Thursday, 26 October 2017

ਸਕੂਲ ਬੰਦ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ




ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਪਿੰਡ ਢੇਸੀਆ ਕਾਹਨਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਨਰਜਿੰਦਰ ਸਿੰਘ ਨੇ ਕੀਤੀ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਐਲਾਨ ਨੇ ਸਰਕਾਰ ਦੇ ਚੋਣ ਵਾਅਦਿਆਂ ਦੀ ਵੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਇਕ ਮਹੀਨੇ ਅੰਦਰ ਨਸ਼ਾ ਖਤਮ ਕਰਨ, ਹਰ ਘਰ ਰੁਜਗਾਰ ਦੇਣ ਜਾਂ ਬੇਰੁਜਗਾਰੀ ਭੱਤਾ ਦੇਣ ਅਤੇ ਲੜਕੀਆਂ ਨੂੰ ਪੀ.ਐਚ.ਡੀ. ਤੱਕ ਦੀ ਮੁਫਤ ਸਿਖਿਆ ਦੇਣ ਦੇ ਵਾਅਦਿਆਂ ਨੂੰ ਛੱਡ ਕੇ ਸਰਕਾਰੀ ਸਕੂਲ ਬੰਦ ਕਰਨ ਦੇ ਐਲਾਨ ਨੇ ਗਰੀਬ ਵਰਗ ਦੇ ਬੱਚਿਆ ਦਾ ਭਵਿੱਖ 'ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਢੇਸੀ ਨੇ ਅੱਗੇ ਕਿਹਾ ਕਿ ਤਹਿਸੀਲ ਫਿਲੌਰ ਦੇ 20 ਸਕੂਲ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਆਂਗਨਵਾੜੀ ਸਕੂਲਾਂ 'ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੀਨੀਅਰ ਸੈਕੰਡਰੀ ਸਕੂਲਾਂ 'ਚ ਵੀ ਅਧਿਆਪਕ ਨਾ ਭੇਜ ਕੇ ਇਨ੍ਹਾਂ ਸਕੂਲਾਂ ਨੂੰ ਵੀ ਤਾਲੇ ਲਗਾਉਣ 'ਤੇ ਤੁਲੀ ਹੋਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮਨੋਜ ਕੁਮਾਰ, ਮਨਮੀਤ ਸਿੰਘ, ਗੁਰਿੰਦਰ ਸਿੰਘ, ਪੀਤੂ, ਗੁਰਵਿੰਦਰ ਸਿੰਘ, ਸ਼ਰਨਜੀਤ ਸਿੰਘ, ਗੋਪੀ ਆਦਿ ਵੀ ਹਾਜ਼ਰ ਸਨ।

No comments:

Post a Comment