ਜਲੰਧਰ - ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਰੁਜ਼ਗਾਰ, ਵਿੱਦਿਆ, ਸਿਹਤ ਸਹੂਲਤਾਂ ਅਤੇ ਬੇਰੁਜ਼ਗਾਰੀ ਭੱਤਾ ਦੀ ਪ੍ਰਾਪਤੀ ਨੂੰ ਲੈ ਕੇ ਆਉਣ ਵਾਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਵੱਲ ਮਾਰਚ ਕਰਕੇ ਘਿਰਾਓ ਕੀਤਾ ਜਾਵੇਗਾ ਇਹ ਫੈਸਲਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਸੂਬਾ ਦਫਤਰ ਜਲੰਧਰ ਵਿਖੇ ਮੀਟਿੰਗ ਵਿਚ ਹੋਇਆ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਸਰਕਰ ਬਣਨ ਤੋਂ ਪਹਿਲਾਂ ਚੋਣਾਂ ਦੌਰਾਨ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤਾ, ਨਸ਼ਾ ਮੁਕਤ ਪੰਜਾਬ, ਸਮਾਰਟ ਫੋਨ, ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ, ਬਸ ਪਾਸ ਸਹੂਲਤ, ਮੁਫ਼ਤ ਵਿੱਦਿਆ ਤੇ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸਨ ਅਤੇ ਗੁਟਕਾ ਸਾਹਿਬ ਦੇ ਉਪਰ ਹੱਥ ਰੱਖ ਕੇ ਵਾਅਦੇ ਪੂਰੇ ਕਰਨ ਦੀਆਂ ਕਸਮਾਂ ਵੀ ਖਾਂਦੀਆਂ ਸਨ ਪਰ ਰਾਜ ਸੱਤਾ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਇਨ੍ਹਾਂ ਵਾਅਦਿਆਂ ਨੂੰ ਲਾਗੂ ਨਹੀਂ ਕਰ ਰਹੀ ਉਲਟਾ ਭੁੱਲ ਚੁੱਕੀ ਹੈ, ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਜੁਮਲੇਬਾਜ਼ ਸਾਬਿਤ ਹੋਈ ਹੈ। ਪੰਜਾਬ ਅੰਦਰ ਹਰ ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਕਰਕੇ ਰੁਜ਼ਗਾਰ ਮੇਲਿਆਂ ਵਿਚ ਪ੍ਰਾਈਵੇਟ ਕੰਪਨੀਆਂ ਸੱਦ ਕੇ ਬੇਰੁਜ਼ਗਾਰ ਨੌਜਵਾਨਾਂ ਨਾਲ ਰੁਜ਼ਗਾਰ ਦੇਣ ਦਾ ਧੋਖਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਰੁਜ਼ਗਾਰ ਪੈਦਾ ਕਰਨ ਵਾਲੇ ਵਸੀਲੇ ਖਤਮ ਕੀਤੇ ਜਾ ਰਹੇ ਹਨ। ਪਹਿਲਾਂ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਫੇਰ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ। ਨਸ਼ਾ ਮੁਕਤ ਪੰਜਾਬ ਦੀ ਗੱਲਾਂ ਕਰਨ ਵਾਲੀ ਕੈਪਟਨ ਸਰਕਾਰ ਦੇ ਇਕ ਸਾਲ ਦੇ ਰਾਜ ਦੌਰਾਨ ਪੂਰੇ ਪੰਜਾਬ ਅੰਦਰ ਨਸ਼ਾ ਪਹਿਲਾਂ ਨਾਲੋਂ ਵੱਡੀ ਪੱਧਰ ਤੇ ਵਿਕ ਰਿਹਾ ਹੈ ਅਤੇ ਪੰਜਾਬ ਅੰਦਰ ਅੱਜ ਵੀ ਹਰ ਤਰ੍ਹਾਂ ਦੇ ਮਾਫੀਏ ਦਾ ਗੁੰਡਾ ਰਾਜ ਹੈ। ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਵਲੋਂ ਰੁਜ਼ਗਾਰ ਦਫਤਰਾਂ ਅੱਗੇ ਸਫਲ ਧਰਨੇ ਦਿੱਤੇ ਗਏ ਅਤੇ ਪੰਜਾਬ ਸਰਕਾਰਨੂੰ ਮੰਗ ਪੱਤਰ ਵੀ ਭੇਜੇ ਗਏ। ਜਥੇਬੰਦੀ ਨੇ ਫੈਸਲਾ ਕੀਤੇ ਹੈ ਕਿ ਕੈਪਟਨ ਸਰਕਾਰ ਵਲੋਂ ਕੀਤੇ ਗਏ ਇਨ੍ਹਾਂ ਚੋਣ ਵਾਅਦਿਆਂ ਨੂੰ ਯਾਦ ਕਰਾਉਣ ਅਤੇ ਲਾਗੂ ਕਰਵਾਉਣ ਲਈ ਮਾਰਚ ਮਹੀਨੇ ਲੱਗਣ ਵਾਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਵੱਲ ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਾਰਚ ਕਰਕੇ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਦੀ ਤਿਆਰੀ ਲਈ ਜਿਲ੍ਹਿਆਂ ਤੇ ਤਹਿਸੀਲਾਂ ਦੀਆਂ ਜਨਰਲ ਬਾਡੀ ਮੀਟਿੰਗਾਂ ਲਗਾ ਕੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਸੂਬਾਈ ਪ੍ਰੈਸ ਸਕੱਤਰ ਅਜੈ ਫਿਲੌਰ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਸਿੰਘ ਮੱਲੂ ਨੰਗਲ, ਸੁਲੱਖਣ ਸਿੰਘ ਤੁੜ, ਮਨਜਿੰਦਰ ਸਿੰਘ ਢੇਸੀ, ਮਨਦੀਪ ਕੌਰ ਸ਼ਕਰੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਦੁਧਰਾਏ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਗੁਰਦੀਪ ਬੇਗਮਪੁਰ, ਦਲਵਿੰਦਰ ਕੁਲਾਰ, ਸੁਖਦੇਵ ਜਵੰਦਾ, ਬੰਸੀ ਲਾਲ, ਕਰਮਬੀਰ ਪੱਖੋਕੇ, ਸੰਦੀਪ ਮਾਨਸਾ ਆਦਿ ਸਾਥੀ ਮੀਟਿੰਗ ਵਿਚ ਹਾਜ਼ਰ ਸਨ।
No comments:
Post a Comment