Sunday, 15 April 2001

ਅਛੂਤ ਦਾ ਸਵਾਲ – ਭਗਤ ਸਿੰਘ

ਸਾਡੇ ਮੁਲਕ ਜਿੰਨੀ ਭੈੜੀ ਹਾਲਤ ਹੋਰ ਕਿਸੇ ਮੁਲਕ ਦੀ ਨਹੀਂ ਹੋਣੀ। ਇੱਥੇ ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹਨ। ਇੱਕ ਬੜਾ ਭਾਰੀ ਸਵਾਲ ਅਛੂਤ ਦਾ ਸਵਾਲ ਹੈ। ਸਵਾਲ ਇਹ ਕੀਤਾ ਜਾਂਦਾ ਹੈ ਕਿ ਤੀਹ ਕਰੋੜ ਦੀ ਅਬਾਦੀ ਵਾਲੇ ਮੁਲਕ ਵਿਚ 6 ਕਰੋੜ ਆਦਮੀ ਜੋ ਅਛੂਤ ਕਹਾਉਂਦੇ ਹਨ, ਉਹਨਾਂ ਨੂੰ ਛੁਹ ਲੈਣ ਨਾਲ ਧਰਮ ਭ੍ਰਿਸ਼ਟ ਤਾਂ ਨਾ ਹੋਵੇਗਾ? ਕੀ ਉਹਨਾਂ ਨੂੰ ਮੰਦਰਾਂ ਵਿਚ ਜਾਣ ਦੇਣ ਨਾਲ ਦੇਵਤੇ ਨਾਰਾਜ਼ ਤੇ ਨਾ ਹੋ ਜਾਣਗੇ? ਕੀ ਉਹਨਾਂ ਵਲੋਂ ਖੂਹ ਵਿਚੋਂ ਪਾਣੀ ਕੱਢ ਲੈਣ ਨਾਲ ਖੂਹ ਪਲੀਤ ਤੇ ਨਹੀਂ ਹੋ ਜਾਵੇਗਾ? ਇਹ ਸਵਾਲ ਵੀਹਵੀਂ ਸਦੀ ਵਿਚ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸੁਣਦਿਆਂ ਹੀ ਸ਼ਰਮ ਆਉਂਦੀ ਹੈ।
       ਸਾਡਾ ਮੁਲਕ ਬੜਾ ਹੀ ਅਧਿਆਤਮਵਾਦੀ ਹੈ ਯਾਨੀ ਰੂਹਾਨਿਯਤ ਪਸੰਦ ਹੈ। ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋਂ ਵੀ ਝਕਦੇ ਹਾਂ, ਤੇ ਉਹ ਬਿਲਕੁੱਲ ਹੀ ਮਾਇਆਵਾਦੀ ਕਹਾਉਣ ਵਾਲਾ ਯੂਰਪ ਕਈ ਸਦੀਆਂ ਤੋਂ ਇੱਕਮਈ ਦਾ ਸ਼ੋਰ ਮਚਾ ਰਿਹਾ ਹੈ। ਉਨਾਂ ਨੇ Equality (ਬਰਾਬਰੀ) ਦਾ ਐਲਾਨ ਅਮਰੀਕਾ ਅਤੇ ਫ਼ਰਾਂਸ ਦੇ ਇਨਕਲਾਬ ਵਿਚ ਹੀ ਕਰ ਦਿੱਤਾ ਸੀ ਤੇ ਅੱਜ ਰੂਸ ਨੇ ਹੋਰ ਵੀ ਕਿਸੇ ਕਿਸਮ ਦਾ ਭਿੰਨ ਭੇਦ ਮਿਟਾਉਣ ਦੀ ਖਾਤਰ ਇੱਕਮਈ ਦੇ ਅਸੂਲ ‘ਤੇ ਲੱਕ ਬੱਧਾ ਹੋਇਆ ਹੈ ਤੇ ਅਸੀਂ ਅਸੀਂ ਸਦਾ ਹੀ ਆਤਮਾ ਪ੍ਰਮਾਤਮਾਂ ਦੇ ਹੀ ਰੋਣੇ ਰੋਣ ਵਾਲੇ ਅੱਜ ਵੀ ਇਸ ਗੱਲ ‘ਤੇ ਉੱਤੇ ਜੋਰ ਨਾਲ ਬਹਿਸਾਂ ਕਰਕੇ ਕਿ ਕੀ ਅਛੂਤਾਂ ਨੂੰ ਜਨੇਊ ਦੇ ਦਿੱਤਾ ਜਾਵੇਗਾ, ਕੀ ਉਹ ਵੇਦ ਸ਼ਾਸ਼ਤਰ ਪੜ੍ਹਨ ਦੇ ਹੱਕਦਾਰ ਹਨ ਕਿ ਨਹੀਂ! ਅਸੀਂ ਨਾ ਮਨਜ਼ੂਰ ਕਰ ਦਿੰਦੇ ਹਾਂ ਅਤੇ ਸਾਨੂੰ ਸ਼ਿਕਾਇਤ ਇਹ ਹੈ ਕਿ ਦੂਜੇ ਦੇਸ਼ਾਂ ਵਿਚ ਸਾਡੇ ਨਾਲ ਚੰਗਾ ਸਲੂਕ ਨਹੀਂ ਹੁੰਦਾ। ਗੋਰੇਸ਼ਾਹੀ ਵਿਚ ਸਾਨੂੰ ਗੋਰੇ ਬਰਾਬਰ ਨਹੀਂ ਸਮਝਿਆ ਜਾਂਦਾ ਸਾਨੂੰ ਇਹ ਸ਼ਿਕਾਇਤ ਕਰਨ ਦਾ ਹੱਕ ਹੀ ਕੀ ਹੈ?
ਸਿੰਧ ਦੇ ਇੱਕ ਮੁਸਲਮਾਨ ਸੱਜਣ, ਮਿ. ਨੂਰ ਮੁਹੰਮਦ, ਮੈਂਬਰ ਬੰਬਈ ਕੌਂਸਲ ਨੇ ਇਸ ਮਸਲੇ ਬਾਰੇ 1926 ਵਿਚ ਖੂਬ ਕਿਹਾ ਸੀ :-
“if the Hindu Society refuses to allow other human beings, fellow creatures so that to attend public schools, and if….the president of local board representing so many lakhs of people in this house refuses to ’allow his fellows and brothers the elementary human right of having water to drink, what right have they to ask for more rights from the bureaucracy?Before we accuse people coming from other lands, we should see how we ourselves behave toward our own people… .How can we ask for greater political rights when we ourselves deny elementary rights of human beings.”

      ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਇੱਕ ਇਨਸਾਨ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਵੀ ਇਨਕਾਰੀ ਹੋ ਜਾਂ, ਜਦੋਂ ਤੁਸੀਂ ਉਨਾਂ ਨੂੰ ਮਦਰਸੇ ਵਿਚ ਪੜ੍ਹਨ ਵੀ ਨਹੀਂ ਦੇਂਦੇ, ਤਾਂ ਤੁਹਾਡਾ ਕੀ ਹੱਕ ਬਣਦਾ ਹੈ ਕਿ ਆਪਣੇ ਵਾਸਤੇ ਹੋਰ ਹੱਕੂਕ (ਹੱਕ) ਮੰਗੋ? ਜਦੋਂ ਤੁਸੀਂ ਇੱਕ ਇਨਸਾਨ ਦੇ ਸਾਧਰਨ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ, ਤਾਂ ਤੁਸੀਂ ਹੋਰ ਪੁਲੀਟੀਕਲ ਹੱਕ ਮੰਗਣ ਦੇ ਅਧਿਕਾਰੀ ਕਿਵੇਂ ਬਣ ਗਏ?ਗੱਲ ਬੜੀ ਸੱਚੀ ਹੈ, ਪਰ ਚੂੰਕਿ ਇੱਕ ਮੁਸਲਮਾਨ ਨੇ ਇਹ ਗੱਲ ਕਹੀ ਹੈ,ਇਸ ਵਾਸਤੇ ਹਿੰਦੂ ਇਹ ਕਹਿਣ ਲੱਗ ਪੈਂਦੇ ਹਨ, ਦੇਖੋ ਜੀ, ਉਹ ਉਹਨਾਂ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ਵਿੱਚ ਰਲਾਉਣਾ ਚਾਹੁੰਦੇ ਹਨ। ਉਹਨਾਂ ਤੇ ਸਾਫ ਮੰਨ ਲਿਆ ਹੈ ਕਿ ਜਦੋਂ ਤੁਸੀ ਉਹਨਾਂ ਨੂੰ ਇਸ ਤਰਾਂ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਾਰਿਆ ਸਮਝੋਗੇ ਤੇ ਉਹ ਜਰੂਰ ਹੀ ਦੂਜੇ ਮਜ੍ਹਬਾਂ ਵਿੱਚ ਸ਼ਾਮਲ ਹੋਣਗੇ। ਜਿਨ੍ਹਾਂ ਵਿੱਚ ਉਨਾਂ ਨੂੰ ਵਧੇਰੇ ਅਧਿਕਾਰ ਮਿਲਣਗੇ, ਜਿੱਥੇ ਕਿ ਉਹਨਾਂ ਨਾਲ ਆਦਮੀਆਂ ਵਰਗਾ ਸਲੂਕ ਕੀਤਾ ਜਾਵੇਗਾ। ਫਿਰ ਇਹ ਕਹਿਣਾ ਕਿ ਦੇਖੋ ਜੀ ਈਸਾਈ ਅਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜ਼ੂਲ ਹੋਵੇਗਾ।
       ਕਿੰਨੀ ਸੱਚੀ ਗੱਲ ਹੈ, ਪਰ ਇਹ ਸੁਣ ਕੇ ਸਾਰੇ ਤੜਪ ਉਠੱਦੇ ਹਨ। ਖੈਰ ! ਠੀਕ ਏਸੇ ਗੱਲ ਦਾ ਫਿਕਰ ਹਿੰਦੂਆਂ ਨੂੰ ਵੀ ਪਿਆ। ਸਨਾਤਨੀ ਪੰਡਤ ਵੀ ਇਸ ਮਸਲੇ ‘ਤੇ ਸੋਚਾਣ ਲੱਗੇ। ਵਿਚ-ਵਿਚ ਵੱਡੇ “ਯੁੱਗ ਪਲਟਾਊ’ ਕਹਾਉਣ ਵਾਲੇ ਵੀ ਸ਼ਾਮਿਲ ਹੋਏ। ਪਟਨਾ ਵਿਚ ਹਿੰਦੂ ਮਹਾਂਸਭਾ ਹੋਈ। ਲਾਲਾ ਲਾਜਪਾਤ ਰਾਏ, ਜਿਹੜੇ ਕਿ ਅਛੂਤਾਂ ਦੇ ਬੜੇ ਪੁਰਾਣੇ ਹਮਾਇਤੀ ਚਲੇ ਆਉਂਦੇ ਹਨ, ਪ੍ਰਧਾਨ ਸਨ। ਬੜੀ ਬਹਿਸ ਛਿੜੀ, ਗਰਮਾ-ਗਰਮ ਝੜਪਾਂ ਹੋਈਆਂ, ਮਾਮਲਾ ਇਹ ਦਰਪੇਸ਼ ਸੀ ਕਿ ਕੀ ਅਛੂਤਾਂ ਨੂੰ ਯਗੋ-ਪਵੀਤ (ਜਨੇਊ) ਪਾਉਣ ਦਾ ਹੱਕ ਹੈ? ਤੇ ਕੀ ਉਨਾਂ ਨੂੰ ਵੇਦ ਸ਼ਾਸਤਰ ਪੜ੍ਹਨ ਦਾ ਹੱਕ ਹੈ? ਬੜੇ-ਬੜੇ Reformer (ਸਮਾਜ ਸੁਧਾਰਕ) ਗਰਮ ਹੋ ਪਏ, ਪਰ ਲਾਲਾ ਜੀ ਨੇ ਸਾਰਿਆਂ ਨੂੰ ਸਮਝਾ ਲਿਆ ਅਤੇ ਇਹ ਦੋਵੇਂ ਗੱਲਾਂ ਮਨਜੂਰ ਕਰ ਕੇ ਹਿੰਦੂ ਧਰਮ ਦੀ ਲਾਜ ਰੱਖ ਲਈ। ਨਹੀਂ ਤਾਂ ਕਿੱਥੇ ਠਿਕਾਣਾ ਸੀ, ਜਰਾ ਸੋਚੋ ਤਾਂ ਸਹੀ ਕਿੱਡੀ ਸ਼ਰਮ ਦੀ ਗੱਲ ਹੈ। ਕੁੱਤਾ ਸਾਡੀ ਗੋਦ ਵਿਚ ਬੈਠ ਸਕਦਾ ਹੈ, ਸਾਡੇ ਚੌਂਕੇ ਵਿੱਚ ਨਿਸ਼ੰਗ ਫਿਰ ਸਕਦਾ ਹੈ, ਪਰ ਇੱਕ ਪਰ ਇੱਕ ਆਦਮੀ ਸਾਡੇ ਨਾਲ ਛੂਹ ਜਾਵੇ ਤਾਂ ਬੱਸ ਧਰਮ ਖਰਾਬ ਹੋ ਜਾਂਦਾ ਹੈ, ਫੇਰ ਤਾਂ ਪੰਡਤ ਮਾਲਵੀਆ ਜੈਸੇ ਬੜੇ ਸਮਾਜ ਸੁਧਾਰਕ, ਅਛੂਤਾਂ ਦੇ ਬਹੁਤ ਬੜੇ ਪ੍ਰੇਮੀ ਤੇ ਹੋਰ ਵੀ ਨਾ ਜਾਣੇ ਕੀ- ਪਹਿਲੋਂ ਇੱਕ ਚੂਹੜੇ ਦੇ ਹੱਥੋਂ ਹਾਰ ਪੁਆ ਲੇਂਦੇ ਹਨ, ਪਿੱਛੋਂ ਕੱਪੜਿਆਂ ਸਮੇਤ ਇਸ਼ਨਾਨ ਕੀਤਿਆ ਬਿਨ੍ਹਾਂ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਹਨ। ਕਿਆ ਖੂਬ ਇਹ ਚਾਲ ਹੈ ਸਭ ਨੂੰ ਪਿਆਰ ਕਰਨ ਵਾਲਾ ਰੱਬ! ਉਸ ਦੀ ਪੂਜਾ ਕਰਨ ਵਾਸਤੇ ਜੋ ਮੰਦਰ ਬਣਿਆ ਹੈ, ਉੱਥੇ ਅਗਰ ਉਹ ਗਰੀਬ ਜਾ ਵੜੇ ਤਾਂ ਮੰਦਰ ਪਲੀਤ ਹੋ ਜਾਂਦਾ ਹੈ, ਰੱਬ ਨਾਰਾਜ਼ ਹੋ ਜਾਂਦਾ ਹੈ। ਘਰ ਦੀ ਇਹ ਹਾਲਤ ਹੋਵੇ ਤੇ ਬਾਹਰ ਅਸੀਂ Equality ਜਾਂ ਬਰਾਬਰੀ ਦੇ ਨਾਮ ‘ਤੇ ਝਗੜਦੇ ਚੰਗੇ ਲੱਗਦੇ ਹਾਂ? ਫਿਰ ਸਾਡੇ ਰਵੱਈਏ ਵਿਚ ਕ੍ਰਿਤਘਣਤਾ ਦੀ ਹੱਦ ਪਾਈ ਜਾਂਦੀ ਹੈ। ਜੋ ਸਾਡੇ ਵਾਸਤੇ ਨੀਚ ਤੋਂ ਨੀਚ ਕੰਮ ਕਰਕੇ ਸਾਡੇ ਸੁੱਖਾਂ ਵਿਚ ਵਾਧਾ ਕਰਦੇ ਹਨ, ਉਨਾਂ ਨੂੰ ਹੀ ਅਸੀਂ ਪਰੇ-ਪਰੇ ਕਰਦੇ ਹਾਂ। ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ, ਪਰ ਇਨਸਾਨ ਨੂੰ ਕੋਲ ਵੀ ਨਹੀਂ ਬਿਠਾ ਸਕਦੇ ?
       ਅੱਜ ਇਸ ਸਵਾਲ ‘ਤੇ ਬਹੁਤ ਸ਼ੋਰ ਹੋ ਰਿਹਾ ਹੈ: ਉਨਾਂ ਵਿਚਾਰਿਆਂ ਵੱਲ ਅੱਜ-ਕੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਮੁਲਕ ਵਿਚ ਆਜ਼ਾਦੀ ਦਾ ਜੋ ਵਿਕਾਸ ਹੋ ਰਿਹਾ ਹੈ, ਉਸ ਵਿਚ ਫਿਰਕਾਵਾਰਾਨਾ ਨਿਆਬੁਤ ਨੇ ਹੋਰ ਕੋਈ ਫਾਇਦਾ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਇਹ ਫਾਇਦਾ ਜ਼ਰੂਰ ਕੀਤਾ ਹੈ ਕਿ ਵਧੀਕ ਹਕੂਕ ਮੰਗਣ ਵਾਸਤੇ ਆਪਣੀ ਕੌਮ ਦੀ ਗਿਣਤੀ ਵਧਾਉਣ ਦਾ ਫਿਕਰ ਸਭਨਾਂ ਨੂੰ ਪਿਆ। ਮੁਸਲਮਾਨਾਂ ਨੇ ਜ਼ਰਾ ਵਧੇਰੇ ਜ਼ੋਰ ਦਿੱਤਾ। ਉਹਨਾਂ ਅਛੂਤਾਂ ਨੂੰ ਮੁਸਲਮਾਨ ਬਣਾ-ਬਣਾ ਕੇ ਆਪਣੇ ਬਰਾਬਰ ਦੇ ਇਨਸਾਨ ਬਣਾ ਕੇ ਉਨਾਂ ਨੂੰ ਆਦਮੀ ਦੇ ਹਕੂਕ ਦੇਣੇ ਸ਼ੁਰੂ ਕਰ ਦਿੱਤੇ। ਹੁਣ ਹਿੰਦੂਆਂ ਦੇ ਵੀ ਸੱਟ ਵੱਜੀ। ਜ਼ਿਦ ਵਧੀ। ਫ਼ਸਾਦ ਵੀ ਹੋਏ। ਖ਼ੈਰ! ਹੌਲੀ-ਹੌਲੀ ਸਿੱਖਾਂ ਵਿੱਚ ਵੀ ਖਿਆਲ ਪੈਦਾ ਹੋਇਆ ਕਿ ਅਸੀਂ ਨਾ ਪਿੱਛੇ ਰਹਿ ਜਾਈਏ। ਉਨਾਂ ਵੀ ਅੰਮ੍ਰਿਤ ‘ਛਕਾਉਣਾ’ ਸ਼ੁਰੂ ਕਰ ਦਿੱਤਾ। ਹਿੰਦੂਆਂ ਸਿੱਖਾਂ ਵਿਚ ਅਛੂਤਾਂ ਦੇ ਜਨੇਊ ਲਾਹੁਣ ਜਾਂ ਕੇਸ ਕਟਾਵਾਉਣ ਦੇ ਸਵਾਲਾਂ ‘ਤੇ ਝਗੜੇ ਹੋਏ। ਹੁਣ ਤਿੰਨੇ ਕੌਮਾਂ ਉਹਨਾਂ ਨੂੰ ਆਪਣੇ ਆਪਣੇ ਵੱਲ ਖਿੱਚ ਰਹੀਆਂ ਹਨ ਤੇ ਬੜਾ ਸ਼ੋਰ ਸ਼ਰਾਬਾ ਹੈ। ਓਧਰ ਈਸਾਈ ਚੁੱਪ-ਚਾਪ ਉਨਾਂ ਦਾ ਰੁਤਬਾ ਵਧਾ ਰਹੇ ਹਨ। ਇਸ ਸਾਰੀ ਹਲ ਚਲ ਨਾਲ ਹਿੰਦੋਸਤਾਨ ਦੀ ਲਾਹਨਤ ਦੂਰ ਹੋ ਰਹੀ ਹੈ।
       ਇਧਰ ਜਦ ਅਛੂਤਾਂ ਨੇ ਦੇਖਿਆ ਕੀ ਸਾਡੀ ਖਾਤਰ ਇਨਾਂ ਵਿੱਚ ਫ਼ਸਾਦ ਹੋ ਰਿਹਾ ਹੈ ਅਤੇ ਹਰ ਕੋਈ ਸਾਨੂੰ ਹਰ ਕੋਈ ਆਪਣੀ ਆਪਣੀ ਖ਼ੁਰਾਕ ਸਮਝ ਰਿਹਾ ਹੈ, ਤਾਂ ਅਸੀਂ ਜੁਦੇ ਹੀ ਕਿਉਂ ਨਾ ਸੰਗਠਤ ਹੋਈਏ। ਇਸੇ ਖਿਆਲ ਨੂੰ ਸ਼ੁਰੂ ਕਰਨ ਵਿੱਚ ਸਰਕਾਰ ਅੰਗਰੇਜ਼ੀ ਦਾ ਕੋਈ ਹੱਥ ਹੋਵੇ ਜਾਂ ਨਾ ਹੋਵੇ, ਏਨਾ ਜ਼ਰੂਰ ਹੈ ਕਿ ਉਸ ਦੇ ਪ੍ਰਚਾਰ ਵਿਚ ਸਰਕਾਰੀ ਆਦਮੀਆਂ ਦਾ ਵੀ ਕਾਫੀ ਹੱਥ ਹੈ ਸੀ। ਆਦਿ ਧਰਮ ਮੰਡਲ ਆਦਿਕ ਉਸੇ ਵਿਚਾਰ ਦੇ ਪ੍ਰਚਾਰ ਦਾ ਨਤੀਜਾ ਹਨ।
       ਹੁਣ ਇੱਕ ਸਵਾਲ ਹੋਰ ਉੱਠਦਾ ਹੈ ਕਿ ਇਸ ਮਸਲੇ ਦਾ ਠੀਕ-ਠੀਕ ਹੱਲ ਕੀ ਹੈ? ਇਸ ਦਾ ਜਵਾਬ ਬੜਾ ਸੈਹਲ ਹੈ। ਸਭ ਤੋਂ ਪਹਿਲਾਂ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਭ ਇਨਸਾਨ ਇਕੋ ਜਿਹੇ ਹਨ ਅਤੇ ਨਾ ਤੇ ਜਨਮ ਨਾਲ ਕੋਈ ਭਿੰਨ ਭੇਦ ਪੈਂਦਾ ਹੈ ਤੇ ਨਾ ਕੰਮਕਾਜ ਨਾਲ। ਯਾਨੀ ਚੂੰਕਿ ਇੱਕ ਆਦਮੀ ਗਰੀਬ ਭੰਗੀ ਦੇ ਘਰ ਪੈਦਾ ਹੋ ਗਿਆ ਹੈ, ਇਸ ਕਰਕੇ ਸਾਰੀ ਉਮਰ ਟੱਟੀਆਂ ਹੀ ਸਾਫ ਕਰੇਗਾ ਅਤੇ ਦੁਨੀਆਂ ਵਿਚ ਕਿਸੇ ਕਿਸਮ ਦੀ ਤਰੱਕੀ ਦਾ ਉਸਨੂੰ ਕੋਈ ਹੱਕ ਨਹੀਂ। ਇਹ ਗੱਲਾਂ ਫਜੂਲ ਹਨ। ਇਹਨਾਂ ਵਰਗਿਆਂ ਆਦਮੀਆਂ ਨਾਲ ਜਦੋਂ ਸਾਡੇ ਬਜ਼ੁਰਗ ਆਰੀਅਨ ਲੋਕਾਂ ਨੇ ਇਹ ਜ਼ੁਲਮ ਕੀਤਾ ਅਤੇ ਉਹਨਾਂ ਨੂੰ ਨੀਚ ਕਹਿ ਕੇ ਪਰ੍ਹੇ ਕਰ ਦਿੱਤਾ ਅਤੇ ਨੀਚ ਕੰਮ ਕਰਵਾਉਣ ਲੱਗ ਪਏ ਅਤੇ ਨਾਲ ਹੀ ਇਹ ਵੀ ਫਿਕਰ ਪਿਆ ਕਿ ਇਹ ਬਗਾਵਤ ਨਾ ਕਰ ਦੇਣ, ਤਦੋਂ ਪੁਨਰ-ਜਨਮ ਦੀ ਫਿਲਾਸਫੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਤੁਹਾਡੇ ਪੁਰਾਣੇ ਜਨਮ ਦੇ ਪਾਪਾਂ ਦਾ ਫਲ ਹੈ। ਕੀ ਹੋ ਸਕਦਾ ਹੈ? ਚੁੱਪ ਕਰਕੇ ਕਰੋ। ਇਸ ਤਰਾਂ ਉਹਨਾਂ ਨੂੰ ਸਬਰ ਦਾ ਸਬਕ ਪੜ੍ਹਾ ਕੇ ਉਹ ਲੋਕੀ ਇਨ੍ਹਾਂ ਨੂੰ ਚਿਰ ਵਾਸਤੇ ਚੁੱਪ ਕਰਵਾ ਗਏ। ਪਰ ਉਹਨਾਂ ਬੜਾ ਪਾਪ ਕੀਤਾ। ਇਨਸਾਨਾਂ ਦੇ ਅੰਦਰੋਂ ਇਨਸਾਨੀਅਤ ਦਾ ਮਾਦਾ ਆਤਮ-ਵਿਸ਼ਵਾਸ਼, ਅਤੇ ਆਤਮ-ਨਿਰਭਰਤਾ ਦਾ ਭਾਵ ਮਾਰ ਸੁੱਟਿਆ। ਬੜਾ ਜ਼ੁਲਮ ਤੇ ਕਹਿਰ ਕਮਾਇਆ। ਖੈਰ, ਅੱਜ ਉਹਦੇ ਪਰਾਸ਼ਚਿਤ ਦਾ ਵੇਲਾ ਹੈ।
       ਇਸੇ ਦੇ ਨਾਲ ਹੀ ਇੱਕ ਹੋਰ ਖਰਾਬੀ ਪੈਦਾ ਹੋ ਗਈ। ਲੋਕਾਂ ਦੇ ਦਿਲਾਂ ਵਿੱਚ ਜ਼ਰੂਰੀ ਕੰਮਾਂ ਵਾਸਤੇ ਘਿਰਣਾ ਪੈਦਾ ਹੋ ਗਈ। ਅਸੀਂ ਜੁਲਾਹੇ ਨੂੰ ਵੀ ਪਰੇ ਦੁਰਕਾਰ ਦਿੱਤਾ ਅਤੇ ਅੱਜ ਕੱਪੜਾ ਬੁਣਨ ਵਾਲੇ ਅਛੂਤ ਸਮਝੇ ਜਾਂਦੇ ਹਨ। ਯੂ.ਪੀ. ਵੱਲ ਕਹਾਰ (ਝੀਰ) ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇਸ ਨਾਲ ਬੜੀ ਖਰਾਬੀ ਪੈਦਾ ਹੋ ਗਈ, ਜਿਸ ਨਾਲ ਸਾਡੀ ਤਰੱਕੀ ਵਿਚ ਬੜੀ ਰੁਕਾਵਟ ਪੈਂਦੀ ਹੈ।
       ਇਨਾਂ ਗੱਲਾਂ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਅੱਗਾਂਹ ਵਧੀਏ। ਇਹਨਾਂ ਨੂੰ ਅਛੂਤ ਨਾ ਕਹੀਏ ਤੇ ਨਾ ਹੀ ਸਮਝੀਏ। ਬਸ, ਮੁਆਮਲਾ ਸਾਫ ਹੋ ਜਾਂਦਾ ਹੈ। ਨੌਜਵਾਨ ਭਾਰਤ ਸਭਾ ਅਤੇ ਨੌਜਵਾਨ ਕਾਨਫਰੰਸ ਨੇ ਜੋ ਤਰੀਕਾ ਅਖਤਿਆਰ ਕੀਤਾ ਹੈ, ਉਹ ਡਾਢਾ ਸੁੰਦਰ ਹੈ। ਜਿਨਾਂ ਭਰਾਵਾਂ ਨੂੰ ਅੱਜ ਤੀਕ ਅਛੂਤ-ਅਛੂਤ ਕਿਹਾ ਕਰਦੇ ਸਾਂ, ਉਨਾਂ ਕੋਲੋਂ ਇਸ ਪਾਪ ਵਾਸਤੇ ਖਿਮਾਂ ਮੰਗਣੀ ਅਤੇ ਉਨਾਂ ਨੂੰ ਆਪਣੇ ਵਰਗਾ ਆਦਮੀ ਸਮਝਣਾਂ, ਬਿਨਾਂ ਅਮ੍ਰਿਤ ਛਕਾਇਆਂ, ਕਲਮਾਂ ਪੜਾਇਆਂ ਜਾਂ ਸ਼ੁੱਧ ਕੀਤਿਆਂ ਹੀ ਉਹਨੂੰ ਆਪਣੇ ਵਿਚ ਰਲ੍ਹਾ ਲੈਣਾ, ਉਹਦੇ ਹੱਥ ਦਾ ਪਾਣੀ ਪੀਣਾ ਇਹੋ ਠੀਕ ਤਰੀਕਾ ਹੈ ਤੇ ਆਪੋ ਵਿੱਚ ਖਿੱਚਧੂਹੀ ਕਰਨੀ ਅਤੇ ਅਮਲ ਵਿਚ ਕੋਈ ਵੀ ਹੱਕ ਨਾ ਦੇਣਾ, ਕੋਈ ਠੀਕ ਗੱਲ ਨਹੀਂ ਹੈ।
       ਜਦੋਂ ਪਿੰਡਾਂ ਵਿਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ, ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾ ਕੇ ਭੜਕਾਉਂਦੇ ਸਨ ਕਿ ਦੇਖੌ ਇਹ ਚੂਹੜਿਆਂ ਚੱਪੜੀਆਂ ਨੂੰ ਸਿਰ ‘ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਊ ਹਨ। ਬਸ, ਜੱਟ ਏਨੇ ਵਿੱਚ ਹੀ ਭੂਤ ਪਏ। ਉਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਹਾਲਤ ਓਨਾਂ ਚਿਰ ਨਹੀਂ ਸੁਧਰ ਸਕਦੀ ਜਿਨਾਂ ਚਿਰ ਕਿ ਉਹ ਇਨਾਂ ਗ਼ਰੀਬਾਂ ਨੂੰ ਕਮੀਣ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਕਿ ਉਹ ਸਾਫ ਨਹੀਂ ਰਹਿੰਦੇ? ਇਸਦਾ ਜਵਾਬ ਸਾਫ ਹੈ, ਉਹ ਗਰੀਬ ਹਨ। ਗ਼ਰੀਬੀ ਦਾ ਇਲਾਜ਼ ਕਰੋ। ਉੱਚੀਆਂ-ਉੱਚੀਆਂ ਕੁਲਾਂ ਦੇ ਗ਼ਰੀਬ ਲੋਕੀ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ ਕਰਨ ਨਾਲ ਚੂਹੜੀਆਂ ਤੇ ਅਛੂਤ ਨਹੀਂ ਹੋ ਜਾਂਦੀਆਂ।
       ਪਰ ਇਹ ਕੰਮ ਉਨ੍ਹਾਂ ਚਿਰ ਨਹੀਂ ਹੋ ਸਕਦਾ, ਜਦੋਂ ਤੱਕ ਕਿ ਅਛੂਤ ਕੌਮਾਂ ਆਪਣੇ ਆਪ ਨੂੰ ਸੰਗਠਿਤ ਨਾ ਕਰ ਲੈਣ।ਅਸੀਂ ਤਾਂ ਸਮਝਦੇ ਹਾਂ ਕਿ ਉਨਾਂ ਦਾ ਆਪਣੇ ਆਪ ਨੂੰ ਵੱਖਰਾ ਜੱਥਬੰਦ ਕਰਨਾਂ ਤੇ ਮੁਸਲਮਾਨਾਂ ਦੇ ਬਰਾਬਰ ਗਿਣਤੀ ਵਿਚ ਹੋਣ ਕਰਕੇ ਉਹਨਾਂ ਦੇ ਬਰਾਬਰ ਦੇ ਹੱਕ-ਹਕੂਕ ਮੰਗਣਾ ਬੜੀ ਆਸ਼ਾਜਨਕ ਤਹਿਰੀਕ ਹੈ। ਜਾਂ ਤੇ ਫਿਰਕਾਵਾਰਾਨਾ ਨਿਆਂਬੁਤ ਦਾ ਟੰਟਾ ਹੀ ਮੁਕਾਓ ਨਹੀਂ ਤੇ ਉਨਾਂ ਦੇ ਵੱਖਰੇ ਹਕੂਕ ਉਨਾਂ ਨੂੰ ਦੇਵੋ। ਕੌਸਲਾਂ ਅਤੇ ਅਸੈਂਬਲੀਆਂ ਦਾ ਫ਼ਰਜ਼ ਹੈ ਕਿ ਸਕੂਲ, ਕਾਲਜ, ਖੂਹ ਅਤੇ ਸੜਕਾਂ ਦੇ ਇਸਤੇਮਾਲ ਦੀ ਪੂਰੀ ਅਜਾਦੀ ਇਹਨਾਂ ਨੂੰ ਦੁਵਾਉਣ। ਜ਼ਬਾਨੀ ਹੀ ਨਹੀਂ, ਬਲਕਿ ਨਾਲ ਲਿਜਾ ਕੇ ਉਨਾਂ ਨੂੰ ਖੂਹਾਂ ਉੱਤੇ ਚੜਾਉਣ, ਨਾਲ ਲੈ ਜਾਕੇ ਉਨਾਂ ਦੇ ਬੱਚਿਆਂ ਨੂੰ ਮਦਰੱਸਿਆਂ ਵਿਚ ਭਰਤੀ ਕਰਵਾਉਣ। ਪਰ, ਜਿਸ ਲੈਜੀਸਲੇਟਿਵ ਵਿੱਚ ਛੋਟੀ ਉਮਰ ਵਿਚ ਵਿਆਹ ਦੇ ਵਿਰੁੱਧ ਪੇਸ਼ ਕੀਤੇ ਗਏ ਬਿੱਲ ‘ਤੇ ਮੱਜ਼ਹਬ ਦੇ ਬਹਾਨੇ ਲੈ ਕੇ ਹਾਏ-ਤੌਬਾ ਮਚਾ ਦਿੱਤੀ ਜਾਂਦੀ ਹੈ, ਉਥੇ ਅਛੂਤਾਂ ਨੂੰ ਨਾਲ ਰਲਾਉਣ ਦੀ ਹਿੰਮਤ ਉਹ ਕਿਸ ਤਰਾਂ ਕਰ ਸਕਦੇ ਹਨ।
       ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਉਨਾਂ ਦੇ ਆਪਣੇ ਨੁਮਾਇੰਦੇ ਕਿਉਂ ਨਾ ਹੋਣ? ਉਹ ਆਪਣੀ ਵੱਖਰੀ ਤਾਦਾਦ ਕਿਉਂ ਨਾ ਮੰਗਣ? ਅਸੀਂ ਤਾਂ ਸਾਫ ਕਹਿੰਦੇ ਹਾਂ ਕਿ ਉਠੋ! ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉੱਠੋ! ਆਪਣਾ ਇਤਿਹਾਸ ਦੇਖੋ! ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਸਭ ਕੁਝ ਕਰ ਸਕਿਆ, ਜਿਸ ਨਾਲ ਕਿ ਅੱਜ ਉਸਦਾ ਨਾਂ ਅੱਜ ਤੱਕ ਜਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ। ਤੁਸੀਂ ਜੋ ਨਿੱਤ ਸੇਵਾ ਕਰਕੇ, ਕੌਮ ਦੇ ਸੁੱਖ ਵਿਚ ਵਾਧਾ ਕਰਕੇ ਅਤੇ ਜ਼ਿੰਦਗੀ ਮੁਮਕਿਨ ਬਣਾ ਕੇ ਇੱਕ ਬੜਾ ਭਾਰੀ ਅਹਿਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕ ਨਹੀਂ ਸਮਝਦੇ। (Land Alienation Act) ਇੰਤਕਾਲੇ- ਇਰਾਜ਼ੀ ਐਕਟ ਦੇ ਮੁਤਾਬਿਕ ਤੁਸੀਂ ਪੈਸੇ ਇੱਕਠ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ ‘ਤੇ ਏਨਾਂ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮੇਯੋ, (less than men) ਮਨੁੱਖਾਂ ਨਾਲੋਂ ਬਹੁਤ ਹੇਠਾਂ ਕਹਿੰਦੀ ਹੈ। ਉੱਠੋ! ਆਪਣੀ ਤਾਕਤ ਪਛਾਣੋ। ਜਥੇਬੰਦ ਹੋ ਜਾਓ। ਅਸਲ ਵਿਚ ਤੇ ਤੁਹਾਡੇ ਆਪਣੇ ਯਤਨ ਕੀਤਿਆਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ। (Those who would be free must themselves strike the blow) ਆਜ਼ਾਦੀ ਦੀ ਖਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਜਤਨ ਕਰਨਾ ਚਾਹੀਦਾ ਹੈ।
       ਮਨੁੱਖ ਦੀ ਹੌਲੀ-ਹੌਲੀ ਕੁੱਝ ਇਹੋ ਜਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ, ਪਰ ਜਿਨਾਂ ‘ਤੇ ਉਹਦਾ ਆਪਣਾ ਦਬਦਬਾ ਹੋਵੇ, ਉਨਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ‘ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ’। ਜਥੇਬੰਦ ਹੋ ਕੇ ਹੋ ਕੇ ਆਪਣੇ ਪੈਰਾਂ ‘ਤੇ ਖਲ੍ਹੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਓ। ਦੇਖੋ ਤਾਂ ਫਿਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਅਰਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ। ਪਰ ਖਿਅਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ। ਬਲਕਿ ਤੁਹਾਨੂੰ ਆਪਣਾ ਟੂਲ (ਸੰਦ) ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰ ਨੌਕਰਸ਼ਾਹੀ ਤੁਹਾਡੀ ਗੁਲਾਮੀ ਅਤੇ ਗ਼ਰੀਬੀ ਦਾ ਮੁੱਖ ਕਾਰਨ ਹੈ। ਇਸ ਕਰੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬਸ! ਫਿਰ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਉ ਜਥੇਬੰਦ ਹੋ ਜਾਓ। ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉਠੋ! ਅਤੇ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਓ। ਹੋਲੀ-ਹੋਲੀ ਸੁਧਾਰ ਅਤੇ ਰੀਫਾਰਮਾਂ ਨਾਲ ਕੁਝ ਨਹੀਂ ਬਣ ਸਕਦਾ। ਸਮਾਜਕ (Social) ਐਜੀਟੇਸ਼ਨ/ਇਨਕਲਾਬ ਪੈਦਾ ਕਰ ਦਿਓ ਅਤੇ ਪਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰਕੱਸੇ ਕਰ ਲਵੋ। ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ। ਉਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ, ਵਿਪੱਲਵ ਜਾਂ ਵਿਦਰੋਹ ਖੜ੍ਹਾ ਕਰ ਦਿਓ!                                           
– ਵਿਦਰੋਹੀ
(ਭਗਤ ਸਿੰਘ ਵਲੋਂ ਜੂਨ 1928 ਦੇ ‘ਕਿਰਤੀ’ ਰਸਾਲੇ ਵਿਚ ਵਿਦਰੋਹੀ ਦੇ ਕਲਮੀ ਨਾਮ ਹੇਠ ਲਿਖਿਆ ਗਿਆ ਲੇਖ)

No comments:

Post a Comment