ਗੁਰਾਇਆ, 7 ਜਨਵਰੀ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਤਹਿਸੀਲ ਫਿਲੌਰ ਨੇ ਅੱਜ ਇੱਕ ਮੀਟਿੰਗ 'ਚ ਫੈਸਲਾ ਕੀਤਾ ਕਿ ਹਾਕਮ ਧਿਰ ਦੇ ਵਾਅਦੇ ਮੁਤਾਬਿਕ ਰੁਜ਼ਗਾਰ ਨਾ ਮਿਲਣ ਕਾਰਨ ਤਹਿਸੀਲ ਪੱਧਰ 'ਤੇ ਰੁਜ਼ਾਗਰ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਸੰਗ ਢੇਸੀਆਂ 'ਚ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਕੀਤੀ। 15 ਜਨਵਰੀ ਨੂੰ ਫਿਲੌਰ ਦੇ ਰੁਜ਼ਗਾਰ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਕੀਤੀ ਇਸ ਮੀਟਿੰਗ ਨੂੰ ਸਭਾ ਦੇ ਸਾਬਕਾ ਆਗੂ ਸਰਬਜੀਤ ਗਿੱਲ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਉਨ੍ਹਾਂ ਆਦਿ ਮਨੁੱਖ ਤੋਂ ਲੈ ਕੇ ਪੂੰਜੀਵਾਦੀ ਸਿਸਟਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੂੰਜੀਵਾਦ ਦਾ ਸੰਕਟ ਹੋਰ ਡੂੰਘਾ ਹੋਵੇਗਾ, ਜਿਸ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਆਪਣੇ ਸੰਕਟ ਹੋਰ ਦੇਸ਼ਾਂ 'ਤੇ ਲੱਦ ਰਹੇ ਹਨ, ਜਿਸ ਕਾਰਨ ਭਾਰਤ 'ਚ ਕੁੱਝ ਰਾਹਤ ਵਜੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਵੀ ਬੰਦ ਕੀਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨਕਲਾਬ ਸਾਮਰਾਜ ਦੇ ਕਫ਼ਨ 'ਚੋਂ ਹੀ ਪੈਦਾ ਹੋ ਸਕੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਕਾਫੀ ਵਾਅਦੇ ਕੀਤੇ ਸਨ ਪਰ ਹੁਣ ਤੱਕ ਇੱਕ ਵੀ ਵਾਅਦਾ ਨਹੀਂ ਨਿਭਾਇਆ ਗਿਆ। ਉਨ੍ਹਾਂ 15 ਜਨਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਭਾ ਦੇ ਸਾਬਕਾ ਆਗੂ ਮਨਜੀਤ ਸੂਰਜਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ 'ਚ ਸਰਕਾਰਾਂ ਅਤੇ ਅਦਾਰਿਆਂ ਦੀਆਂ ਨਲਾਇਕੀਆਂ ਨੂੰ ਵੀ ਨੰਗਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਹੱਕ ਲੈਣ ਲਈ ਅੱਗੇ ਆਉਣ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਧਰਨੇ ਨੂੰ ਕਾਮਯਾਬ ਕਰਨ ਲਈ ਨੌਜਵਾਨਾਂ ਨੂੰ ਜਿੰਮੇਵਾਰੀਆਂ ਦੀ ਵੰਡ ਵੀ ਕੀਤੀ। ਇਸ ਮੀਟਿੰਗ 'ਚ ਹੋਰਨਾ ਤੋਂ ਇਲਾਵਾ ਰਿੱਕੀ ਮੀਓਵਾਲ, ਅਰਸ਼ਪ੍ਰੀਤ ਆਸ਼ੂ, ਜੱਸਾ ਰੁੜਕਾ, ਰਣਜੋਤ, ਲਵਪ੍ਰੀਤ, ਜੀਤੇ ਢੇਸੀ, ਚੰਦਨਾ, ਰਾਧਿਕਾ ਰੀਤੂ, ਨੀਸ਼ਾ, ਇੰਦਰਜੀਤ ਕੌਰ, ਪ੍ਰਭਜੋਤ ਕੌਰ, ਰੇਨੂਕਾ ਮਨੀਸ਼ਾ ਰਾਣੀ ਆਦਿ ਹਾਜ਼ਰ ਸਨ।
No comments:
Post a Comment