ਫਿਲੌਰ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਂਡਰੇਸ਼ਨ (ਪੀ.ਐਸ.ਐਫ) ਵੱਲੋਂ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ 'ਤੇ ਪੂਰੇ ਦੇਸ਼ ਅੰਦਰ ਹੋ ਰਹੇ ਫਿਰਕੂ ਹਮਲਿਆਂ ਦੇ ਖਿਲਾਫ ਸੂਬਾ ਪੱਧਰੀ ਪੁਤਲਾ ਫੂਕ ਮੁਜਾਹਰਿਆਂ ਦੀ ਲੜੀ ਤਹਿਤ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਸੋਨੂੰ ਢੇਸੀ, ਸੁਖਬੀਰ ਸੁਖ, ਸੰਦੀਪ ਸਿੰਘ ਫਿਲੌਰ ਆਦਿ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਾਰਗਿਲ ਦੀ ਜੰਗ 'ਚ ਸ਼ਹੀਦ ਫੌਜੀ ਦੀ ਧੀ ਗੁਰਮੇਹਰ ਕੌਰ ਨੂੰ ਫਿਰਕੂ ਤਾਕਤਾਂ ਵਲੋਂ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਸਮੇਂ ਤੋਂ ਹੀ ਵਿਦਿਅਕ ਸੰਸਥਾਵਾਂ 'ਤੇ ਫਿਰਕੂ ਹਮਲਿਆਂ 'ਚ ਬਹੁਤ ਤੇਜੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣਾ ਫਿਰਕੂ ਏਜੰਡਾ ਪੂਰੇ ਦੇਸ਼ ਅੰਦਰ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸ ਕਰਕੇ ਸਿੱਖਿਆ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਰਾਮਜਸ ਕਾਲਜ ਦੇ ਇੱਕ ਪ੍ਰੋਗਰਾਮ 'ਚ ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ਾਹਿਲਾ ਰਾਸ਼ਿਦ ਅਤੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ 'ਚ ਬੀਤੇ ਦਿਨ੍ਹੀ ਏ.ਬੀ.ਵੀ.ਪੀ ਦੇ ਕਾਰਕੁੰਨਾਂ ਨੇ ਕਾਫ਼ੀ ਹੰਗਾਮਾ ਕੀਤਾ ਸੀ, ਜਿਸਦੇ ਚਲਦੇ ਉਹ ਦੋਵੇਂ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕੇ।। ਏ.ਬੀ.ਵੀ.ਪੀ ਦੇ ਇਸ ਹੰਗਾਮੇ ਦੇ ਵਿਰੋਧ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਵਿਰੋਧ ਮਾਰਚ ਕੱਢਿਆ, ਜਿਸ 'ਤੇ ਏਬੀਵੀਪੀ ਦੇ ਕਾਰਕੁੰਨਾਂ ਨੇ ਹਿੰਸਕ ਹਮਲਾ ਕੀਤਾ। ਇਸ ਹਮਲੇ 'ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਵਿਦਿਆਰਥੀ ਇਸ ਖਿਲਾਫ ਆਵਾਜ ਉਠਾਉਦੇ ਹਨ, ਉਨ੍ਹਾਂ ਨੂੰ ਦੇਸ਼ ਧ੍ਰੋਹੀ, ਅੱਤਵਾਦੀ ਆਦਿ ਕਿਹਾ ਜਾਦਾ ਹੈ ਜਦਕਿ ਪਿਛਲੇ ਦਿਨ੍ਹੀ ਇਸੇ ਭਾਜਪਾ ਦਾ ਇਕ ਨੌਜਵਾਨ ਆਈ.ਐਸ.ਆਈ. ਦੀ ਮੁਖਬਰੀ ਕਰਦਾ ਫੜਿਆ ਗਿਆ ਹੈ।
ਇਸ ਮੌਕੇ ਮਨਜਿੰਦਰ ਢੇਸੀ ਨੇ ਕਿਹਾ ਕਿ ਰੋਹਿਤ ਵੈਮੁਲਾ ਦੇ ਕਾਤਲ ਪੂਰੇ ਦੇਸ਼ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ ਜਦਕਿ ਲੋਕਾਂ ਦੀ ਬੋਲਣ ਦੀ ਅਜਾਦੀ ਨੂੰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ. ਦਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹਮਲਾ ਅਤੇ ਦਿੱਲੀ ਦੇ ਰਾਮਜਸ ਕਾਲਜ 'ਤੇ ਹਮਲਾ ਪੂਰੇ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਅੰਦਰ ਦਰਜ ਮੌਲਿਕ ਅਧਿਕਾਰਾਂ 'ਤੇ ਹਮਲੇ ਦੇ ਬਰਾਬਰ ਹੈ। ਜਿਸ ਦੇ ਖਿਲਾਫ ਵਿਦਿਆਰਥੀਆਂ ਦਾ ਜਥੇਬੰਦ ਹੋ ਕੇ ਮੁਕਾਬਲਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ੍ਹੀ ਭਾਜਪਾ ਦੇ ਗੁੰਡਿਆਂ ਵਲੋਂ ਪ੍ਰੈਸ ਦੀ ਮੌਜੂਦਗੀ 'ਚ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ 'ਤੇ ਵੀ ਹਮਲਾ ਕੀਤਾ ਗਿਆ ਅਤੇ ਵਿਦਿਆਰਥੀ ਆਗੂਆਂ ਦੀਆਂ ਪੱਗਾਂ ਤੱਕ ਉਤਾਰ ਦਿਤੀਆਂ ਗਈਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਆਰ.ਐਸ.ਐਸ. ਦਾ ਫਿਰਕੂ ਏਜੰਡਾ ਕਦੇ ਵੀ ਲਾਗੂ ਨਹੀ ਹੋਣ ਦੇਣਗੇ ਅਤੇ ਪੰਜਾਬ ਅੰਦਰ ਇਸਦਾ ਡਟਵਾ ਵਿਰੋਧ ਕਰਨਗੇ। ਇਸ ਮੌਕੇ ਪ੍ਰਭਾਤ ਕਵੀ, ਮਨੋਜ ਕੁਮਾਰ, ਹਰਜੀਤ ਸਿੰਘ, ਅਰਸ਼ਪ੍ਰੀਤ ਆਸ਼ੂ, ਗੁਰਦੀਪ ਗੋਗੀ, ਸਾਬੀ, ਪ੍ਰਦੀਪ ਫਿਲੌਰ, ਜਸਪ੍ਰੀਤ ਜੌਹਲ, ਸੂਰਜ ਕਵੀ, ਸਿਮਰਨ ਜੌਹਲ, ਪਾਰਸ, ਬਲਦੇਵ ਫਿਲੌਰ ਆਦਿ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਹਾਜਰ ਸਨ।
No comments:
Post a Comment