Monday, 28 May 2018

ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।






ਫਿਲੌਰ - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੇ ਵਿਰੁੱਧ ਬੇਗਮਪੁਰ ਵਿਖੇ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਹਰਪ੍ਰੀਤ ਹੈਪੀ ਨੇ ਕੀਤੀ।

ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਣਾ ਚਾਹੁੰਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਬੜੀ ਤੇਜ਼ੀ ਨਾਲ ਸਿਖਿਆ ਦਾ ਨਿਜੀਕਰਨ, ਵਪਾਰੀਕਰਨ ਕਰਨ ਦੇ ਨਾਲ-ਨਾਲ ਫਿਰਕੂ ਤਾਕਤਾਂ ਨੂੰ ਸਿਖਿਅਕ ਸੰਸਥਾਵਾਂ 'ਤੇ ਕਾਬਜ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਹੱਕ ਮੰਗਦੇ ਵਿਦਿਆਰਥੀਆਂ 'ਤੇ ਕਹਿਰ ਢਾਹਿਆ ਜਾਂਦਾ ਹੈ।
ਇਸ ਮੌਕੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਪ੍ਰੈਸ ਦੀ ਆਜ਼ਾਦੀ ਨੂੰ ਖਤਰਾ ਦੱਸਦਿਆਂ ਕਿਹਾ ਕਿ ਗਰੀਬਾਂ ਅਤੇ ਮਜਦੂਰਾਂ ਦੀ ਗੱਲ ਕਰਨ ਵਾਲੇ ਐਨ.ਡੀ.ਟੀ.ਵੀ. ਦੇ ਪੱਤਰਕਾਰ ਰਵੀਸ਼ ਕੁਮਾਰ ਨੂੰ ਮੋਦੀ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸ੍ਰੋਤਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰਾ ਪੰਜਾਬ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ।
ਉਨ੍ਹਾਂ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਇਸ ਖਿਲਾਫ਼ ਲਾਮਬੰਦ ਘੋਲ ਕਰੇਗੀ। ਇਸ ਮੌਕੇ ਧਰਮਿੰਦਰ ਵਿਰਦੀ, ਇੰਦਰਜੀਤ, ਪਰਮਜੀਤ, ਉਂਕਾਰ ਵਿਰਦੀ, ਸੰਦੀਪ ਵਿਰਦੀ, ਕਰਮਵੀਰ, ਮਾਈਕਲ, ਗੁਰਚਰਨ, ਗੁਲਸ਼ਨ ਆਦਿ ਹਾਜ਼ਰ ਸਨ।

No comments:

Post a Comment