ਜਲੰਧਰ - ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 122ਵੇਂ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਇਥੇ ਸੂਬਾਈ ਕਨਵੈਨਸ਼ਨ ਕੀਤੀ ਗਈ। ਇਸ ਦੀ ਪ੍ਰਧਾਨਗੀ ਮਨਦੀਪ ਰਤੀਆ, ਨਵਦੀਪ ਕੋਟਕਪੂਰਾ, ਸੁਲੱਖਣ ਤੁੜ, ਰਵੀ ਕੁਮਾਰ ਪਠਾਨਕੋਟ, ਕੁਲਵੰਤ ਮੱਲੂਨੰਗਲ ਨੇ ਕੀਤੀ। ਜ਼ਿਕਰਯੋਗ ਹੈ ਕਿ ਇਹ ਕਨਵੈਨਸ਼ਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਨੂੰ ਸਮ੍ਰਪਿਤ ਸੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਗ਼ਦਰ ਪਾਰਟੀ ਦਾ ਅਹਿਮ ਯੋਗਦਾਨ ਹੈ ਅਤੇ ਕਰਤਾਰ ਸਿੰਘ ਸਰਾਭਾ ਇਸ ਲਹਿਰ ਦਾ ਅਹਿਮ ਸਿਪਾਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾ ਕਿਹਾ ਕਿ ਸਰਾਭੇ ਦਾ ਵਿਚਾਰਾਂ ਵਾਲੀ ਆਜ਼ਾਦੀ ਨਹੀਂ ਆਈ ਸਗੋਂ ਵਿੱਦਿਆ ਖੋਹਣ ਅਤੇ ਬੇਰੁਜ਼ਾਗਾਰੀ ਪੈਦਾ ਕਰਨ ਵਾਲੀ 'ਆਜ਼ਾਦੀ' ਮਿਲੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੋਸਟ ਮੈਟ੍ਰਿਕ ਸਕੀਮ ਖੋਹਣ ਅਤੇ ਰੁਜ਼ਗਾਰ ਨਾ ਦੇਣ ਦੇ ਮੁੱਦੇ 'ਤੇ 28-29 ਮਈ ਨੂੰ ਹਾਕਮਾਂ ਦੇ ਪੁਤਲੇ ਸਾੜ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ ਜਾਵੇਗਾ ਅਤੇ 4-5 ਜੂਨ ਨੂੰ ਐਸਡੀਐਮਜ਼ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਕਰਤਾਰ ਸਿੰਘ ਸਰਾਭਾ ਦੇ ਸੁਪਨੇ ਅਜੇ ਅਧੂਰੇ ਹਨ ਕਿਉਂਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਬੇਰੁਜ਼ਗਾਰੀ, ਅਨਪੜ੍ਹਤਾ, ਗਰੀਬੀ, ਮਹਿੰਗਾਈ 'ਚ ਅਥਾਹ ਵਾਧਾ ਹੋਇਆ ਹੈ। ਦੇਸ਼ ਦੀ ਜਵਾਨੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਹਾਕਮਾਂ ਦੁਆਰਾ ਨੌਜਵਾਨਾਂ ਨੂੰ ਨਸ਼ੇ ਅਤੇ ਗੰਦਾ ਸਭਿਆਚਾਰ ਪਰੋਸਿਆਂ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ ਤੇ ਪਛੜੇ ਵਰਗ ਦੇ ਲੋਕਾਂ ਅਤੇ ਔਰਤਾਂ ਖਾਸ ਕਰ ਬਾਲੜੀਆਂ ਉੱਪਰ ਤਸ਼ਦੱਦ ਲਗਾਤਾਰ ਵੱਧ ਰਿਹਾ ਹੈ।
ਇੱਕ ਮਤੇ 'ਚ ਕਿਹਾ ਗਿਆ ਕਿ ਨਿੱਜੀ ਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਮੁਨਾਫੇ ਕਮਾਉਣ ਦੀ ਸ਼ਹਿ ਦੇਣ ਕਾਰਨ ਕਾਰਪੋਰਟ ਸੈਕਟਰ ਕੁਦਰਤੀ ਸਾਧਨਾਂ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਦਾ ਤਾਜ਼ਾ ਮਿਸਾਲ ਬਿਆਸ ਦਰਿਆ ਤੇ ਤਾਮਿਲਨਾਡੂ ਦੀ ਹੈ। ਇਸ ਮਤੇ 'ਚ ਮੰਗ ਕੀਤੀ ਕਿ ਅਜਿਹੀਆਂ ਕੰਪਨੀਆਂ ਨੂੰ ਕੀਤੇ ਕਾਰੇ ਲਈ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕੋਈ ਹੋਰ ਅਜਿਹਾ ਕਾਰਾ ਕਰਨ ਦੀ ਜੁਅਰਤ ਨਾ ਕਰ ਸਕੇ। ਕਨਵੈਨਸ਼ਨ ਵੱਲੋਂ ਡੀਜਲ ਅਤੇ ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਰਾਹੀਂ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਦੀ ਨਿਖੇਧੀ ਵੀ ਕੀਤੀ ਗਈ।
ਕਨਵੈਨਸ਼ਨ ਨੂੰ ਪੀਐਸਐਫ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਿੱਖਿਆ ਲਈ ਹਰ ਸਾਲ ਰੱਖਿਆ ਬਜਟ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਸਿੱਖਿਆ ਕੇਂਦਰਾਂ ਅੰਦਰ ਭਾਜਪਾ ਵੱਲੋਂ ਫਿਰਕੂ ਤੱਤਾਂ ਦੀ ਘੁਸਪੈਠ ਕਰਵਾਈ ਜਾ ਰਹੀ ਹੈ। ਦੇਸ਼ ਦੇ ਇਤਿਹਾਸ ਨੂੰ ਤਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾ ਪੰਜਾਬ ਦੇ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੇ ਪਾਠ ਕ੍ਰਮਾਂ ਵਿੱਚ ਕੀਤੀਆਂ ਗੈਰਵਿਗਿਆਨਕ ਸੋਧਾਂ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸਿੱਖਿਆ ਨੂੰ ਮੰਡੀ ਦੀ ਜਿਣਸ ਬਣਾ ਦਿੱਤਾ ਗਿਆ ਹੈ ਅਤੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਵੱਲੋਂ ਫੀਸਾਂ ਵਿੱਚ ਆਪਣੀ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ।
ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਸ਼ਿੱਪ ਸਕੀਮ ਨੂੰ ਬੰਦ ਕਰਨ ਦੀ ਸਖਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮ ਗਰੀਬ ਵਿਦਿਅਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਣਾ ਚਾਹੁੰਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿੱਪ ਸਕੀਮ ਵਿੱਚ ਸੋਧਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰੇ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਬਿਨ੍ਹਾਂ ਸੁਰਜੀਤ ਦੁਧਾਰਾਏ, ਗੁਰਦੀਪ ਬੇਗਮਪੁਰਾ, ਬੰਸੀ ਲਾਲ, ਮੱਖਣ ਸੰਗਰਾਮੀ, ਮਨਦੀਪ ਕੌਰ ਸ਼ਕਰੀ, ਕਰਮਜੀਤ ਪੱਖੋਕੇ, ਹਰਨੇਕ ਗੁੱਜ਼ਰਵਾਲ, ਜਤਿੰਦਰ ਫਰੀਦਕੋਟ, ਸੁਰੇਸ਼ ਸਮਾਣਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਕਨਵੈਨਸ਼ਨ 'ਚ ਜਥੇਬੰਦੀ ਦੇ ਸਾਬਕਾ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
No comments:
Post a Comment