Monday, 16 April 2001

“ਲਾਲ ਪਰਚਾ” – ਭਗਤ ਸਿੰਘ ਅਤੇ ਬੀ.ਕੇ ਦੱਤ

{08 ਅਪਰੈਲ 1929 ਨੂੰ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਦਿੱਲੀ ਅਸੈਂਬਲੀ ਵਿੱਚ ‘ਪਬਲਿਕ ਸੇਫਟੀ ਬਿੱਲ’ ਅਤੇ ‘ਟਰੇਡ ਡਿਸਪਿੳੂਟ ਬਿੱਲ’ ਦੇ ਵਿਰੋਧ ਵਿੱਚ ਬੰਬ ਸੁਟਣ ਤੋਂ ਬਾਅਦ ੲਿਹ ਪਰਚਾ ਸੁੱਟਿਅਾ। ੳੁਹ ਬੰਬ ਸੁੱਟਣ ਦਾ ਕਾਰਨ ਅਤੇ ਮਨੁੱਖੀ ਜਿੰਦਗੀ ਨਾਲ ਪਿਅਾਰ ਵਿਅੱਕਤ ਕੀਤਾ ਹੈ, ਜਿਸ ਕਾਰਨ ੳੁਹਨਾਂ ਸੱਰਿਅਾਂ ਤੋਂ ਬਗੈਰ ਬੰਬਾਂ ਨੂੰ ਵਰਤਿਅਾ}
“ਲਾਲ ਪਰਚਾ”
ਹਿੰਦਸਤਾਨ ਸਮਾਜਵਾਦੀ ਪਰਜਾਤੰਤਰ ਸੈਨਾ (ਸੂਚਨਾ)
“ਬੋਲਿਆਂ ਨੂੰ ਸੁਣਾਉਣ ਲਈ ਗਰਜ ਦੀ ਲੋੜ ਹੈ” ਇਹ ਅਮਰ ਸ਼ਬਦ ਫਰਾਂਸ ਦੇ ਇੱਕ ਬਹਾਦਰ ਅਰਾਜਕਤਾਵਾਦੀ ਸ਼ਹੀਦ ਵੈਲਿੰਨਟ ਨੇ ਇੱਕ ਇਹੋ ਜਿਹੇ ਮੌਕੇ ਤੇ ਹੀ ਆਖੇ ਸਨ। ਇਨ੍ਹਾਂ ਹੀ ਸ਼ਬਦਾਂ ਨਾਲ ਅੱਜ ਅਸੀਂ ਆਪਣੇ ਕੰਮ ਦੀ ਪ੍ਰੋੜ੍ਹਤਾ ਕਰਦੇ ਹਾਂ।
ਇੱਥੇ ਅਸੀਂ ਸੁਧਾਰਾਂ (ਮੌਨਟੈਗੋ-ਚੇਲਮਸਫੋਰਡ ਰਿਫਾਰਮ) ਦੇ ਪਿਛਲੇ ਦਸ ਵਰ੍ਹਿਆਂ ਦੇ ਬੇਇੱਜ਼ਤੀ ਭਰੇ ਇਤਿਹਾਸ ਨੂੰ ਨਹੀਂ ਦੁਹਰਾਵਾਂਗਾ ਤੇ ਨਾ ਹੀ ਇਸ ਸਭਾ ਯਾਨੀ ਅਖੌਤੀ ਪਾਰਲੀਮੈਂਟ ਰਾਹੀਂ ਭਾਰਤੀ ਕੌਮ ਦੇ ਮੱਥੇ ਜੋ ਅਪਮਾਨ ਥੋਪੇ ਗਏ ਹਨ। ਉਨ੍ਹਾਂ ਦਾ ਜ਼ਿਕਰ ਕਰਾਂਗੇ। ਅਸੀਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਜਦ ਇਹ ਲੋਕੀਂ ਸਾਈਮਨ ਕਮਿਸ਼ਨ ਤੋਂ ਹੋਰ ਕੁਝ ਸੁਧਾਰਾਂ ਦੀ ਜੂਠ ਦੀ ਆਸ ਕਰ ਰਹੇ ਹਨ ਅਤੇ ਇਨ੍ਹਾਂ ਉਡੀਕੀਆਂ ਜਾ ਰਹੀਆਂ ਹੱਡੀਆਂ ਦੀ ਵੰਡ ਲਈ ਆਪਸ ਵਿੱਚ ਲੜ ਝਗੜ ਵੀ ਰਹੇ ਹਨ, ਉਸ ਸਮੇਂ ਸਰਕਾਰ ਸਾਡੇ ਉੱਤੇ ‘ਪਬਲਿਕ ਸੇਫਟੀ ਬਿੱਲ’ ਅਤੇ ‘ਟ੍ਰੇਡ ਡਿਸਪਿਊਟ ਬਿੱਲ’ ਜਿਹੇ ਦਮਨਕਾਰੀ ਕਾਨੂੰਨ ਠੋਸ ਰਹੀ ਹੈ ਅਤੇ ਅਖਬਾਰਾਂ ਰਾਹੀਂ ਰਾਜਧ੍ਰੋਹ ਰੋਕਣ ਦਾ ਕਾਨੂੰਨ (ਪ੍ਰੈੱਸ ਸੇਡੀਸ਼ਨ ਬਿੱਲ) ਨੂੰ ਆਉਣ ਵਾਲੇ ਇਜਲਾਸਾਂ ਵਿੱਚ ਪੇਸ਼ ਕਰਨਾ ਮਿੱਥਿਆ ਗਿਆ ਹੈ ਖੁੱਲ੍ਹੇ ਤੌਰ ਤੇ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਤੋਂ ਸਾਫ ਦਿੱਸਦਾ ਹੈ ਕਿ ਹਵਾ ਦਾ ਰੁੱਖ ਕਿੱਧਰ ਹੈ।
ਇਨ੍ਹਾਂ ਬੇਹੱਦ ਭੜਕਾਊ ਹਾਲਤਾਂ ਵਿੱਚ ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ ਨੇ ਪੂਰੀ ਸੰਜੀਦਗੀ ਨਾਲ ਅਤੇ ਪੂਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ, ਇਹ ਫੈਸਲਾ ਕੀਤਾ ਹੈ, ਅਤੇ ਆਪਣੀ ਫ਼ੌਜ ਨੂੰ, ਇਹ ਵਿਸ਼ੇਸ਼ ਕੰਮ ਕਰਨ ਦਾ ਹੁਕਮ ਦਿੱਤਾ ਹੈ, ਤਾਂ ਕਿ ਇਸ ਜ਼ਲੀਲ ਕਰਨ ਵਾਲੀ ਸ਼ਕਤੀ ਨੂੰ ਠੱਲ੍ਹ ਪਾਈ ਜਾ ਸਕੇ। ਵਿਦੇਸ਼ੀ ਨੌਕਰਸ਼ਾਹੀ ਦੇ ਲੁਟੇਰੇ ਮਨਮਾਨੀ ਪਏ ਕਰਨ, ਪਰ ਉਨ੍ਹਾਂ ਦਾ ਅਸਲ ਰੂਪ ਜਨਤਾ ਸਾਹਮਣੇ ਨੰਗਾ ਕਰਨਾ ਜ਼ਰੂਰੀ ਹੈ।
ਲੋਕਾਂ ਦੇ ਪ੍ਰਤੀਨਿਧ ਆਪਣੇ ਹਲਕਿਆਂ ਨੂੰ ਵਾਪਸ ਚਲੇ ਜਾਣ ਅਤੇ ਜਨਤਾ ਨੂੰ ਆ ਰਹੇ ਇਨਕਲਾਬ ਲਈ ਤਿਆਰ ਕਰਨ। ਸਰਕਾਰ ਵੀ ਸਮਝ ਲਵੇ ਕਿ ਭਾਰਤ ਦੀ ਬੇਵੱਸ ਜਨਤਾ ਵੱਲੋਂ ਪਬਲਿਕ ਸੇਫਟੀ ਬਿੱਲ, ਟਰੇਡ ਡਿਸਪਿਊਟ ਬਿੱਲ ਅਤੇ ਲਾਲਾ ਲਾਜਪਤ ਰਾਏ ਦੇ ਵਹਿਸ਼ੀਆਨਾ ਕਤਲ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਸੀਂ ਇਸ ਇਤਿਹਾਸਕ ਸਬਕ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵਿਅਕਤੀਆਂ ਨੂੰ ਖ਼ਤਮ ਕਰ ਸਕਦੇ ਹੋ ਪਰ ਵਿਚਾਰਾਂ ਨੂੰ ਨਹੀਂ ਵਿਸ਼ਾਲ ਸਾਮਰਾਜ ਮਿੱਟੀ ਵਿੱਚ ਮਿਲ ਗਏ ਪਰ ਵਿਚਾਰ ਕਾਇਮ ਰਹੇ। ਬਰਬਨ (Bourbons) ਤੇ ਜ਼ਾਰ ਢਹਿ ਢੇਰੀ ਹੋ ਗਏ ਅਤੇ ਇਨਕਲਾਬ ਜਿੱਤ ਦੇ ਤਰਾਨੇ ਗਾਉਂਦਾ ਅੱਗੇ ਵੱਧਦਾ ਗਿਆ।
ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਦੋਂ ਮਨੁੱਖ ਪੁੂਰਣ ਸ਼ਾਂਤੀ ਤੇ ਆਜ਼ਾਦੀ ਵਿੱਚ ਵਿਚਰੇਗਾ। ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਕਲਾਬ ਅਸੀਂ ਇਨਸਾਨੀ ਖੂਨ ਡੋਲ੍ਹਣ ‘ਤੇ ਮਜਬੂਰ ਕੀਤੇ ਗਏ ਹਾਂ।
ਪਰ ਸਭਨਾਂ ਲਈ ਆਜ਼ਾਦੀ ਲਿਆਉਣ ਵਾਲੇ ਅਤੇ ਮਨੁੱਖ ‘ਹੱਥੋਂ’ ਮਨੁੱਖ ਦੀ ਲੁੱਟ ਖਸੁੱਟ ਨੂੰ ਜੜ੍ਹੋਂ ਖ਼ਤਮ ਕਰਨ ਵਾਲੇ ਮਹਾਨ ਇਨਕਲਾਬ ਦੀ ਵੇਦੀ ਉੱਤੇ ਕੁਝ ਕੁ ਵਿਅਕਤੀ ਦੀ ਬਲੀ ਅਟੱਲ ਹੈ।
ੲਿਨਕਲਾਬ ਜਿੰਦਾਬਾਦ
ਦਸਤਖਤ
ਬਲਰਾਜ
ਕਮਾਂਡਰ ਇਨ ਚੀਫ
ਹਿ.ਸ.ਪ੍ਰ.ਸ.
8.4.29

No comments:

Post a Comment