਖਤਰਿਆਂ ਅਤੇ ਦਲਿਤਾਂ 'ਤੇ ਹੋ ਰਹੇ ਅਤਿਆਚਾਰਾਂ ਦੇ ਮਹੌਲ 'ਚ ਨੌਜਵਾਨਾਂ ਵਲੋਂ ਆਪਣੀਆਂ ਮੰਗਾਂ ਲਈ ਵਿਚਾਰਾਂ ਕਰਨੀਆ ਬਹੁਤ ਹੀ ਅਹਿਮ ਹੋਣਗੀਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿਰਫ ਨਸ਼ੇ ਹੀ ਨਹੀਂ ਸਗੋਂ ਨੌਜਵਾਨਾਂ 'ਤੇ ਬੇਰੁਜ਼ਗਾਰੀ ਦੀ ਤਲਵਾਰ ਲਟਕ ਰਹੀ ਹੈ, ਜਿਸ ਨਾਲ ਜਵਾਨੀ ਦਾ ਘਾਣ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਾ ਤਾਂ ਪਿਛਲੀ ਸਰਕਾਰ ਨੂੰ ਨੌਜਵਾਨਾਂ ਦਾ ਕੋਈ ਫਿਕਰ ਸੀ ਅਤੇ ਨਾ ਹੀ ਹੁਣ ਵਾਲੀ ਸਰਕਾਰ ਨੂੰ ਹੈ। ਇਸ ਤਰ੍ਹਾਂ ਹੀ ਯੂਥ ਪਾਲਿਸੀ ਅਧੀਨ ਨੌਜਵਾਨਾਂ ਦੇ ਕਲਿਆਣ ਦੀ ਕੋਈ ਹਕੀਕੀ ਤਸਵੀਰ ਨਹੀਂ ਪੇਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁਕਾਬਲੇ ਇਸ ਨੀਤੀ ਤਹਿਤ ਗੱਲਬਾਤਾਂ ਨਾਲ ਹੀ ਦੇਸ਼ ਦੇ ਨੌਜਵਾਨਾਂ ਦਾ ਢਿੱਡ ਭਰਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 16 ਸਤੰਬਰ ਦੀ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਖੁੱਲੀ ਰੈਲੀ ਹੋਵੇਗੀ ਅਤੇ ਦੋ ਦਿਨ ਨੌਜਵਾਨ ਆਪਣੇ ਮਸਲਿਆਂ 'ਤੇ ਵਿਚਾਰ ਚਰਚਾ ਕਰਨਗੇ। ਜਿਸ 'ਚ ਪੰਜਾਬ ਅਤੇ ਹਰਿਆਣਾ ਤੋਂ ਹੀ ਨਹੀਂ ਸਗੋਂ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਸਮੇਤ ਹੋਰਨਾ ਰਾਜਾਂ ਤੋਂ ਵੀ ਮਹਿਮਾਨ ਡੈਲੀਗੇਟ ਇਸ 'ਚ ਭਾਗ ਲੈਣਗੇ। ਇਸ ਮੌਕੇ ਸਭਾ ਦੇ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਸਕੱਤਰ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਤਹਿਸੀਲ ਨਕੋਦਰ ਦੇ ਆਗੂ ਦਲਵਿੰਦਰ ਕੁਲਾਰ ਆਦਿ ਵੀ ਹਾਜ਼ਰ ਸਨ।
No comments:
Post a Comment