ਬੜਾ ਭਾਰੀ
ਰੌਲਾ ਇਸ ਗੱਲ ਦਾ ਸੁਣਿਆ ਜਾ ਰਿਹਾ ਹੈ ਕਿ ਪੜਨ ਵਾਲੇ ਨੌਜਵਾਨ (ਵਿਦਿਆਰਥੀ) ਰਾਜਸੀ
ਕੰਮਾਂ ਵਿਚ ਹਿੱਸਾ ਨਾ ਲੈਣ। ਪੰਜਾਬ ਗਵਰਨਮੈਂਟ ਦਾ ਰੱਬ ਬਿਲਕੁਲ ਹੀ ਨਿਆਰਾ ਹੈ।
ਵਿਦਿਆਰਥੀਆਂ ਕੋਲੋਂ ਕਾਲਜਾਂ ਵਿਚ ਦਾਖਲ ਹੋਣ ਤੋਂ ਪਹਿਲੋਂ ਇਸ ਮਤਲਬ ਦੀ ਸ਼ਰਤ ਪੁਰ ਦਸਤਖਤ
ਕਰਾਏ ਜਾਂਦੇ ਹਨ ਕਿ ਉਹ ਰਾਜਸੀ ਕੰਮਾਂ ਵਿਚ ਹਿੱਸਾ ਨਹੀਂ ਲਵੇਗਾ। ਅੱਗੇ ਤਕਦੀਰ ਸਾਡੀ
ਫੁੱਟੀ ਹੋਈ, ਲੋਕਾਂ ਵੱਲੋਂ ਚੁਣਿਆਂ ਹੋਇਆ ਮਨੋਹਰ ਲਾਲ ਜੋ ਕਿ ਹੁਣ ਵਜ਼ੀਰੇ-ਤਾਲੀਮ ਬਣਿਆ
ਹੋਇਆ ਹੈ, ਸਕੂਲਾਂ ਕਾਲਜਾਂ ਦੇ ਨਾਮ ਇੱਕ ਸਰਕੁਲਰ ਜਾਂ ਗਸ਼ਤੀ ਚਿੱਠੀ ਭੇਜਦਾ ਹੈ ਕਿ ਕੋਈ
ਪੜ੍ਹਨ ਅਤੇ ਪੜ੍ਹਾਉਣ ਵਾਲਾ ਰਾਜਨੀਤੀ ਵਿਚ ਹਿੱਸਾ ਨਾ ਲੈ ਸਕੇ। ਕੁੱਝ ਦਿਨ ਹੋਏ ਹਨ ਜਦੋਂ
ਕਿ ਲਾਹੌਰ ਵਿਚ ਸਟੂਡੈਂਟਸ ਯੂਨੀਅਨ ਜਾਂ ਵਿਦਿਆਰਥੀ ਜਥੇਬੰਦੀ ਵੱਲੋਂ ਵਿਦਿਆਰਥੀ ਹਫ਼ਤਾ
ਮਨਾਇਆ ਜਾ ਰਿਹਾ ਸੀ। ਉੱਥੇ ਵੀ ਸਰ ਅਬਦੁਲ ਕਾਦਰ ਅਤੇ ਸ਼੍ਰੀਮਾਨ ਪ੍ਰੋਫੈਸਰ ਈਸ਼ਵਰ ਚੰਦਰ
ਨੰਦਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਹਿੱਸਾ ਨਹੀਂ
ਲੈਣਾ ਚਾਹੀਦਾ।
ਪੰਜਾਬ ਰਾਜਸੀ ਮੈਦਾਨ ਵਿਚ ਸਭ
ਤੋਂ ਨਖਿੱਧ (Politically Backward) ਕਹਾਉਂਦਾ ਹੈ। ਇਸ ਦੀ ਕੀ ਵਜ੍ਹਾ ਹੈ? ਕੀ ਪੰਜਾਬ
ਨੇ ਕੁਰਬਾਨੀਆਂ ਘੱਟ ਦਿੱਤੀਆਂ ਹਨ? ਕੀ ਪੰਜਾਬ ਨੇ ਮੁਸੀਬਤਾਂ ਘੱਟ ਝੱਲੀਆਂ ਹਨ? ਫਿਰ ਵੀ
ਕੀ ਵਜ੍ਹਾ ਹੈ ਕਿ ਅਸੀਂ ਇਸ ਮੈਦਾਨ ਵਿਚ ਸਭ ਤੋਂ ਪਿੱਛੇ ਹਾਂ? ਇਸ ਦੀ ਵਜ੍ਹਾ ਸਾਫ ਹੈ
ਕਿ ਸਾਡੀ ਤਾਲੀਮ ਯਾਫਤਾ (ਉੱਚ ਵਿੱਦਿਆ ਪ੍ਰਾਪਤ) ਲੋਕੀਂ ਬਿਲਕੁਲ ਹੀ ਬੁੱਧੂ ਹਨ ਅੱਜ
ਪੰਜਾਬ ਕੌਂਸਲ ਦੀ ਕਾਰਵਾਈ ਪੜ੍ਹ ਕੇ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਇਸ ਦਾ
ਕਾਰਨ ਇਹੋ ਹੈ ਕਿ ਸਾਡੀ ਤਾਲੀਮ ਨਿਕੰਮੀ ਅਤੇ ਫਜ਼ੂਲ ਹੁੰਦੀ ਹੈ ਅਤੇ ਵਿਦਿਆਰਥੀ ਦੁਨੀਆ
ਛੱਡ ਕੇ ਆਪਣੇ ਮੁਲਕ ਦੀਆਂ ਗੱਲਾਂ ਵਿਚ ਕੋਈ ਹਿੱਸਾ ਨਹੀਂ ਲੈਂਦੇ। ਉਹਨਾਂ ਨੂੰ ਇਸ ਦੇ
ਸੰਬੰਧ ਵਿਚ ਕੁੱਝ ਵੀ ਗਿਆਨ ਨਹੀਂ ਹੁੰਦਾ।
ਜਿਨ੍ਹਾਂ ਨੌਜਵਾਨਾਂ ਨੇ ਕੱਲ੍ਹ ਨੂੰ ਮੁਲਕ ਦੀ ਵਾਗਡੋਰ ਹੱਥ ਵਿਚ ਲੈਣੀ ਹੈ ਉਹਨਾਂ ਨੂੰ
ਹੀ ਅੱਜ ਅਕਲ ਦੇ ਅੰਨ੍ਹੇ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਨਤੀਜਾ
ਨਿਕਲੇਗਾ, ਉਹ ਸਾਨੂੰ ਆਪ ਹੀ ਸਮਝ ਲੈਣਾ ਚਾਹੀਦਾ ਹੈ। ਇਹ ਅਸੀਂ ਮੰਨਦੇ ਹਾਂ ਕਿ
ਵਿਦਿਆਰਥੀ ਦਾ ਮੁੱਖ ਕੰਮ ਵਿੱਦਿਆ ਪੜ੍ਹਨਾ ਹੈ। ਉਸ ਨੂੰ ਆਪਣੀ ਸਾਰੀ ਤਵੱਜੋ ਉਸੇ ਪਾਸੇ
ਲਾ ਦੇਣੀ ਚਾਹੀਦੀ ਹੈ। ਪਰ ਕੀ ਦੇਸ਼ ਦੇ ਹਾਲਾਤ ਦਾ ਗਿਆਨ ਅਤੇ ਉਨ੍ਹਾਂ ਦੇ ਸੁਧਾਰ ਦੇ
ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਉਸੇ ਵਿੱਦਿਆ ਵਿਚ ਸ਼ਾਮਿਲ ਨਹੀਂ? ਜੇ ਨਹੀਂ ਤਾਂ ਅਸੀਂ
ਉਸ ਵਿੱਦਿਆ ਨੂੰ ਨਿਕੰਮਾ ਸਮਝਦੇ ਹਾਂ ਜੋ ਕਿ ਕੇਵਲ ਕਲਰਕੀ ਕਰਨ ਵਾਸਤੇ ਹੀ ਹਾਸਿਲ ਕੀਤੀ
ਜਾਵੇ। ਐਸੀ ਵਿੱਦਿਆ ਦੀ ਲੋੜ ਹੀ ਕੀ ਹੈ? ਕੁੱਝ ਜ਼ਿਆਦਾ ਚਲਾਕ ਆਦਮੀ ਇਹ ਕਹਿੰਦੇ ਹਨ:
”ਕਾਕਾ! ਤੁਸੀਂ ਰਾਜਨੀਤੀ ਦੇ ਮੁਤੱਲਕ, ਪੜ੍ਹੋ ਤੇ ਸੋਚੋ ਜ਼ਰੂਰ, ਪਰ ਕੋਈ ਅਮਲੀ ਹਿੱਸਾ
ਨਾ ਲਵੋ। ਕਿਉਂਕਿ ਤੁਸੀਂ ਜਿਆਦਾ ਲਾਇਕ ਹੋ ਕੇ ਦੇਸ਼ ਦੇ ਵਾਸਤੇ ਫਾਇਦੇਮੰਦ ਸਾਬਤ
ਹੋਵੋਗੇ।” ਗੱਲ ਬੜੀ ਸੋਹਣੀ ਲੱਗਦੀ ਹੈ। ਪਰ ਅਸੀਂ ਦੱਸਦੇ ਹਾਂ ਕਿ ਇਹ ਵੀ ਕੇਵਲ
ਓਪਰੀ-ਓਪਰੀ ਹੀ ਗੱਲ ਹੈ। ਇਸ ਗੱਲ ਤੋਂ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਇੱਕ ਦਿਨ ਇੱਕ
ਵਿਦਿਆਰਥੀ ਇੱਕ ਕਿਤਾਬ ”ਨੌਜਵਾਨਾਂ ਦੇ ਨਾਮ ਅਪੀਲ” ਵੱਲੋਂ ਕ੍ਰੌਪਟਿਨ (”Appeal to the
Young by Peter Kropotkin) ਪੜ੍ਹ ਰਿਹਾ ਸੀ। ਇੱਕ ਪ੍ਰੋਫੈਸਰ ਸਾਹਿਬ ਕਹਿਣ ਲੱਗੇ,
ਇਹ ਕੀ ਕਿਤਾਬ ਹੈ? ਅਤੇ ਇਹ ਤਾਂ ਕਿਸੇ ਬੰਗਾਲੀ ਦਾ ਨਾਮ ਜਾਪਦਾ ਹੈ। ਮੁੰਡਾ ਹੱਸ ਪਿਆ।
ਪ੍ਰਿੰਸ ਕੌਪਟਕਿਨ ਦਾ ਨਾਮ ਬੜਾ ਪ੍ਰਸਿੱਧ ਹੈ। ਉਹ ਅਰਥ ਸ਼ਾਸਤਰ ਦੇ ਵਿਸ਼ੇ ਦੇ ਖਾਸ ਵਿਦਵਾਨ
ਸਨ। ਆਪ ਦੇ ਨਾਮ ਤੋਂ ਵਾਕਫ਼ ਹੋਣਾ ਹਰ ਇੱਕ ਪ੍ਰੋਫੈਸਰ ਨੂੰ ਬੜਾ ਜ਼ਰੂਰੀ ਸੀ। ਪਰ
ਪ੍ਰੋਫੈਸਰ ਦੀ ਲਿਆਕਤ ‘ਤੇ ਮੁੰਡਾ ਹੱਸ ਪਿਆ ਤੇ ਉਸ ਕਿਹਾ: ਕਿ ਜੀ ਇਹ ਤਾਂ ਰੂਸੀ ਸੱਜਣ
ਸਨ। ਬੱਸ! ”ਰੂਸੀ”? ਹੋਇਆ ਕਹਿਰ! ਝੱਟ ਪ੍ਰੋਫੈਸਰ ਨੇ ਕਹਿ ਦਿੱਤਾ ਕਿ ਤੂੰ ਤਾਂ ਬਾਲਸ਼ਵਿਕ
ਹੈ, ਕਿਉਂਕਿ ਤੂੰ ਪੁਲਿਟੀਕਲ ਕਿਤਾਬਾਂ ਪੜ੍ਹਦਾ ਹੈ। ਮੈਂ ਹੁਣੇ ਹੀ ਪ੍ਰਿੰਸੀਪਲ ਨੂੰ
ਕਹਿੰਦਾ ਹਾਂ। ਦੇਖੋ ਤੁਸੀਂ ਪ੍ਰੋਫੈਸਰ ਦੀ ਲਿਆਕਤ। ਹੁਣ ਉਹਨਾਂ ਮੁੰਡਿਆਂ ਵਿਚਾਰਿਆਂ
ਉਨ੍ਹਾਂ ਕੋਲ਼ੋਂ ਕੀ ਸਿੱਖਣਾ ਹੈ? ਐਸੀ ਹਾਲਤ ਵਿਚ ਉਹ ਨੌਜਵਾਨ ਕੀ ਸਿੱਖ ਸਕਦੇ ਹਨ।
ਅਤੇ ਦੂਜੀ ਗੱਲ ਇਹ ਹੈ ਕਿ ਅਮਲੀ ਪਾਲਿਟਿਕਸ ਕੀ ਹੁੰਦਾ ਹੈ? ਮਹਾਤਮਾ ਗਾਂਧੀ, ਜਵਾਹਰ
ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਦਾ ਸਵਾਗਤ ਕਰਨਾ ਅਤੇ ਲੈਕਚਰ ਸੁਣਨਾ ਤੇ ਹੋਇਆ ਨਾ
ਅਮਲੀ ਪਾਲਿਟਿਕਸ। ਤੇ ਕਮਿਸ਼ਨ ਜਾਂ ਵਾਇਸਰਾਏ ਦਾ ਸਵਾਗਤ ਕਰਨਾ ਕੀ ਹੋਇਆ? ਕੀ ਉਹ
ਪਾਲਿਟਿਕਸ ਦਾ ਹੀ ਦੂਜਾ ਪਹਿਲੂ ਨਹੀਂ? ਸਰਕਾਰਾਂ ਅਤੇ ਮੁਲਕਾਂ ਦੇ ਇੰਤਜ਼ਾਮਾਂ ਦੇ ਮੁਤੱਲਕ
(ਸਬੰਧੀ) ਕੋਈ ਵੀ ਗੱਲ ਪਾਲਿਟਿਕਸ ਦੇ ਮੈਦਾਨ ਵਿਚ ਹੀ ਗਿਣੀ ਜਾਵੇਗੀ। ਤਾਂ ਫਿਰ ਇਹ ਵੀ
ਪਾਲਿਟਿਕਸ ਹੋਇਆ ਕਿ ਨਾ? ਕਿਹਾ ਜਾਵੇਗਾ ਕਿ ਇਸ ਤੋਂ ਸਰਕਾਰ ਖੁਸ਼ ਹੁੰਦੀ ਹੈ ਤੇ ਦੂਜੇ
ਤੋਂ ਨਰਾਜ਼? ਤੇ ਫਿਰ ਸਵਾਲ ਤਾਂ ਸਰਕਾਰ ਦੀ ਖੁਸ਼ੀ ਤੇ ਨਰਾਜ਼ਗੀ ਦਾ ਹੋਇਆ। ਕੀ ਵਿਦਿਆਰਥੀਆਂ
ਨੂੰ ਜੰਮਦਿਆਂ ਹੀ ਖੁਸ਼ਾਮਦ ਦਾ ਸਬਕ ਪੜ੍ਹਾਇਆ ਜਾਣਾ ਚਾਹੀਦਾ ਹੈ? ਅਸੀਂ ਤੇ ਸਮਝਦੇ ਹਾਂ
ਕਿ ਜਦੋਂ ਤੀਕ ਹਿੰਦੁਸਤਾਨ ਵਿਚ ਵਿਦੇਸ਼ੀ ਡਾਕੂ ਹਕੂਮਤ ਕਰ ਰਹੇ ਹਨ ਤੋਂ ਤੀਕ ਵਫ਼ਾਦਾਰੀ
ਕਰਨ ਵਾਲੇ ਵਫ਼ਾਦਾਰ ਨਹੀਂ ਬਲਕਿ ਗੱਦਾਰ ਹਨ, ਇਨਸਾਨ ਨਹੀਂ ਪਸ਼ੂ ਹਨ, ਪੇਟ ਦੇ ਗੁਲਾਮ ਹਨ।
ਤਾਂ ਅਸੀਂ ਕਿਸ ਤਰ੍ਹਾਂ ਕਹੀਏ ਕਿ ਵਿਦਿਆਰਥੀ ਵਫ਼ਾਦਾਰੀ ਦਾ ਸਬਕ ਸਿੱਖਣ।
ਸਾਰੇ ਹੀ ਮੰਨਦੇ ਹਨ ਕਿ ਹਿੰਦੁਸਤਾਨ ਨੂੰ ਇਸ ਵੇਲੇ ਦੇਸ਼ ਸੇਵਕਾਂ ਦੀ ਲੋੜ ਹੈ, ਜੋ ਤਨ
ਮਨ ਧਨ ਦੇਸ਼ ਤੋਂ ਵਾਰ ਦੇਣ ਅਤੇ ਪਾਗਲਾਂ ਵਾਂਗ ਸਾਰੀ ਉਮਰ ਦੇਸ਼ ਦੀ ਆਜ਼ਾਦੀ ਦੀ ਖਾਤਰ
ਨਿਛਾਵਰ ਕਰ ਦੇਣ। ਪਰ ਕੀ ਬੁੱਢਿਆਂ ਵਿਚੋਂ ਵੀ ਇਹੋ ਜਿਹੇ ਆਦਮੀ ਮਿਲ ਸਕਣਗੇ? ਕੀ ਟੱਬਰਾਂ
ਦੇ ਤੇ ਦੁਨੀਆਦਾਰੀ ਦੇ ਟੰਟਿਆਂ ਵਿਚ ਫਸੇ ਹੋਏ ਸਿਆਣੇ ਲੋਕਾਂ ਵਿਚੋਂ ਇਹੋ ਜਿਹੇ ਨਿਕਲ
ਸਕਣਗੇ? ਇਹ ਤਾਂ ਉਹ ਨੌਜਵਾਨ ਹੀ ਨਿਕਲ ਸਕਦੇ ਹਨ, ਜਿਨ੍ਹਾਂ ਨੂੰ ਕੋਈ ਜੰਜਾਲ ਨਾ ਪਏ ਹੋਏ
ਹੋਣ ਅਤੇ ਜੰਜਾਲਾਂ ਵਿਚ ਪੈਣ ਤੋਂ ਪਹਿਲੋਂ ਵਿਦਿਆਰਥੀ ਜਾਂ ਹੋਰ ਨੌਜਵਾਨ ਤਦੇ ਹੀ ਸੋਚ
ਸਕਦੇ ਹਨ ਜੇ ਉਨ੍ਹਾਂ ਨੇ ਕੁੱਝ ਅਸਲੀ ਇਲਮ ਵੀ ਹਾਸਿਲ ਕੀਤਾ ਹੋਵੇ। ਨਿਰੇ ਹਿਸਾਬ ਤੇ
ਜੁਗਰਾਫ਼ੀਏ ਨੂੰ ਹੀ ਇਮਤਿਹਾਨ ਦੇ ਪਰਚਿਆਂ ਵਾਸਤੇ ਘੋਟੇ ਨਾ ਲਾਏ ਹੋਏ ਹੋਣ।
ਕੀ ਇੰਗਲੈਂਡ ਦੇ ਸਾਰੇ ਵਿਦਿਆਰਥੀਆਂ ਦਾ ਕਾਲਜ ਛੱਡ ਕੇ ਜਰਮਨੀ ਦੇ ਬਰਖ਼ਿਲਾਫ ਲੜਨ ਤੁਰ
ਜਾਣਾ ਪਾਲਿਟਿਕਸ ਨਹੀਂ ਸੀ? ਓਦੋਂ ਸਾਡੇ ਉਪਦੇਸ਼ਕ ਕਿੱਥੇ ਸਨ? ਉਨ੍ਹਾਂ ਨੂੰ ਕਹਿੰਦੇ ਕਿ
ਜਾਓ ਜਾ ਕੇ ਹਾਲੇ ਵਿੱਦਿਆ ਹਾਸਿਲ ਕਰੋ। ਅੱਜ ਕੌਮੀ ਕਾਲਜ ਅਹਿਮਦਾਬਾਦ ਦੇ ਜੋ ਲੜਕੇ
ਸੱਤਿਆਗ੍ਰਹਿ ਵਿਚ ਬਾਰਦੌਲੀ ਵਾਲਿਆਂ ਦੀ ਸਹਾਇਤਾ ਕਰ ਰਹੇ ਹਨ, ਕੀ ਉਹ ਐਵੇਂ ਮੂਰਖ ਹੀ
ਰਹਿ ਜਾਣਗੇ? ਦੇਖਾਂਗੇ ਉਹਨਾਂ ਦੇ ਮੁਕਾਬਲੇ ਵਿਚ ਪੰਜਾਬ ਦੀ ਯੂਨੀਵਰਸਿਟੀ ਕਿੰਨੇ ਕੁ
ਲਾਇਕ ਆਦਮੀ ਪੈਦਾ ਕਰਦੀ ਹੈ। ਸਾਰੇ ਹੀ ਮੁਲਕਾਂ ਨੂੰ ਆਜ਼ਾਦ ਕਰਾਉਣ ਵਾਲੇ ਉੱਥੋਂ ਦੇ
ਵਿਦਿਆਰਥੀ ਅਤੇ ਨੌਜਵਾਨ ਹੀ ਹੋਇਆ ਕਰਦੇ ਹਨ। ਕੀ ਹਿੰਦੁਸਤਾਨ ਦੇ ਨੌਜਵਾਨ ਵੱਖਰੇ ਰਹਿ ਕੇ
ਆਪਣੀ ਅਤੇ ਆਪਣੇ ਦੇਸ਼ ਦੀ ਹਸਤੀ ਬਚਾ ਸਕਣਗੇ? ਨੌਜਵਾਨਾਂ ਨੂੰ 1919 ਵਿਚ ਵਿਦਿਆਰਥੀਆਂ
ਤੇ ਢਾਹੇ ਗਏ ਜ਼ੁਲਮ ਭੁੱਲ ਨਹੀਂ ਸਕਦੇ। ਉਹ ਇਹ ਵੀ ਸਮਝਦੇ ਹਨ ਕਿ ਇੱਕ ਭਾਰੀ ਇਨਕਲਾਬ ਦੀ
ਜ਼ਰੂਰਤ ਹੈ। ਉਹ ਪੜ੍ਹਨ ਜ਼ਰੂਰ ਪੜ੍ਹਨ! ਨਾਲ ਹੀ ਪਾਲਿਟਿਕਸ ਦਾ ਵੀ ਗਿਆਨ ਹਾਸਿਲ ਕਰਨ, ਅਤੇ
ਜਦੋਂ ਜ਼ਰੂਰਤ ਆ ਪਵੇ ਉਦੋਂ ਮੈਦਾਨ ਵਿਚ ਆ ਕੁੱਦਣ ਅਤੇ ਆਪਣੀਆਂ ਜ਼ਿੰਦਗੀਆਂ ਇਸੇ ਕੰਮ ਵਿਚ
ਲਾ ਦੇਣ। ਆਪਣੀਆਂ ਜਾਨਾਂ ਇਸੇ ਕੰਮ ਵਿਚ ਦੇ ਦੇਣ! ਵਰਨਾ ਕੋਈ ਬਚਣ ਦਾ ਉਪਾਅ ਨਜ਼ਰ ਨਹੀਂ
ਆਉਂਦਾ।
No comments:
Post a Comment